ਆਸਟ੍ਰੇਲੀਅਨ ਪ੍ਰਵਾਸ ਨੀਤੀਆਂ ਤੋਂ ਨਿਰਾਸ਼ ਕਈ ਪ੍ਰਵਾਸੀ ਹੁਣ ਕੈਨੇਡਾ ਵੱਸਣ ਦੀ ਤਾਕ ਵਿੱਚ

ਅਜੋਕੇ ਸਮਿਆਂ ਵਿੱਚ ਸਰਹੱਦਾਂ ਬੰਦ ਹੋਣ ਕਰਕੇ ਭਾਰਤ ਵਿੱਚ ਕਈ ਮਹੀਨਿਆਂ ਤੋਂ ਫ਼ਸੇ ਬਹੁਤ ਸਾਰੇ ਅਸਥਾਈ ਵੀਜ਼ਾ ਧਾਰਕਾਂ ਦਾ ਆਸਟ੍ਰੇਲੀਆ ਪ੍ਰਵਾਸ ਸੁਪਨਾ ਬਣ ਕੇ ਰਹਿ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਹੁਣ ਕੈਨੇਡਾ ਪ੍ਰਵਾਸ ਕਰਣ ਦਾ ਮਨ ਬਣਾ ਲਿਆ ਹੈ।

Temp visa holder

Australia's temporary visa holders considering to move to Canada Source: Supplied

ਪ੍ਰਵਾਸ ਆਸਟ੍ਰੇਲੀਆ ਅਤੇ ਕੈਨੇਡਾ ਦੋਵਾਂ ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ।

ਹਾਲ਼ ਦੇ ਦਹਾਕਿਆਂ ਵਿਚ ਆਸਟ੍ਰੇਲੀਆ ਅਤੇ ਕੈਨੇਡਾ ਵਸਦੇ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਅਤੇ ਅਸਥਾਈ ਪ੍ਰਵਾਸੀਆਂ ਨੇ ਇਨ੍ਹਾਂ ਮੁਲਕਾਂ ਦੇ ਆਰਥਿਕ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।

ਕੋਈ ਵੀ ਦੇਸ਼ ਪ੍ਰਵਾਸ ਦੀ ਅਹਿਮੀਅਤ ਨੂੰ ਨਕਾਰ ਨਹੀਂ ਸਕਦਾ ਹਲਾਂਕੇ ਮੌਜੂਦਾ ਸਿਹਤ ਸੰਕਟ ਦੇ ਚਲਦਿਆਂ ਇਨ੍ਹਾਂ ਦੋਹਾਂ ਦੇਸ਼ਾਂ ਨੇ ਆਪੋ-ਆਪਣੇ ਢੰਗ ਨਾਲ਼ ਆਪਣੀਆਂ ਪ੍ਰਵਾਸ ਨੀਤੀਆਂ ਨੂੰ ਸਿਰਜਿਆ ਹੈ।

ਕੈਨਬਰਾ ਸਥਿੱਤ ਮਾਈਗ੍ਰੇਸ਼ਨ ਵਕੀਲ ਬੇਨ ਵਾਟ ਦਾ ਮਨਣਾ ਹੈ ਕੀ ਭਾਵੇਂ ਪ੍ਰਵਾਸ ਦੋਹਾਂ ਦੇਸ਼ਾਂ ਲਈ ਅਹਿਮ ਹੈ ਪਰ ਆਸਟ੍ਰੇਲੀਆ ਸਰਕਾਰ ਦੀਆਂ ਮੌਜੂਦਾ ਪ੍ਰਵਾਸ ਨੀਤੀਆਂ ਇੱਕ ਵੱਡਾ ਕਾਰਣ ਹੈ ਜਿਸ ਕਰਕੇ ਬਹੁਤ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਸਨੀਕਾਂ ਵਿੱਚ ਹੁਣ ਕੈਨੇਡਾ ਆਵਾਸ ਕਰਣ ਦਾ ਵਧਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਹਲਾਤਾਂ ਵਿੱਚ ਸਰਕਾਰ ਪ੍ਰਵਾਸ ਨੂੰ ਹੱਲਾਸ਼ੇਰੀ ਦੇਂਦੀ ਨਜ਼ਰ ਨਹੀਂ ਆਉਦੀ ਜਿਸ ਕਰਕੇ ਲੋਕਾਂ ਵਿੱਚ ਇਹ ਧਾਰਨਾ ਬਣ ਸਕੇ ਕਿ ਸਰਕਾਰ ਆਸਟ੍ਰੇਲੀਆਈ ਲੋਕਾਂ ਦੀਆਂ ਨੌਕਰੀਆਂ ਅਤੇ ਆਰਥਿਕ ਭਵਿਖ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।  

