ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਗੁਰਵਿੰਦਰ ਸਿੰਘ ਜੋ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ 2014 ਵਿੱਚ ਨਿਊਜ਼ੀਲੈਂਡ ਆਇਆ ਸੀ, ਨੂੰ ਦੇਸ਼ ਛੱਡਕੇ ਜਾਣਾ ਪੈ ਰਿਹਾ ਹੈ।
ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਵੱਲੋਂ ਉਸਦੀ 'ਮਾਨਵਤਾਵਾਦੀ' ਅਧਾਰ ਉੱਤੇ ਪਾਈ ਗਈ ਅਪੀਲ ਨੂੰ ਅਸਵੀਕਾਰ ਕਾਰਨ ਪਿੱਛੋਂ ਉਸਨੇ ਆਪਣਾ ਨਿਊਜ਼ੀਲੈਂਡ ਵਿੱਚ ਰਹਿਣ ਦਾ ਅਧਿਕਾਰ ਗੁਆ ਦਿੱਤਾ ਹੈ।
ਟ੍ਰਿਬਿਊਨਲ ਦੇ 11 ਜੂਨ ਨੂੰ ਆਏ ਫੈਸਲੇ ਵੇਲ਼ੇ ਗੁਰਵਿੰਦਰ “ਐਸੇਨਸ਼ਲ ਵਰਕ ਵੀਜ਼ਾ” ਉੱਤੇ ਸੀ ਅਤੇ ਉਸਨੂੰ ਭਾਰਤ ਪਰਤਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਟ੍ਰਿਬਿਊਨਲ ਨੇ ਸੁਣਵਾਈ ਦੌਰਾਨ ਜਾਣਿਆ ਕਿ ਗੁਰਵਿੰਦਰ ਨੇ ਇੱਕ ਪੁਲਿਸ ਅਧਿਕਾਰੀ ਨੂੰ ਉਸ ਵੇਲ਼ੇ 200 ਡਾਲਰ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਮਈ 2019 ਵਿੱਚ ਸ਼ਰਾਬ ਦੀ ਨਿਰਧਾਰਤ ਮਾਤਰਾ ਤੋਂ ਦੁੱਗਣੀ ਮਾਤਰਾ (100 ਮਿਲੀਗ੍ਰਾਮ ਅਲਕੋਹਲ ਪ੍ਰਤੀ 100 ਮਿਲੀਲੀਟਰ ਖੂਨ ਜਦਕਿ ਕਾਨੂੰਨੀ ਸੀਮਾ 50 ਮਿਲੀਗ੍ਰਾਮ ਹੈ) ਵਿੱਚ ਗੱਡੀ ਚਲਾਉਂਦੇ ਹੋਏ ਫੜਿਆ ਗਿਆ।
ਰਿਸ਼ਵਤ ਦੀ ਪੇਸ਼ਕਸ਼ ਕਰਦਿਆਂ ਉਸਨੇ ਪੁਲਿਸ ਅਧਿਕਾਰੀ ਤੋਂ ਅੱਗੇ ਕੋਈ ਕਾਰਵਾਈ ਨਾ ਕਰਨ ਦੀ ਗੱਲ ਕਹੀ ਜਿਸਨੂੰ ਨਕਾਰ ਦਿੱਤਾ ਗਿਆ ਸੀ।
Image used for representation purpose only. Source: AAP
ਇਸ ਪਿੱਛੋਂ ਚੱਲੇ ਅਦਾਲਤੀ ਕੇਸ ਵਿੱਚ 3 ਫਰਵਰੀ 2021 ਨੂੰ ਉਸਨੂੰ ਨਿਆਂ-ਕਾਨੂੰਨ ਭੰਗ ਕਰਨ (ਵੱਧ ਤੋਂ ਵੱਧ ਸਜ਼ਾ: ਸੱਤ ਸਾਲ ਦੀ ਕੈਦ) ਅਤੇ ਜ਼ਿਆਦਾ ਸ਼ਰਾਬ ਪੀਕੇ ਗੱਡੀ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਗੁਰਵਿੰਦਰ ਨੂੰ ਇਸ ਫੈਸਲੇ ਤਹਿਤ ਛੇ ਮਹੀਨਿਆਂ ਦੀ ਘਰੇਲੂ ਨਜ਼ਰਬੰਦੀ ਅਤੇ $170 ਮੁਆਵਜ਼ੇ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸਨੂੰ ਛੇ ਮਹੀਨਿਆਂ ਲਈ ਗੱਡੀ ਚਲਾਉਣ ਦੇ ਅਯੋਗ ਕਰਾਰ ਦਿੱਤਾ ਗਿਆ ਸੀ।
ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ "ਦੇਸ਼-ਨਿਕਾਲੇ" ਦਾ ਨੋਟਿਸ ਦਿੱਤਾ ਗਿਆ ਕਿਉਂਕਿ ਅਦਾਰਾ "ਇਸ ਗੱਲ ਤੋਂ ਸੰਤੁਸ਼ਟ ਨਹੀਂ ਸੀ ਕਿ ਉਹ ਆਪਣੇ ਅਪਰਾਧ ਦੇ ਮੱਦੇਨਜ਼ਰ ਕਿਸੇ ਚੰਗੇ ਚਰਿੱਤਰ ਦਾ ਸੀ"।
24 ਮਾਰਚ 2021 ਨੂੰ ਗੁਰਵਿੰਦਰ ਨੇ ਟ੍ਰਿਬਿਊਨਲ ਕੋਲ ਇਹ ਕਹਿੰਦੇ ਹੋਏ ਪਹੁੰਚ ਕੀਤੀ ਕਿ ਉਹ ਨਿਊਜ਼ੀਲੈਂਡ ਵਿੱਚ "ਪੂਰੀ ਤਰ੍ਹਾਂ ਵਸਿਆ ਹੋਇਆ ਹੈ" ਅਤੇ ਉਸਨੂੰ ਆਪਣੇ ਅਪਰਾਧ ਲਈ ਪਛਤਾਵਾ ਹੈ ਅਤੇ ਉਸਨੂੰ ਕਦੇ ਵੀ ਕਿਸੇ ਹੋਰ ਗੱਲ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ।
ਟ੍ਰਿਬਿਊਨਲ ਨੂੰ ਪਾਈ ਅਪੀਲ ਵਿੱਚ ਉਸਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਰਹਿਣ ਦੌਰਾਨ ਉਸਨੇ ਦੋ ਬਿਜ਼ਨੈੱਸ ਡਿਪਲੋਮੇ ਪੂਰੇ ਕੀਤੇ ਅਤੇ ਉਹ ਇੱਕ ਡੇਅਰੀ ਦੀ ਦੁਕਾਨ ਵਿੱਚ ਸਹਾਇਕ ਮੈਨੇਜਰ, ਇੱਕ ਕੈਫੇਟੇਰੀਆ ਮੈਨੇਜਰ ਅਤੇ ਇੱਕ ਕੀਵੀ ਫਲਾਂ ਦੇ ਬਾਗ ਦੀ ਠੇਕੇਦਾਰੀ ਫਰਮ ਲਈ ਮੈਨੇਜਰ ਵਜੋਂ ਕੰਮ ਕਰ ਚੁੱਕਿਆ ਹੈ।

Image used for representation purpose only. Source: Getty Images AsiaPac
ਉਸਨੇ ਆਪਣੇ ਰਹਿ ਚੁੱਕੇ ਰੁਜ਼ਗਾਰਦਾਤਾ, ਕੰਮ ਦੇ ਸਹਿਕਰਮੀਆਂ ਅਤੇ ਦੋਸਤਾਂ ਦੇ ਬਿਆਨ ਵੀ ਸਾਂਝੇ ਕੀਤੇ ਜਿਨ੍ਹਾਂ ਨੇ ਉਸਨੂੰ "ਇੱਕ ਦਿਆਲੂ, ਮਿਹਨਤੀ ਅਤੇ ਭਰੋਸੇਯੋਗ ਵਿਅਕਤੀ" ਦੱਸਿਆ।
ਉਸਨੇ ਸਥਾਨਕ ਗੁਰਦਵਾਰੇ ਦੇ ਪ੍ਰਧਾਨ ਵੱਲੋਂ ਇੱਕ ਪੱਤਰ ਵੀ ਦਿੱਤਾ ਜਿਸ ਵਿੱਚ ਉਸਦੀ ਭਾਈਚਾਰੇ ਦੀ ਸ਼ਮੂਲੀਅਤ ਅਤੇ ਸੇਵਾਵਾਂ ਦਾ ਜ਼ਿਕਰ ਕੀਤਾ ਗਿਆ ਸੀ।
