IELTS ਬੈਂਡ, ਦਹੇਜ, ਅਤੇ ਘਰੇਲੂ ਹਿੰਸਾ ਦੇ ਆਪਸੀ ਸਬੰਧ ਬਾਰੇ ਆਸਟ੍ਰੇਲੀਆ ਦੀ ਸੈਨੇਟ ਵਿੱਚ ਚਰਚਾ

ਇੱਕ ਪਾਸੇ ਭਾਰਤ ਦੇ ਕੁਝ ਹਿੱਸਿਆਂ ਵਿੱਚ IELTS ਪਾਸ ਕੁੜੀਆਂ ਲਈ ਇਸ਼ਤਿਹਾਰ ਆਮ ਹਨ ਅਤੇ ਨਾਲ ਹੀ ਹੁਣ ਅਜਿਹੇ ਰਿਸ਼ਤਿਆਂ ਵਿੱਚ ਸ਼ਾਮਿਲ ਔਰਤਾਂ ਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

Anti-Dowry

Source: Getty Images

ਔਰਤਾਂ ਦੇ ਹੱਕਾਂ ਦੀ ਪੈਰੋਕਾਰ ਇੱਕ ਜਥੇਬੰਦੀ ਦੇ ਮੁਤਾਬਿਕ IELTS ਪਾਸ ਕਰਕੇ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਵੱਜੋਂ ਰਹਿੰਦੇ ਕਈ ਆਰਜ਼ੀ ਪ੍ਰਵਾਸੀ ਆਪਣੀ ਅੰਗਰੇਜ਼ੀ ਦੀ ਯੋਗਤਾ ਨੂੰ ਦਹੇਜ ਅਤੇ ਆਪਣੇ ਪਾਰਟਨਰ ਦੇ ਮਾਪਿਆਂ ਤੋਂ ਵਧੇਰੇ ਮਾਲੀ ਜਾਇਦਾਦ ਹਾਸਿਲ ਕਰਨ ਲਈ ਕਰ ਰਹੇ ਹਨ।

ਇਨੀਸ਼ੀਏਟਿਵ ਫਾਰ ਵੁਮੈਨ ਇਨ ਨੀਡ ਦੇ ਮੁਤਾਬਿਕ ਇਹ ਇੱਕ ਕਿਸਮ ਦਾ ਆਰਥਿਕ ਸ਼ੋਸ਼ਣ ਹੈ ਜੋ ਕਿ ਆਸਟ੍ਰੇਲੀਆ ਵਿੱਚ ਕਿਸੇ ਇੱਕ ਖਾਸ ਭਾਈਚਾਰੇ ਤੱਕ ਹੀ ਸੀਮਿਤ ਨਹੀਂ ਹੈ।
ਜਥੇਬੰਦੀ ਦੀ ਮੁਖੀ ਡਾਕਟਰ ਮਧੂਮਿਤਾ ਇਏਂਗਰ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹੇ ਮਾਮਲੇ ਦੇਖੇ ਹਨ ਜਿਸ ਵਿੱਚ IELTS ਪਾਸ ਕਰਨ ਵਾਲਾ ਪੜ੍ਹਾਈ ਕਰਦਾ ਹੈ ਜਦਕਿ ਇਸਦਾ ਸਾਰਾ ਖਰਚਾ ਉਸਦੇ ਸਾਥੀ ਵੱਲੋ ਚੁੱਕਿਆ ਜਾਂਦਾ ਹੈ।

