ਆਸਟਰੇਲੀਆ ਦੀ ਬਾਰਡਰ ਫੋਰਸ ਵੱਲੋਂ ਇੱਕ ਖਾਸ ਕਾਰਵਾਰੀ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਬਗੈਰ ਵੀਜ਼ੇ ਅਤੇ ਗ਼ੈਰਕਾਨੂੰਨੀ ਢੰਗ ਨਾਲ ਰਹਿਣ ਅਤੇ ਕੰਮ ਕਰਣ ਵਾਲਿਆਂ ਦੇ ਨਾਲ ਗ਼ੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਕੰਮ ਦੁਆਉਣ ਵਾਲੇ ਵਿਚੋਲੇ ਕਾਬੂ ਕੀਤੇ ਗਏ ਹਨ।
ਬੀਤੀ 21 ਜੂਨ ਨੂੰ ਨਿਊ ਸਾਊਥ ਵੇਲਜ਼ ਦੇ ਗ੍ਰਿਫ਼ਿਥ ਇਲਾਕੇ ਵਿੱਚਲੇ ਇੱਕ ਫਾਰਮ ਤੇ ਕੰਮ ਕਰਦੇ ਤਿੰਨ ਭਾਰਤੀ, ਜਿਨ੍ਹਾਂ ਕੋਲ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦਾ ਕਾਨੂੰਨੀ ਹੱਕ ਨਹੀਂ ਸੀ, ਕਾਬੂ ਕੀਤੇ ਗਏ। ਇੱਕ ਲੇਬਰ ਹਾਇਰ ਵਿਚੋਲਾ ਵੀ ਏ ਬੀ ਐਫ ਦੀ ਗ੍ਰਿਫਤ ਵਿੱਚ ਆਇਆ। ਇਹਨਾਂ ਗੈਰਕਾਨੂੰਨੀ ਭਾਰਤੀ ਨਾਗਰਿਕਾਂ ਨੂੰ ਕੰਮ ਤੇ ਰੱਖਣ ਦੇ ਲਈ ਇਲਾਕੇ ਵਿੱਚ ਇੱਕ ਫਾਰਮ ਨੂੰ $10,000 ਦਾ ਜ਼ੁਰਮਾਨਾ ਕੀਤਾ ਗਿਆ ਹੈ।
ਬੀਤੇ ਹਫਤੇ ਦੌਰਾਨ ਬਾਰਡਰ ਫੋਰਸ ਨੇ ਖਾਸ ਮੁਹਿੰਮ ਜਿਸਦਾ ਨਾਂ ਆਪ੍ਰੇਸ਼ਨ ਬੇਟਨਰਨ ਹੈ ਤਹਿਤ ਗ਼ੈਰਕਾਨੂੰਨੀ ਤੌਰ ਤੇ ਆਸਟਰੇਲੀਆ ਵਿੱਚ ਕੰਮ ਕਰਦੇ ਅਤੇ ਇਸਨੂੰ ਅੰਜਾਮ ਦੇਣ ਵਾਲੇ ਵਿਚੋਲਿਆਂ ਵਿਰੁੱਧ ਵੱਡੀ ਕਾਮਯਾਬੀ ਦਾ ਦਾਅਵਾ ਕੀਤਾ ਹੈ।
ਏ ਬੀ ਐਫ ਮੁਤਾਬਿਕ ਇਸਦੇ ਅਫਸਰਾਂ ਨੇ ਵਿਕਟੋਰੀਆ ਦੇ ਮਿਲਡੀਊਰਾ ਵਿੱਚ ਪੰਜ ਗੈਰਕਾਨੂੰਨੀ ਮਲੇਸ਼ੀਆਈ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਵਿੱਚ ਇੱਕ ਲੇਬਰ ਹਾਇਰ ਵਿਚੋਲਾ ਸ਼ਾਮਿਲ ਸੀ ਜਿਸਨੇ ਕਿ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਅਲਾਵਾ, ਤਿੰਨ ਹੋਰ ਮਲੇਸ਼ੀਆਈ ਨਾਗਰਿਕਾਂ ਦੇ ਟੂਰਿਸਟ ਵੀਜ਼ੇ ਰੱਦ ਕਰ ਦਿੱਤੇ ਗਏ।
ਵੈਸਟਰਨ ਆਸਟਰੇਲੀਆ ਵਿੱਚ ਐਲਬਨੀ ਦੇ ਇੱਕ ਦੇਹ ਵਪਾਰ ਦੇ ਕਥਿਤ ਟਿਕਾਣੇ ਤੋਂ ਦੋ ਚੀਨੀ ਔਰਤਾਂ ਨੂੰ ਹਿਰਾਸਤ ਵਿੱਚ ਲਿਆ, ਇਹਨਾਂ ਵਿੱਚੋਂ ਇੱਕ ਗੈਰਕਾਨੂੰਨੀ ਗ਼ੈਰ ਨਾਗਰਿਕ ਸੀ ਅਤੇ ਦੂਜੀ ਦਾ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਕੰਮ ਕਰਨ ਦੇ ਕਾਰਨ ਰੱਦ ਕੀਤਾ ਗਿਆ।
ਇਸਤੋਂ ਪਹਿਲਾਂ 18 ਜੂਨ ਨੂੰ ਏ ਬੀ ਐਫ ਦੇ ਅਧਿਕਾਰੀਆਂ ਵੱਲੋਂ ਕੁਈਨਸਲੈਂਡ ਵਿੱਚ ਵੀ ਅਜਿਹੀ ਕਾਰਵਾਈ ਕੀਤੀ ਗਈ ਜਿਸ ਵਿੱਚ ਇੱਕ ਮਲੇਸ਼ੀਆਈ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ।
ਅਧਿਕਾਰੀਆਂ ਮੁਤਾਬਿਕ, ਉੱਥੇ ਹੋਰ ਅਜਿਹੇ ਗ਼ੈਰਕਾਨੂੰਨੀ ਕਾਮਿਆਂ ਅਤੇ ਉਹਨਾਂ ਦੇ ਸ਼ੋਸ਼ਣ ਬਾਰੇ ਖਾਸੀ ਜਾਣਕਾਰੀ ਹਾਸਿਲ ਹੋਈ ਹੈ।
ਏ ਬੀ ਐਫ ਨੇ ਦੱਸਿਆ ਹੈ ਕਿ ਹਿਰਾਸਤ ਵਿੱਚ ਲਏ ਗਏ ਗ਼ੈਰਕ਼ਾਨੂਨੀ ਗ਼ੈਰ ਨਾਗਰਿਕਾਂ ਨੂੰ ਜਲਦੀ ਹੀ ਡਿਪੋਰਟ ਕੀਤਾ ਜਾਵੇਗਾ ਅਤੇ ਕੁੱਝ ਨੂੰ ਇਸ ਸ਼ਰਤ ਤੇ ਬ੍ਰਿਜਿੰਗ ਵੀਜ਼ੇ ਦਿੱਤੇ ਗਏ ਹਨ ਕਿ ਉਹ ਆਪ ਜਲਦੀ ਆਸਟਰੇਲੀਆ ਤੋਂ ਚਲੇ ਜਾਣ।