Key Points
- ਏ.ਐਮ.ਏ ਦੇ ਪ੍ਰਧਾਨ ਸਟੀਵ ਰੌਬਸਨ ਮੁਤਾਬਕ ਕੋਵਿਡ-19 ਆਸਟ੍ਰੇਲੀਆ ਵਾਸੀਆਂ ਲਈ ਖ਼ਤਰਾ ਬਣਿਆ ਹੋਇਆ ਹੈ
- ਡਾ ਕੇਰੀ ਚੈਂਟ ਨੇ ਕਰਮਾਚਾਰੀਆਂ ਨੂੰ ਰੁਜ਼ਗਾਰਦਾਤਾਵਾਂ ਨਾਲ ਸਿਹਤ ਸੁਰੱਖਿਆ ਯੋਜਨਾ ਬਾਰੇ ਚਰਚਾ ਕਰਨ ਦਾ ਸੁਝਾਅ ਦਿੱਤਾ
- ਮਾਹਿਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਨਾਲ ਅਪ ਟੂ ਡੇਟ ਰਹਿਣਾ ਕੋਵਿਡ ਦੇ ਵਿਰੁੱਧ ਸਭ ਤੋਂ ਵਧੀਆ ਸੁਰੱਖਿਆ ਹੈ
ਸਿਡਨੀ ਨਿਵਾਸੀ ਅਤੇ ਤਿੰਨ ਬੱਚਿਆਂ ਦੀ ਮਾਂ ਜੈਨੀ ਚੂ ਮੁਤਾਬਕ ਰਾਸ਼ਟਰੀ ਮੰਤਰੀ ਮੰਡਲ ਮੁਤਾਬਿਕ ਲਾਜ਼ਮੀ ਆਈਸੋਲੇਸ਼ਨ ਪੀਰੀਅਡ ਨੂੰ ਖਤਮ ਕਰਨ ਦਾ ਫੈਸਲਾ ਗਲ਼ਤ ਹੈ।
ਉਹ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਤ ਹੈ ਜਿੰਨ੍ਹਾਂ ਦੀ ਉਮਰ ਅਜੇ ਪੰਜ ਸਾਲ ਤੋਂ ਘੱਟ ਹੈ ਅਤੇ ਉਹ ਕੋਵਿਡ ਵੈਕਸੀਨ ਲਗਵਾਉਣ ਦੇ ਯੋਗ ਵੀ ਨਹੀਂ ਹਨ।
ਐਸ.ਬੀ.ਐਸ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਚੂ ਨੇ ਕਿਹਾ ਕਿ ਉਹਨਾਂ ਨੂੰ ਚਿੰਤਾ ਹੈ ਕਿ ਉਹਨਾਂ ਦੇ ਬੱਚੇ ਚਾਈਲਡਕੇਅਰ ਦੇ ਸਟਾਫ ਤੋਂ ਕੋਵਿਡ-19 ਦੀ ਲਾਗ ਹਾਸਲ ਕਰ ਸਕਦੇ ਹਨ ਕਿਉਂਕਿ ਹੁਣ ਕੋਵਿਡ-19 ਪੌਜ਼ਿਟਿਵ ਵਿਅਕਤੀ ਨੂੰ ਖੁਦ ਨੂੰ ਵੱਖਰਾ ਰੱਖਣ ਦੀ ਲੋੜ ਖਤਮ ਕਰ ਦਿੱਤੀ ਗਈ ਹੈ।
ਆਸਟ੍ਰੇਲੀਆ ਵਿੱਚ ਪੰਜ ਸਾਲ੍ਹਾਂ ਤੋਂ ਘੱਟ ਉਮਰ ਦੇ ਕਮਜ਼ੋਰ ਇਮਊਨਿਟੀ ਵਾਲੇ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਸਕਦੀ ਹੈ ਜਦਕਿ ਪੰਜ ਸਾਲ੍ਹਾਂ ਤੋਂ ਜ਼ਿਆਦਾ ਉਮਰ ਦੇ ਬੱਚੇ ਦੋ ਕੋਵਿਡ ਵੈਕਸੀਨਾਂ ਲਗਾ ਸਕਦੇ ਹਨ।
ਅਜੇ ਵੀ ਕੋਵਿਡ ਇੱਕ ਵੱਡਾ ਖ਼ਤਰਾ ਹੈ
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸਟੀਵ ਰੌਬਸਨ ਦਾ ਕਹਿਣਾ ਹੈ ਕਿ ਸਰਕਾਰਾਂ ਅਤੇ ਵਸਨੀਕਾਂ ਨੂੰ ਕੋਵਿਡ ਦੇ ਮਾਮਲਿਆਂ, ਹਸਪਤਾਲਾਂ ਵਿੱਚ ਭਰਤੀਆਂ ਅਤੇ ਮੌਤਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਕੋਵਿਡ-19 ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਉਹਨਾਂ ਮੁਤਾਬਕ ਕੋਵਿਡ ਅਜੇ ਵੀ ਸਾਡੀ ਸਿਹਤ, ਆਰਥਿਕਤਾ ਅਤੇ ਸਿਹਤ ਪ੍ਰਣਾਲੀ ਲਈ ਇੱਕ ਖ਼ਤਰਾ ਬਣਿਆ ਹੋਇਆ ਹੈ।