ਆਪਣੀ ਅਪੀਲ ਵਿੱਚ ਗੁਰਵਿੰਦਰ ਨੇ ਕਿਹਾ ਕਿ ਉਹ ਆਪਣੇ ਭਾਰਤ ਰਹਿੰਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ, ਅਤੇ ਜੇ ਉਹ ਭਾਰਤ ਵਾਪਸ ਪਰਤਦਾ ਹੈ ਤਾਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਉਸਨੂੰ ਉੱਥੇ ਨੌਕਰੀ ਪ੍ਰਾਪਤ ਕਰਨਾ ਮੁਸ਼ਕਲ ਹੋਵੇਗਾ।
ਪਰ ਟ੍ਰਿਬਿਊਨਲ ਨੇ ਫੈਸਲੇ ਵਿੱਚ ਜ਼ਿਕਰ ਕੀਤਾ ਕਿ ਉਸ ਦੇ ਜੱਦੀ ਸ਼ਹਿਰ ਅੰਮ੍ਰਿਤਸਰ ਵਿੱਚ ਕੋਵਿਡ ਦੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਸਦੇ ਵਿਅਕਤੀਗਤ ਹਾਲਾਤ ਕਿਸੇ ਆਮ "ਆਦਰਸ਼ ਤੋਂ ਬਾਹਰ" ਨਹੀਂ ਹਨ।

Representational image of a flight leaving the airport. Source: Getty Images/Alan Schein Photography
“ਉਸਨੇ ਹੁਣ ਚੰਗੇ ਸੰਦਰਭ ਵਿੱਚ ਯੋਗਤਾ ਅਤੇ ਕੰਮ ਦਾ ਕੀਮਤੀ ਤਜਰਬਾ ਹਾਸਲ ਕਰ ਲਿਆ ਹੈ, ਜਿਸ ਨਾਲ ਉਸਨੂੰ ਭਾਰਤ ਵਿੱਚ ਰੁਜ਼ਗਾਰ ਲੱਭਣ ਵਿੱਚ ਸਹਾਇਤਾ ਮਿਲੇਗੀ," ਟ੍ਰਿਬਿਊਨਲ ਨੇ 11 ਜੂਨ 2021 ਨੂੰ ਆਪਣੇ ਫੈਸਲੇ ਵਿੱਚ ਕਿਹਾ।
ਟ੍ਰਿਬਿਊਨਲ ਨੇ ਆਪਣੀ ਅੰਤਿਮ ਕਾਰਵਾਈ ਪਾਉਂਦਿਆਂ ਦੱਸਿਆ ਕਿ ਗੁਰਵਿੰਦਰ "ਮਨੁੱਖਤਾਵਾਦੀ ਬੇਮਿਸਾਲ ਸਥਿਤੀਆਂ" ਲਈ ਨਿਰਧਾਰਤ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਜਿਸਦੇ ਚਲਦਿਆਂ ਉਸਦੀ ਅਪੀਲ ਰੱਦ ਕਰ ਦਿੱਤੀ ਗਈ।
ਹਾਲਾਂਕਿ, ਟ੍ਰਿਬਿਊਨਲ ਨੇ ਉਸ ਨੂੰ ਮਹਾਂਮਾਰੀ ਅਤੇ ਸੰਭਾਵਤ ਯਾਤਰਾ ਪਾਬੰਦੀਆਂ ਦੇ ਪਿਛੋਕੜ ਵਿੱਚ ਭਾਰਤ ਪਰਤਣ ਲਈ ਤਿੰਨ ਮਹੀਨਿਆਂ ਦਾ ਵਾਧੂ ਸਮਾਂ ਦਿੱਤਾ ਹੈ।
Read this story in English

27-year-old man set to be deported for drink driving and offering $200 bribe to police