ਦੋਹਾਂ ਮੁਲਕਾਂ ਦੀਆਂ ਪ੍ਰਵਾਸ ਨੀਤੀਆਂ ਵਿੱਚ ਫ਼ਰਕ ਇਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਕੈਨੇਡਾ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਉਸਨੇ 2020 ਵਿੱਚ 341,000 ਪ੍ਰਵਾਸੀਆਂ ਦਾ ਟੀਚਾ ਮਿਥਿਆ ਸੀ ਜਿਸ ਨਾਲ਼ ਅਗਲੇ ਤਿੰਨ ਸਾਲਾਂ ਵਿੱਚ ਇੱਕ ਮਿਲੀਅਨ ਪੱਕੇ ਵਸਨੀਕ ਕੈਨੇਡਾ ਵਿੱਚ ਸਥਾਈ ਨਾਗਰਿਕ ਬਣ ਉੱਥੇ ਦੀ ਆਰਥਿਕ ਵਿਕਾਸ ਦਾ ਹਿਸਾ ਬਣ ਸਕਣਗੇ ਜਦੋਂ ਕਿ 2019 ਵਿੱਚ ਆਸਟ੍ਰੇਲੀਆ ਦੇ ਪ੍ਰਵਾਸ ਦੀ ਗਿਣਤੀ 190,000 ਤੋਂ ਘੱਟ ਕੇ 160,00 ਰਹਿ ਗਈ।

ਮੁਸ਼ਕਿਲ ਸਿਹਤ ਹਲਾਤਾਂ ਨਾਲ਼ ਨਜਿੱਠਣ ਲਈ ਆਸਟ੍ਰੇਲੀਆ ਨੇ ਕੈਨੇਡਾ ਨਾਲੋਂ ਸਖ਼ਤ ਯਾਤਰਾ ਪਾਬੰਦੀਆਂ ਲਾਈਆਂ ਜਿਸ ਕਾਰਣ ਬਹੁਤ ਸਾਰੇ ਅਸਥਾਈ ਅਤੇ ਬ੍ਰਿਜਇੰਗ ਵੀਜ਼ਾ ਧਾਰਕਾਂ ਲਈ ਮੁੜ ਪਰਤਣ ਦਾ ਰਾਹ ਬਹੁਤ ਔਖਾ ਅਤੇ ਲੰਮਾ ਹੋ ਗਿਆ ਹੈ। ਦੂਜੇ ਪਾਸੇ ਕੈਨੇਡਾ ਨੇ ਉਨ੍ਹਾਂ ਸਾਰਿਆਂ ਪ੍ਰਵਾਸੀਆਂ ਨੂੰ ਵਾਪਸ ਆਉਣ ਦੀ ਆਗਿਆ ਦੇ ਦਿੱਤੀ ਹੈ ਜਿਨ੍ਹਾਂ ਕੋਲ ਜਾਇਜ਼ ਵਰਕ ਪਰਮਿਟ ਹੈ।

ਆਸਟ੍ਰੇਲੀਆ ਦੀਆਂ ਪ੍ਰਵਾਸ ਨੀਤੀਆਂ ਦੀ ਬੇਉਮੀਦੀ ਨੇ ਬਹੁਤੀਆਂ ਨੂੰ ਨਵੇਂ ਵਿਕੱਲਪ ਲੱਭਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਵਿੱਚ ਕੈਨੇਡਾ ਪ੍ਰਮੁੱਖ ਹੈ।