ਪ੍ਰੋਫੈਸਰ ਰੌਬਸਨ ਦਾ ਕਹਿਣਾ ਹੈ ਕਿ ਵੈਕਸੀਨ ਤੋਂ ਇਮਿਊਨਿਟੀ ਘੱਟ ਰਹੀ ਹੈ ਜਿਸ ਕਾਰਨ ਆਸਟ੍ਰੇਲੀਅਨਾਂ ਲਈ ਇਹ ਇੱਕ ਵੱਡਾ ਖ਼ਤਰਾ ਹੋ ਸਕਦਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਮਹਾਂਮਾਰੀ ਖਤਮ ਹੋਣ ਦੇ ਸੁਨੇਹੇ ਤੋਂ ਸੱਚਾਈ ਕੁੱਝ ਵੱਖਰੀ ਹੈ।
ਨਵੀਆਂ ਤਬਦੀਲੀਆਂ ਤੋਂ ਬਾਅਦ ਕੋਵਿਡ-19 ਦੀ ਲਾਗ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਮਾਹਰਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਉਹਨਾਂ ਸਾਵਧਾਨੀਆਂ ਦੀ ਪਾਲਣਾ ਕਰਨੀ ਜਾਰੀ ਰੱਖਣੀ ਚਾਹੀਦੀ ਹੈ ਜਿਹੜੀਆਂ ਉਹਨਾਂ ਨੇ ਮਹਾਂਮਾਰੀ ਦੌਰਾਨ ਸ਼ੁਰੂ ਕੀਤੀਆਂ ਸਨ।
ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੇਰੀ ਚੈਂਟ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਜਾਣਦਾ ਹੈ ਕਿ ਕੋਵਿਡ-19 ਦੀ ਲਾਗ ਤੋਂ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ।
ਉਹਨਾਂ ਜ਼ੁਕਾਮ ਵਰਗੇ ਲੱਛਣਾਂ ਉੱਤੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਿਫਾਰਸ਼ ਕੀਤੀ।
ਕੰਮ ਵਾਲੀ ਥਾਂ 'ਤੇ ਕਰਮਚਾਰੀਆਂ, ਸੈਲਾਨੀਆਂ, ਗਾਹਕਾਂ ਅਤੇ ਸਪਲਾਇਰਾਂ ਦੀ ਸਿਹਤ ਅਤੇ ਸੁਰੱਖਿਆ ਲਈ ਜੋਖਮ ਦਾ ਪ੍ਰਬੰਧਨ ਕਰਨ ਲਈ ਰਾਜਾਂ ਅਤੇ ਪ੍ਰਦੇਸ਼ਾਂ ਦੇ ਆਪਣੇ ਕੰਮ ਦੇ ਸਿਹਤ ਅਤੇ ਸੁਰੱਖਿਆ ਕਾਨੂੰਨ ਹਨ।
ਹਾਲਾਂਕਿ ਇੱਕ ਸੁਰੱਖਿਅਤ ਕੰਮ ਦਾ ਮਾਹੌਲ ਪ੍ਰਦਾਨ ਕਰਨਾ ਇੱਕ ਰੁਜ਼ਗਾਰਦਾਤਾ ਦੀ ਜ਼ਿੰਮੇਵਾਰੀ ਹੈ, ਕਰਮਚਾਰੀ ਆਪਣੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਕਿ ਉਹ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਉਣ।
ਪ੍ਰੋਫੈਸਰ ਰੌਬਸਨ ਨੇ ਕਿਹਾ ਕਿ ਕੋਵਿਡ ਸਕਾਰਾਤਮਕ ਕੇਸਾਂ ਨੂੰ ਉਨ੍ਹਾਂ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਨਾਲ ਉਹ ਨਜਿੱਠ ਰਹੇ ਹਨ।
ਜੇਕਰ ਤੁਹਾਨੂੰ ਕੋਵਿਡ ਦੇ ਲੱਛਣ ਹਨ ਜਾਂ ਤੁਸੀਂ ਕੋਵਿਡ ਪੌਜ਼ਟਿਵ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਇਹ ਲਾਗ ਹੋਰ ਲੋਕਾਂ ਤੱਕ ਨਾ ਫੈਲਾਓ।
ਕੋਵਿਡ ਦੀ ਲਾਗ ਕਿੰਨ੍ਹੇ ਸਮੇਂ ਤੋਂ ਹੈ?
