ਡਾਕਟਰ ਦਰਸ਼ਨ 'ਬੜੀ' ਸੱਭਿਆਚਾਰਕ ਸਰਗਰਮੀਆਂ ਅਤੇ ਰੰਗਮੰਚ ਨਾਲ ਜੁੜ੍ਹੀ ਇੱਕ ਇਹੋ ਜਿਹੀ ਸ਼ਖਸ਼ੀਅਤ ਹੈ ਜਿਸ ਨੇ ਅਨੇਕਾਂ ਨਾਟਕਾਂ ਤੇ ਫ਼ਿਲਮਾਂ ਵਿੱਚ ਆਪਣੀ ਕਲਾ ਤੇ ਅਦਾਕਾਰੀ ਦੇ ਜੌਹਰ ਦਿਖਾਏ ਹਨ।
ਕਾਲਜ ਤੇ ਯੂਨੀਵਰਸਿਟੀਆਂ ਵਿੱਚ ਸੱਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਵਜੋਂ ਉਹ ਭੰਗੜੇ ਤੇ ਗਿੱਧੇ ਨੂੰ ਪ੍ਰਫੁਲਿੱਤ ਕਰਨ ਲਈ ਵੀ ਅਹਿਮ ਭੂਮਿਕਾ ਅਦਾ ਕਰ ਚੁੱਕੇ ਹਨ।
ਆਪਣੇ ਕਬੱਡੀ ਦੇ ਜਨੂੰਨ ਨੂੰ ਕਮੈਂਟਰੀ ਜ਼ਰੀਏ ਸ਼ਬਦਾਂ ਵਿੱਚ ਪਿਰੋਣ ਲਈ ਉਹਨਾਂ ਨੂੰ ਅਕਸਰ ਦੇਸ਼-ਵਿਦੇਸ਼ ਵਿਚੋਂ ਸੱਦਾ-ਪੱਤਰ ਮਿਲਦਾ ਰਹਿੰਦਾ ਹੈ।
ਇਸੇ ਲੜੀ ਤਹਿਤ ਉਹਨਾਂ ਦਾ ਆਸਟ੍ਰੇਲੀਆ ਆਉਣਾ ਹੋਇਆ ਜਿਥੇ ਉਹਨਾਂ ਨੂੰ ਸਿਡਨੀ, ਬ੍ਰਿਸਬੇਨ ਤੇ ਪਰਥ ਵਿੱਚ ਆਪਣੀ ਕਮੈਂਟਰੀ ਦੀ ਕਲਾ ਨੂੰ ਖੇਡ ਪ੍ਰੇਮੀਆਂ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਪਿਆਰ-ਸਤਿਕਾਰ ਤੇ ਏਕਤਾ ਰੱਖਣ ਤੇ ਪ੍ਰਗਟਾਉਣ ਦੀ ਅਪੀਲ ਕੀਤੀ ਹੈ।
"ਮੇਰੀ ਖਾਸ ਬੇਨਤੀ ਕਬੱਡੀ ਪ੍ਰੇਮੀਆਂ ਤੇ ਪ੍ਰਬੰਧਕਾਂ ਨੂੰ ਹੈ, ਉਹਨਾਂ ਨੂੰ ਕਬੱਡੀ ਦੇ ਉੱਜਵਲ ਭਵਿੱਖ ਲਈ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਬੱਡੀ ਦੇ ਦੂਜੇ ਸ਼ੁਭਚਿੰਤਕਾਂ ਵਾਂਗ ਮੈ ਵੀ ਚਾਹੁੰਦਾ ਹਾਂ ਕਿ ਉਹ ਇੱਕੋ ਝੰਡੇ ਹੇਠ ਇਕੱਠੇ ਹੋਕੇ ਸਾਂਝੇ ਉੱਦਮ ਤਹਿਤ ਟੂਰਨਾਮੈਂਟ ਕਰਾਇਆ ਕਰਨ - ਦਰਸ਼ਨ ਬੜੀ"