ਤੀਹ ਸਾਲਾ ਕਵੀਸ਼ ਚੋਪੜਾ ਜੋ ਕੀ ਆਪਣੇ ਸੁਨਿਹਰੀ ਭਵਿੱਖ ਦਾ ਸੁਪਨਾ ਲੈ ਕੇ ਆਸਟ੍ਰੇਲੀਆ ਆਏ ਸੀ ਇਨ੍ਹਾਂ ਆਵਾਜਾਈ ਪਬੰਦੀਆਂ ਕਾਰਣ ਮਾਰਚ ਤੋਂ ਭਾਰਤ ਵਿੱਚ ਫ਼ਸੇ ਹੋਏ ਹਨ। ਇਨ੍ਹਾਂ ਲੰਮਾ ਸਮਾਂ ਬਾਹਰ ਰਹਿਣ ਕਰਕੇ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਆਪਣੀ ਨੌਕਰੀ ਤੋਂ ਭਾਰਤ ਬਦਲੀ ਲੈਣ ਲਈ ਮਜਬੂਰ ਹੋਣਾ ਪਿਆ।

ਉਨ੍ਹਾਂ ਕਿਹਾ ਕੀ "ਆਸਟ੍ਰੇਲੀਆਈ ਬਾਰਡਰ ਫੋਰਸ ਤੋਂ ਛੋਟ ਲੈਣ ਦੀਆਂ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਅਤੇ ਉਹ ਇਨ੍ਹਾਂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਮੈਨੂੰ ਉਮੀਦ ਨਹੀਂ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਜਾਵੇਗਾ "

ਉਨ੍ਹਾਂ ਦਾ ਕਹਿਣਾ ਹੈ ਕੀ ਮੌਜੂਦਾ ਯਾਤਰਾ ਪਾਬੰਦੀਆਂ ਦੇ ਕਾਰਨ ਆਸਟ੍ਰੇਲੀਆਈ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਤੋਂ ਇਲਾਵਾ ਕਿਸੇ ਦਾ ਦੇਸ਼ ਵਿੱਚ ਦਾਖਲ ਹੋਣਾ ਲਗਭਗ ਅਸੰਭਵ ਹੈ। ਇਨ੍ਹਾਂ ਹਲਾਤਾਂ ਅਤੇ ਆਸਟ੍ਰੇਲੀਆਈ ਸਰਕਾਰ ਦੇ ਸਹਿਯੋਗ ਦੇ ਅਭਾਵ ਕਾਰਨ ਉਨ੍ਹਾਂ ਕੈਨੇਡਾ ਜਾਣ ਦਾ ਪੱਕਾ ਮਨ ਬਣਾ ਲਿਆ ਹੈ।

“ਅਸੀਂ ਕੈਨੇਡਾ ਜਾਣ ਲਈ ਪ੍ਰਕਿਰਿਆ ਅਰੰਭ ਕਰ ਚੁੱਕੇ ਹਾਂ ਅਤੇ ਅਸੀਂ ਹੁਣ ਕਦੇ ਵੀ ਆਸਟ੍ਰੇਲੀਆ ਵਾਪਸ ਨਹੀਂ ਆਉਣਾ ਚਾਹੁੰਦਾ ਭਾਵੇਂ ਹੁਣ ਸਰਹੱਦਾਂ ਖੁੱਲ੍ਹ ਵੀ ਜਾਣ। ਸਰਕਾਰ ਨੇ ਸਾਡੇ ਅਤੇ ਹਜ਼ਾਰਾਂ ਹੋਰ ਅਸਥਾਈ ਪ੍ਰਵਾਸੀਆਂ ਨਾਲ ਜੋ ਵਿਹਾਰ ਕੀਤਾ ਹੈ ਉਸ ਨਾਲ਼ ਮੈਂ ਬਹੁਤ ਨਿਰਾਸ਼ ਹੋਇਆਂ ਹਾਂ," ਸ਼੍ਰੀ ਚੋਪੜਾ ਨੇ ਕਿਹਾ।

ਨੋਟ: ਇਹ ਸਿਰਫ ਆਮ ਜਾਣਕਾਰੀ ਹੈ ਜਿਸਨੂੰ ਪੇਸ਼ੇਵਰ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

Share
Published 26 August 2020 10:06am
Updated 12 August 2022 3:15pm
By Avneet Arora, Ravdeep Singh


Share this with family and friends