ਇਰਾਨੀ ਸ਼ਰਨਾਰਥੀ ਹਬੀਬ* ਦੀ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਦਿੱਤੀ ਅਰਜ਼ੀ ਨੂੰ ਇਸ ਸਾਲ ਫਰਵਰੀ ਵਿੱਚ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਵਿਭਾਗ ਵੱਲੋਂ ਨਾਮੰਜ਼ੂਰ ਕਰ ਦਿੱਤਾ ਗਿਆ।
ਸ਼੍ਰੀ ਹਬੀਬ ਵੱਲੋਂ ਨਾਗਰਿਕਤਾ ਅਰਜ਼ੀ ਦਾਖਲ ਕੀਤੇ ਜਾਣ ਸਮੇਂ ਉਹ ਲਾਇਸੈਂਸ ਖਾਰਜ ਹੋਣ ਦੇ ਬਾਵਜੂਦ ਗੱਡੀ ਚਲਾਉਣ ਦੇ ਦੋਸ਼ ਵਿੱਚ 24 ਮਹੀਨੇ ਦੇ ਗੁਡ ਬਿਹੇਵੀਅਰ ਬਾਂਡ 'ਤੇ ਸੀ। ਵਿਭਾਗ ਵੱਲੋਂ ਉਸਨੂੰ ਨਾਗਰਿਕਤਾ ਦੇ ਲਈ ਚੰਗੇ ਕਿਰਦਾਰ ਦਾ ਨਹੀਂ ਸਮਝਿਆ ਗਿਆ।
"ਮੈਂ ਆਪਣੀ ਅਰਜ਼ੀ ਵਿੱਚ ਆਪਣੇ ਟ੍ਰੈਫਿਕ ਜੁਰਮਾਂ ਬਾਰੇ ਸਾਰੀ ਸਹੀ ਜਾਣਕਾਰੀ ਦਿੱਤੀ ਕਿਉਂਕਿ ਮੈਂ ਬਿਲਕੁਲ ਸੱਚ ਦੱਸਣਾ ਚਾਹੁੰਦਾ ਸੀ। ਪਰ ਮੈਨੂੰ ਇਹ ਯਾਦ ਨਹੀਂ ਰਿਹਾ ਕਿ ਮੇਰਾ 24 ਮਹੀਨੇ ਦਾ ਸਮਾਂ ਅਜੇ ਬਾਕੀ ਸੀ ਨਹੀਂ ਤਾਂ ਮੈਂ ਕੁਝ ਹੋਰ ਸਮਾਂ ਰੁਕ ਕੇ ਅਰਜ਼ੀ ਦਾਖਲ ਕਰ ਦਿੰਦਾ," ਸ਼੍ਰੀ ਹਬੀਬ ਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ।
31 ਸਾਲਾ ਹਬੀਬ ਜਿਸਨੂੰ ਕਿ ਸਾਲ 2012 ਵਿੱਚ ਆਸਟ੍ਰੇਲੀਆ ਦਾ ਸਥਾਈ ਪ੍ਰੋਟੈਕਸ਼ਨ ਵੀਜ਼ਾ ਹਾਸਲ ਹੋਇਆ ਨੇ ਉਸਨੂੰ ਨਾਗਰਿਕਤਾ ਨਾ ਦਿੱਤੇ ਜਾਣ ਦੇ ਫੈਸਲੇ ਨੂੰ ਐਡਮਿਨਿਸਟ੍ਰੇਟਿਵ ਅਪੀਲਸ ਟਰਾਈਬਿਊਨਲ ਵਿੱਚ ਚੁਣੌਤੀ ਦਿੱਤੀ।
ਟਰਾਈਬਿਊਨਲ ਵਿੱਚ ਮਾਮਲੇ ਤੇ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸਦੇ ਵਿਰੁੱਧ ਓਵਰਸਪੀਡਿੰਗ ਦਾ ਇੱਕ ਮਾਮਲਾ ਅਦਾਲਤ ਵਿੱਚ ਅਜੇ ਬਕਾਇਆ ਸੀ।

مراسم و گواهی شهروندی استرالیا Source: AAP
ਇਸ ਸਾਲ ਅਕਤੂਬਰ ਵਿੱਚ ਸਪੀਡ ਲਿਮਿਟ ਤੋਂ 20-29 ਕਿਲੋਮੀਟਰ ਪ੍ਰਤੀ ਘੰਟੇ ਵੱਧ ਰਫਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਸਬੰਧੀ ਉਹ ਸਾਊਥ ਆਸਟ੍ਰੇਲੀਆ ਦੀ ਇੱਕ ਅਦਾਲਤ ਵਿੱਚ ਪੇਸ਼ ਹੋਇਆ ਸੀ.
