ਦਫ਼ਤਰ ਵਿੱਚ ਕੰਮ ਕਰਨ ਤੋਂ ਲੈ ਕੇ ਲਾਈਟ ਬਲਬ ਬਦਲਣ ਤੱਕ, ਆਸਟ੍ਰੇਲੀਅਨ ਲੋਕ ਬਿਜਲੀ ਬਿੱਲਾਂ ਨੂੰ ਘਟਾਉਣ ਲਈ ਵਿਲੱਖਣ ਉਪਾਅ ਅਪਣਾਅ ਰਹੇ ਹਨ।
ਤੁਲਨਾਤਮਕ ਵੈਬਸਾਈਟ 'ਫਾਈਂਡਰ' ਦੁਆਰਾ ਕੀਤੇ ਗਏ ਸਰਵੇਖਣ ਵਿਚ ਲਗਭਗ 80 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਬਿਜਲੀ ਲਾਗਤਾਂ ਨੂੰ ਘਟਾਉਣ ਲਈ ਸਰਦੀਆਂ ਦੇ ਮਹੀਨਿਆਂ ਵਿੱਚ ਆਪਣੀ ਬਿਜਲੀ ਦੀ ਵਰਤੋਂ ਨੂੰ ਬਹੁਤ ਸੀਮਤ ਕਰਨਾ ਪੈ ਰਿਹਾ ਹੈ।
ਕਈ ਲੋਕਾਂ ਨੇ ਇਸ ਸਰਵੇਖਣ ਵਿਚ ਕਿਹਾ ਕਿ ਉਹ ਖਰਚਿਆਂ ਨੂੰ ਘਟਾਉਣ ਲਈ ਘਰ ਤੋਂ ਕੰਮ ਕਰਨਾ ਬੰਦ ਕਰ ਦੇਣਗੇ ਅਤੇ ਵਾਪਸ ਦਫਤਰ ਜਾਣ ਨੂੰ ਤਰਜੀਹ ਦੇਣਗੇ। ਕਈਆਂ ਨੇ ਕਿਹਾ ਕਿ ਉਨ੍ਹਾਂ ਕੋਲ ਹੀਟਰਾਂ ਅਤੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਵਿੱਚ ਕਟੌਤੀ ਕਰਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ।
ਬਿਜਲੀ ਦੀਆਂ ਕੀਮਤਾਂ ਵਿਚ ਇਹ ਵਾਧਾ ਸਰਕਾਰੀ ਊਰਜਾ ਨੀਤੀਆਂ ਦੇ ਤਹਿਤ ਹੋ ਰਿਹਾ ਹੈ ਜਿਸ ਕਰਕੇ ਸਥਾਨਕ ਲੋਕਾਂ ਨੂੰ ਲਗਭਗ 25 ਪ੍ਰਤੀਸ਼ਤ ਵੱਧ ਬਿਜਲੀ ਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਦੱਖਣੀ ਆਸਟ੍ਰੇਲੀਆ ਵਿਚ ਇਸਦਾ ਸਭ ਤੋਂ ਮਾੜਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਥੇ ਊਰਜਾ ਲਾਗਤਾਂ ਵਿਚ 22-63 ਪ੍ਰਤੀਸ਼ਤ ਦੇ ਵਿਚਕਾਰ ਵਾਧਾ ਹੋਇਆ ਹੈ। ਵਿਕਟੋਰੀਆ 'ਚ ਕੀਮਤਾਂ 22 ਤੋਂ 31 ਫੀਸਦੀ, ਨਿਊ ਸਾਊਥ ਵੇਲਜ਼ ਵਿਚ 15-36 ਪ੍ਰਤੀਸ਼ਤ ਅਤੇ ਕੁਈਨਜ਼ਲੈਂਡ ਵਿੱਚ 8-41 ਪ੍ਰਤੀਸ਼ਤ ਵੱਧ ਚੁੱਕੀਆਂ ਹਨ।