ਹਾਲਾਂਕੀ ਆਈਸੋਲੇਸ਼ਨ ਦੀ ਲੋੜ ਨੂੰ ਖ਼ਤਮ ਕਰ ਦਿਤਾ ਗਿਆ ਹੈ ਪਰ ਲਾਗ ਦੀ ਮਿਆਦ ਅਜੇ ਵੀ ਨਹੀਂ ਬਦਲੀ ਹੈ।
ਡਾਕਟਰ ਚੈਂਟ ਦਾ ਕਹਿਣਾ ਹੈ ਕਿ ਕੋਈ ਵਿਅਕਤੀ 10 ਦਿਨਾਂ ਤੋਂ ਕੋਵਿਡ ਨਾਲ ਸੰਕਰਮਿਤ ਹੋ ਸਕਦਾ ਹੈ ਪਰ ਲਾਗ ਲੱਗਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਲੱਛਣ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਅਤੇ ਲੱਛਣਾਂ ਦੇ ਰਹਿਣ ਤੱਕ ਬਣਿਆ ਰਹਿੰਦਾ ਹੈ।
ਉਹਨਾਂ ਤਾਕੀਦ ਕੀਤੀ ਕਿ ਜੋ ਲੋਕ ਕੋਵਿਡ ਪੌਜ਼ਿਟਿਵ ਹਨ ਉਹ ਘਰ ਵਿੱਚ ਹੀ ਰਹਿਣ ਅਤੇ ਜਨਤਕ ਥਾਵਾਂ ਉੱਤੇ ਮਾਸਕ ਲਗਾ ਕੇ ਰੱਖਣ।
ਉਹਨਾਂ ਨੂੰ ਘੱਟੋ-ਘੱਟ ਸੱਤ ਦਿਨਾਂ ਤੱਕ ਵੱਡੇ ਇਕੱਠ, ਭੀੜ ਵਾਲੀਆਂ ਥਾਵਾਂ ਅਤੇ ਉੱਚ ਜੋਖਮ ਵਾਲੀਆਂ ਥਾਵਾਂ ਜਿਵੇਂ ਕਿ ਹਸਪਤਾਲਾਂ ਅਤੇ ਏਜ ਕੇਅਰ ਵਿੱਚ ਨਹੀਂ ਜਾਣਾ ਚਾਹੀਦਾ।
ਮਾਹਰਾਂ ਮੁਤਾਬਕ ਸਮੇਂ ਸਿਰ ਟੀਕਾਕਰਨ ਕਰਵਾਉਣਾ ਵੀ ਕੋਵਿਡ ਦੇ ਖਿਲਾਫ ਬੇਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ।
ਕੋਵਿਡ ਪੌਜ਼ਿਟਿਵ ਵਿਅਕਤੀ ਦੇ ਨੇੜ੍ਹਲੇ ਸੰਪਰਕ ਵਿੱਚ ਆਉਣ ਤੋਂ ਬਾਅਦ ਕੀ ਕਰੀਏ?
