ਵਿਕਟੋਰੀਆ ਪੁਲਿਸ ਨੇ ਮਈ 2020 ਵਿੱਚ ਇੱਕ ਸੀਸੀਟੀਵੀ ਤਸਵੀਰ ਦੀ ਸੋਸ਼ਲ ਮੀਡੀਆ ਉਤੇ ਵਰਤੋਂ ਕਰਨ ਲਈ ਡਾਕਟਰ ਪ੍ਰਸੰਨਨ ਪੋਂਗਾਨਮਪਾਰਮਬਿਲੇ ਤੋਂ ਮੁਆਫੀ ਮੰਗੀ ਹੈ। ਪੁਲਿਸ ਨੇ ਇਸ ਤਸਵੀਰ ਦੇ ਅਧਾਰ 'ਤੇ ਡਾਕਟਰ ਪੋਂਗਾਨਮਪਾਰਮਬਿਲੇ ਉਤੇ 'ਵਾਈਨ' ਦੀ ਬੋਤਲ ਦੀ ਚੋਰੀ ਦਾ ਦੋਸ਼ ਲਾਇਆ ਸੀ।
ਲਾਟਰੋਬ ਰੀਜਨਲ ਹਸਪਤਾਲ ਦੇ 'ਰੀਹੈਬਲੀਟੇਸ਼ਨ ਮੈਡੀਸਨ' ਵਿਭਾਗ ਦੇ ਹੈਡ ਇਸ ਡਾਕਟਰ ਨੇ ਵਿਕਟੋਰੀਆ ਪੁਲਿਸ ਦੀ ਇਸ ਕਾਰਵਾਈ ਉੱਤੇ ਮਾਣਹਾਨੀ ਦਾ ਅਤੇ "ਗਲਤ ਢੰਗ ਨਾਲ ਕੈਦ" ਦਾ ਮੁਕੱਦਮਾ ਕੀਤਾ ਸੀ।
ਵਿਕਟੋਰੀਆ ਪੁਲਿਸ ਵਲੋਂ ਜਾਰੀ ਕੀਤੇ ਗਏ ਇੱਕ ਅਧਿਕਾਰਤ ਪਤਰ ਵਿੱਚ ਪੁਲਿਸ ਸੁਪਰਡੈਂਟ ਕ੍ਰੇਗ ਥੋਰਨਟਨ ਨੇ ਸੋਸ਼ਲ ਮੀਡੀਆ ਦੀ ਇਸ ਪੋਸਟ ਦਾ ਡਾ ਪੋਂਗਾਨਮਪਾਰਮਬਿਲੇ ਦੀ ਛਵੀ ਉਤੇ ਪਏ "ਨਕਾਰਾਤਮਕ ਪ੍ਰਭਾਵ" ਅਤੇ ਉਨ੍ਹਾਂ ਨੂੰ ਇਸ ਕਾਰਵਾਈ ਤੋਂ ਹੋਈ "ਤਕਲੀਫ਼" ਨੂੰ ਸਵੀਕਾਰ ਕੀਤਾ ਅਤੇ ਇਸ ਦੀ ਜ਼ਿਮੇਵਾਰੀ ਲਈ ਹੈ।
ਪੁਲਿਸ ਨਾਲ਼ ਮਾਮਲਾ ਨਿਬੜਨ ਤੋਂ ਬਾਅਦ ਡਾ ਪੋਂਗਾਨਮਪਾਰੰਬੀਲੇ ਨੇ ਐਸ ਬੀ ਐਸ ਮਲਿਆਲਮ ਨੂੰ ਕਿਹਾ ਕਿ ਭਾਵੇਂ ਉਹ ਇਸ ਨਤੀਜੇ ਨਾਲ਼ ਸੰਤੁਸ਼ਟ ਹਨ ਪਰ ਉਹ ਚਾਹੁੰਦੇ ਨੇ ਕਿ ਇਹ ਘਟਨਾ ਇਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋਰ ਬੇਕਸੂਰ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਸੁਚੇਤ ਕਰੇ।