"ਅਜਿਹਾ ਰਿਸ਼ਤਾ ਕਈ ਜੋੜਿਆਂ ਲਈ ਲਾਹੇਵੰਦ ਸਾਬਿਤ ਹੁੰਦਾ ਹੈ, ਜਦਕਿ ਕਈ ਮਾਮਲਿਆਂ ਵਿੱਚ ਪਤੀ ਪਤਨੀ ਦੀ ਇੱਕ ਦੂਜੇ ਨਾਲ ਸਮਝ ਨਹੀਂ ਮਿਲਦੀ ਅਤੇ ਉਹ ਕੇਵਲ ਪਰਮਾਨੈਂਟ ਰੇਸੀਡੈਂਸੀ ਹੋਣ ਤੱਕ ਇੱਕ ਦੂਜੇ ਨਾਲ ਰਹਿੰਦੇ ਹਨ," ਡਾਕਟਰ ਮਧੂਮਿਤਾ ਨੇ ਕਿਹਾ।
Weddings, dollars and dowries
Source: Insight
ਆਮ ਤੌਰ ਤੇ ਅਜਿਹੇ ਮਾਮਲਿਆਂ ਵਿੱਚ IELTS ਦਾ ਇਮਤਿਹਾਨ ਪਾਸ ਕਰਨ ਵਾਲੇ ਕਿਸੇ ਅਜਿਹੇ ਸਾਥੀ ਨਾਲ ਵਿਆਹ ਕਰਵਾਉਂਦੇ ਹਨ ਜੋ ਕਿ ਉਹਨਾਂ ਦਾ ਆਸਟ੍ਰੇਲੀਆ  ਵਿੱਚ ਪੜ੍ਹਾਈ ਅਤੇ ਰਹਿਣ ਸਹਿਣ ਦਾ ਖਰਚਾ ਕਰਨ ਨੂੰ ਤਿਆਰ ਹੋਵੇ। ਬਦਲੇ ਵਿੱਚ ਖਰਚਾ ਕਰਨ ਵਾਲਾ ਵਿਅਕਤੀ ਬਤੌਰ ਡਿਪੈਂਡੈਂਟ ਆਸਟ੍ਰੇਲੀਆ ਆ ਕੇ ਰਹਿਣ ਦੇ ਨਾਲ ਨਾਲ ਇਥੇ ਕੰਮ ਕਰ ਸਕਦਾ ਹੈ।
"ਅਜਿਹਾ ਰਿਸ਼ਤਾ ਕਈ ਜੋੜਿਆਂ ਲਈ ਲਾਹੇਵੰਦ ਸਾਬਿਤ ਹੁੰਦਾ ਹੈ, ਜਦਕਿ ਕਈ ਮਾਮਲਿਆਂ ਵਿੱਚ ਪਤੀ ਪਤਨੀ ਦੀ ਇੱਕ ਦੂਜੇ ਨਾਲ ਸਮਝ ਨਹੀਂ ਮਿਲਦੀ ਅਤੇ ਉਹ ਕੇਵਲ ਪਰਮਾਨੈਂਟ ਰੇਸੀਡੈਂਸੀ ਹੋਣ ਤੱਕ ਇੱਕ ਦੂਜੇ ਨਾਲ ਰਹਿੰਦੇ ਹਨ," ਡਾਕਟਰ ਮਧੂਮਿਤਾ ਨੇ ਕਿਹਾ।

ਇਸਤੋਂ ਪਹਿਲਾਂ ਐਸ ਬੀ ਐਸ ਪੰਜਾਬੀ ਨੇ ਪੰਜਾਬ ਵਿੱਚ ਮੀਡਿਆ ਵਿੱਚ IELTS ਪਾਸ ਕੁੜੀਆਂ ਦੇ ਇਸ਼ਤਿਹਾਰਾਂ ਬਾਰੇ ਖਬਰ ਸਾਂਝੀ ਕੀਤੀ ਸੀ। ਇਹ ਇਸ਼ਤਿਹਾਰ ਆਮ ਤੌਰ ਤੇ IELTS ਪਾਸ ਕੁੜੀਆਂ ਲਈ ਮੁੰਡਿਆਂ ਜਾਂ ਉਹਨਾਂ ਦੇ ਮਾਪਿਆਂ ਵੱਲੋਂ ਜਾਰੀ ਕੀਤੇ ਜਾਂਦੇ ਹਨ।

ਪਰ ਡਾਕਟਰ ਮਧੂਮਿਤਾ ਮੁਤਾਬਿਕ ਅਜਿਹੇ ਰਿਸ਼ਤਿਆਂ ਵਿੱਚ ਸ਼ੋਸ਼ਣ ਅਤੇ ਘਰੇਲੂ ਹਿੰਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ।

"ਜੇਕਰ ਡਿਪੈਂਡੈਂਟ ਦੇ ਤੌਰ ਤੇ ਆਏ ਸਾਥੀ ਕੋਈ ਆਸਟ੍ਰੇਲੀਆ ਵਿੱਚ ਪੱਕੇ ਹੋਣ ਲਈ ਹੋਰ ਕੋਈ ਰਾਹ ਨਾ ਹੋਵੇ ਤਾਂ ਉਹ ਘਰੇਲੂ ਹਿੰਸਾ ਆਦਿ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਮੁਖ ਵੀਜ਼ਾ ਧਾਰਕ ਵਧੇਰੇ ਮਾਲੀ ਜਾਇਦਾਦ ਦੀ ਮੰਗ ਕਰ ਸਕਦਾ ਹੈ," ਉਹਨਾਂ ਆਸਟ੍ਰੇਲੀਆ ਦੀ ਸੈਨੇਟ ਦੀ ਦਹੇਜ ਬਾਰੇ ਪੜਚੋਲ ਕਰ ਰਹੀ ਇੱਕ ਕਮੇਟੀ ਨੂੰ ਦੱਸਿਆ।