ਨਿਊ ਸਾਊਥ ਵੇਲਜ਼ ਹੈਲਥ ਮੁਤਾਬਕ ਨੇੜ੍ਹਲੇ ਸੰਪਰਕ ਵਾਲੇ ਵਿਅਕਤੀ ਨੂੰ ਕੁੱਝ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ:
- ਲੱਛਣਾਂ ਦਾ ਧਿਆਨ ਰੱਖੋ
- ਟੈਸਟ ਕਰਵਾਓ ਅਤੇ ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ
- ਹਸਪਤਾਲਾਂ ਅਤੇ ਏਜ ਕੇਅਰ ਸੈਂਟਰਾਂ ਵਿੱਚ ਸੱਤ ਦਿਨਾਂ ਤੱਕ ਜਾਣ ਤੋਂ ਪਰਹੇਜ਼ ਕਰੋ
- ਕਮਜ਼ੋਰ ਵਰਗ ਦੇ ਲੋਕਾਂ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰੋ
- ਬਾਹਰ ਜਾਣ ਸਮੇਂ ਚੇਹਰੇ ਉੱਤੇ ਮਾਸਕ ਪਾ ਕੇ ਰੱਖੋ
- ਵਾਰ ਵਾਰ ਰੈਪਿਡ ਟੈਸਟ ਕਰੋ
ਕੁੱਝ ਲੋਕਾਂ ਲਈ ਰਾਹਤ ਦਾ ਫੈਸਲਾ
ਕੁੱਝ ਲੋਕਾਂ ਮੁਤਾਬਕ ਆਈਸੋਲੇਟ ਹੋਣ ਦੀ ਲਾਜ਼ਮੀ ਹਿਦਾਇਤ ਹੱਟਣ ਨਾਲ ਉਹਨਾਂ ਨੂੰ ਰਾਹਤ ਮਿਲੀ ਹੈ।
ਦੋ ਬੱਚਿਆਂ ਦੀ ਮਾਂ ਸੰਗੀਤਾ ਦਾ ਕਹਿਣਾ ਹੈ ਕਿ ਹੁਣ ਕਿਸੇ ਵੀ ਪ੍ਰਕਾਰ ਦਾ ਮਾਨਸਿਕ ਤਣਾਅ ਜਾਂ ਡਰ ਨਹੀਂ ਹੈ। ਹੁਣ ਲੋਕ ਆਮ ਜਨਜੀਵਨ ਵਿੱਚ ਮੌਜੂਦਾ ਹਾਲਾਤਾਂ ਨਾਲ ਵਾਪਸ ਆ ਸਕਣਗੇ।
ਦੂਜੇ ਪਾਸੇ ਵਿਸ਼ੇਸ਼ ਸਿੱਖਿਆ ਅਧਿਆਪਕ ਅਤੇ ਪੰਜ ਬੱਚਿਆਂ ਦੀ ਮਾਂ ਕੈਲੀ ਫੋਰਡ ਨੇ ਕੋਵਿਡ ਆਈਸੋਲੇਸ਼ਨ ਨਿਯਮ ਦੇ ਅੰਤ ਨੂੰ ਵਧੀਆ ਫੈਸਲਾ ਦੱਸਿਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਨਿਯਮਾਂ ਕਾਰਨ ਬੱਚਿਆਂ ਨੇ ਬਹੁਤ ਕੁੱਝ ਗਵਾਇਆ ਹੈ।
ਕੋਵਿਡ ਨਿਯਮਾਂ ਵਿੱਚ ਤਬਦੀਲੀਆਂ ਕਾਰਨ ਕੰਮ, ਸਕੂਲ ਜਾਂ ਵਿਦਿਅਕ ਸਹੂਲਤਾਂ ਵਿੱਚ ਵਾਪਸ ਜਾਣ ਬਾਰੇ ਚਿੰਤਤ ਆਸਟ੍ਰੇਲੀਅਨ ਆਪੋ-ਆਪਣੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਮਦਦ ਲਈ ਪਹੁੰਚ ਕਰ ਸਕਦੇ ਹਨ।
ACT - ਕੈਨਬਰਾ ਹੈਲਥ ਸੇਵਾਵਾਂ ਉੱਤੇ ਮੈਂਟਲ ਹੈਲਥ ਤੱਕ 1800 629 354 ਉੱਤੇ ਪਹੁੰਚ ਕਰੋ
NSW - ਮਾਨਸਿਕ ਹੈਲਥ ਲਾਈਨ 1800 011 511 ਉੱਤੇ ਪਹੁੰਚ ਕਰੋ
NT - ਉੱਤਰੀ ਖੇਤਰ ਮਾਨਸਿਕ ਸਿਹਤ ਲਾਈਨ 1800 682 288 ਉੱਤੇ ਪਹੁੰਚ ਕਰੋ
QLD - 1300 MH ਕਾਲ: ਮਾਨਸਿਕ ਸਿਹਤ ਪਹੁੰਚ ਲਾਈਨ 1300642 255 ਉੱਤੇ ਪਹੁੰਚ ਕਰੋ
SA - 1800 512 348 ਉੱਤੇ ਬਲੂ ਕੋਰੋਨਾਵਾਇਰਸ ਮਾਨਸਿਕ ਤੰਦਰੁਸਤੀ ਸਹਾਇਤਾ ਸੇਵਾ
TAS - 1800 332 388 ਉੱਤੇ ਮਾਨਸਿਕ ਸਿਹਤ ਸੇਵਾ ਹੈਲਪਲਾਈਨ
VIC - 1800 595 212 ਉੱਤੇ ਮਦਦ ਲਈ ਅੱਗੇ ਵਧੋ
WA - 1300 555 733 ਉੱਤੇ ਮਾਨਸਿਕ ਸਿਹਤ ਐਮਰਜੈਂਸੀ ਰਿਸਪਾਂਸ ਲਾਈਨ
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।