2023 ਵਿੱਚ, ਬਾਇਓ-ਸਿਕਿਊਰਿਟੀ ਅਫਸਰਾਂ ਨੇ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਸੈਂਕੜੇ ਟਨ ਵਸਤੂਆਂ ਨੂੰ ਜ਼ਬਤ ਕੀਤਾ ਜੋ ਆਸਟ੍ਰੇਲੀਆ ਲਈ ਖਤਰਾ ਪੈਦਾ ਕਰ ਸਕਦੀਆਂ ਸਨ।
ਖੇਤੀਬਾੜੀ, ਮੱਛੀ ਪਾਲਣ ਅਤੇ ਜੰਗਲਾਤ ਵਿਭਾਗ (ਡੀਏਐਫਐਫ) ਦੇ ਅਨੁਸਾਰ, ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਲਗਭਗ 400,000 ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ।
ਧਿਆਨਯੋਗ ਹੈ ਕਿ ਆਸਟ੍ਰੇਲੀਆ ਵਿੱਚ ਯਾਤਰੀਆਂ ਵਲੋਂ ਮੁਰਗੀ ਦੀਆਂ ਅੰਤੜੀਆਂ ਤੋਂ ਲੈ ਕੇ ਜੀਉਂਦੇ ਡੱਡੂ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਗਈ।
ਪਰਥ ਵਿੱਚ ਇੱਕ ਯਾਤਰੀ ਵਲੋਂ ਜੜ੍ਹਾਂ ਅਤੇ ਮਿੱਟੀ ਸਮੇਤ ਪੂਰੇ ਕੇਲੇ ਦੇ ਦਰੱਖਤ ਨੂੰ ਆਪਣੇ ਸਮਾਨ ਵਿੱਚ ਪੈਕ ਕਰਕੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ।
ਪਿਛਲੇ ਸਾਲ, ਕੈਨਬਰਾ ਵਿੱਚ ਬਾਇਓਸਕਿਊਰਿਟੀ ਅਫਸਰਾਂ ਨੇ ਇੱਕ ਯਾਤਰੀ ਨੂੰ ਅਵੈਧ ਤੌਰ ਤੇ ਭਾਰਤ ਤੋਂ ਗੰਗਾ ਜਲ ਲਿਆਉਣ ਦੀ ਕੋਸ਼ਿਸ਼ ਕਰਦੇ ਵੀ ਫੜਿਆ ਸੀ।
ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਲੋਕ ਅਵੈਧ ਤਰੀਕੇ ਨਾਲ਼ ਵਸਤੂਆਂ ਲਿਆਉਂਦੇ ਫੜੇ ਜਾਂਦੇ ਹਨ ਤਾਂ ਉਨ੍ਹਾਂ ਨੂੰ 626 ਡਾਲਰਾਂ ਤੋਂ ਲੈ ਕੇ 6,260 ਡਾਲਰਾਂ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।