ਡਾਕਟਰ ਮਧੂਮਿਤਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਨੇ ਅਜਿਹੇ ਕੁਝ ਮਾਮਲੇ ਦੇਖੇ ਹਨ ਜਿਨ੍ਹਾਂ ਵਿੱਚ ਇਸ ਤਰਾਂ ਦੇ ਰਿਸ਼ਤੇ ਘਰੇਲੂ ਹਿੰਸਾ ਦਾ ਕਾਰਨ ਬਣੇ ਹਨ।
ਪਿਛਲੇ ਸਾਲ ਗੁਆਂਢੀ ਮੁਲਕ ਨਿਊਜ਼ੀਲੈਂਡ ਵਿੱਚ ਇੱਕ ਭਾਰਤੀ ਕੁੜੀ ਜੋ ਕਿ ਇਸੇ ਤਰਾਂ ਦੇ ਰਿਸ਼ਤੇ ਵਿੱਚ ਸੀ ਨੂੰ ਓਥੇ ਸ਼ਰਨਾਰਥੀ ਦੇ ਤੌਰ ਤੇ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਇਸ ਕੁੜੀ ਦੇ ਪਤੀ ਨੇ ਉਸਦੇ ਨਾਲ ਕੇਵਲ ਇਸ ਲਈ ਵਿਆਹ ਕੀਤਾ ਸੀ ਤਾਂ ਜੋ ਉਹ IELTS ਪਾਸ ਕਰਨ ਮਗਰੋਂ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਹਾਸਿਲ ਕਰਕੇ ਆਪਣੇ ਪਤੀ ਨੂੰ ਨਾਲ ਆਸਟ੍ਰੇਲੀਆ ਲਿਆ ਸਕੇ। ਪ੍ਰੰਤੂ IELTS ਵਿੱਚ ਲੋੜੀਂਦੇ ਬੈੰਡ ਨਾ ਲੈ ਸਕਣ ਕਾਰਨ ਉਸਨੂੰ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਮਿਲਿਆ। ਜਿਸ ਮਗਰੋਂ ਉਸਨੂੰ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੱਥੋਂ ਹਿੰਸਾ ਦਾ ਸਾਹਮਣਾ ਕਰਨਾ ਪਿਆ।
IELTS
The image is for representation only. Source: Supplied
ਅਖੀਰ ਇਸ ਔਰਤ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਮਿਲਿਆ ਪਰੰਤੂ ਉਸਦੇ ਪਤੀ ਦਾ ਡਿਪੈਂਡੈਂਟ ਵੀਜ਼ਾ ਮਨਜ਼ੂਰ ਨਹੀਂ ਹੋਇਆ। ਸੁਣਵਾਈ ਕਰ ਰਹੀ ਅਦਾਲਤ ਨੇ ਮੰਨਿਆ ਕਿ ਜੇਕਰ ਇਸ ਔਰਤ ਨੂੰ ਭਾਰਤ ਵਾਪਿਸ ਜਾਨ ਤੇ ਮਜਬੂਰ ਕੀਤਾ ਗਿਆ ਤਾਂ ਓਥੇ ਇਸਦੀ ਜਾਨ ਨੂੰ ਇਸਦੇ ਪਤੀ ਤੋਂ ਖਤਰਾ ਹੋ ਸਕਦਾ ਹੈ।
ਡਾਕਟਰ ਮਧੂਮਿਤਾ ਮੁਤਾਬਿਕ ਉਹਨਾਂ ਦੀ ਜਥੇਬੰਦੀ ਤੋਂ ਮਦਦ ਮੰਗਣ ਵਾਲਿਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੁੰਦੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਕਈ ਵੀਜ਼ਿਆਂ ਵਿੱਚ ਕੰਮ ਦੇ ਘੰਟਿਆਂ ਦਾ ਸੀਮਿਤ ਹੋਣਾ ਆਦਿ ਵੀ ਪਰਿਵਾਰਾਂ ਤੇ ਮਾਲੀ ਦਬਾਅ ਵਧ ਦਿੰਦੇ ਹਨ ਅਤੇ ਅਰਜ਼ੀ ਵੀਜ਼ਾ ਧਾਰਕ ਦੇ ਡਿਪੈਂਡੈਂਟ ਦੇ ਤੌਰ ਤੇ ਆਉਣ ਵਾਲਿਆਂ ਔਰਤਾਂ ਦੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ।

Follow SBS Punjabi on  and 



Share

Published

Updated

By Shamsher Kainth


Share this with family and friends