ਟਰਾਈਬਿਊਨਲ ਨੂੰ ਦੱਸਿਆ ਗਿਆ ਕਿ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਨੂੰ ਫਰਵਰੀ 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਟਰਾਈਬਿਊਨਲ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ਹੇਠ ਅਦਾਲਤ ਵਿੱਚ ਉਸ ਵਿਰੁੱਧ ਮਾਮਲਾ ਬਕਾਇਆ ਹੋਣ 'ਤੇ ਉਸਦੀ ਨਾਗਰਿਕਤਾ ਅਰਜ਼ੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।
ਜਿਸਦੇ ਚਲਦਿਆ ਟਰਾਈਬਿਊਨਲ ਮੈਂਬਰ ਨੇ ਸ਼੍ਰੀ ਹਬੀਬ ਦੇ 'ਚੰਗੇ ਕਿਰਦਾਰ' ਤੇ ਉੱਠੇ ਸੁਆਲ ਤੇ ਵਿਚਾਰ ਕੀਤੇ ਬਗੈਰ ਹੀ ਉਸਦੀ ਅਰਜ਼ੀ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਦਿੱਤੇ ਫੈਸਲੇ ਤੇ ਮੋਹਰ ਲਗਾ ਦਿੱਤੀ।
ਐਮ ਐਸ ਐਮ ਲੀਗਲ ਦੇ ਵਕੀਲ ਮਿੱਚ ਸਿਮਨਸ ਮੁਤਾਬਕ ਨਾਗਰਿਕਤਾ ਵੇਲੇ ਕਿਰਦਾਰ ਦੀ ਪਰਖ ਵੀਜ਼ਾ ਆਦਿ ਦੇ ਮੁਕਾਬਲੇ ਕੀਤੇ ਵਧੇਰੇ ਸਖਤੀ ਨਾਲ ਕੀਤੀ ਜਾਂਦੀ ਹੈ।
"ਹੋ ਸਕਦਾ ਹੈ ਕਿ ਕਿਸੇ ਨੂੰ ਇਹ ਲੱਗੇ ਕਿ ਟ੍ਰੈਫਿਕ ਉਲੰਘਣਾ ਕੋਈ ਗੰਭੀਰ ਅਪਰਾਧ ਨਹੀਂ ਹੈ, ਪਰ ਅਸਲ ਵਿੱਚ ਇਹ ਆਸਟ੍ਰੇਲੀਆ ਵਿੱਚ ਕਾਨੂੰਨ ਦੇ ਵਿਰੁੱਧ ਅਪਰਾਧ ਹੈ। ਅਤੇ ਜੇਕਰ ਕਿਸੇ ਵਿਅਕਤੀ ਵੱਲੋਂ ਇਹ ਮੁੜ-ਮੁੜ ਕੇ ਕੀਤੇ ਜਾਂਦੇ ਹਨ ਤਾਂ ਉਸਨੂੰ ਨਾਗਰਿਕਤਾ ਦੇ ਸਮੇਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
*ਇਹ ਇਸ ਵਿਅਕਤੀ ਦਾ ਅਸਲੀ ਨਾਮ ਨਹੀਂ ਹੈ