ਤਨਖਾਹ ਵਿੱਚ ਅੰਤਰ ਉਤੇ ਕੀਤੇ ਗਏ ਕਈ ਅਧਿਐਨ ਇਹ ਦਰਸਾਉਂਦੇ ਹਨ ਕਿ ਤਨਖਾਹਾਂ ਵਿੱਚ ਵਧੇਰੀ ਪਾਰਦਰਸ਼ਤਾ ਇਸ ਵਿਚਲੇ ਅੰਤਰ ਕਾਰਣ ਲੋਕਾਂ ਵਿੱਚ ਫੈਲੀ ਅਸੰਤੁਸ਼ਟੀ ਨੂੰ ਘਟਾਉਣ ਵਿੱਚ ਬਹੁਤ ਅਹਿਮ ਸਾਬਤ ਹੋ ਸਕਦੀ ਹੈ।
'ਸੁਰੱਖਿਅਤ ਨੌਕਰੀਆਂ, ਬਿਹਤਰ ਤਨਖਾਹ ਬਿੱਲ' ਦੇ ਪਾਸ ਹੋਣ ਨਾਲ਼ ਹੁਣ ਤੁਸੀ ਆਪਣੇ ਸਹਿ-ਕਰਮਚਾਰੀਆਂ ਨੂੰ ਮਿਲ਼ ਰਹੀ ਤਨਖ਼ਾਹ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਜੋ ਪਹਿਲਾਂ ਸੰਭਵ ਨਹੀਂ ਸੀ।
ਹਾਲਾਂਕਿ ਗੁਪਤਤਾ ਦੀਆਂ ਧਾਰਾਵਾਂ 'ਤੇ ਪਾਬੰਦੀਆਂ ਦਾ ਮੁੱਖ ਉਦੇਸ਼ ਲਿੰਗਕ ਤਨਖਾਹ ਦੇ ਪਾੜੇ ਨੂੰ ਘਟਾਉਣਾ ਦਾ ਹੈ ਪਰ ਇਸ ਨਾਲ਼ ਆਮਦਨ ਵਿੱਚ ਵਿਤਕਰਾ ਮਹਿਸੂਸ ਕਰ ਰਹੇ ਹੋਰ ਕਰਮਚਾਰੀਆਂ ਨੂੰ ਵੀ ਲਾਭ ਹੋਵੇਗਾ।
ਮਾਹਰਾਂ ਦਾ ਮਨਣਾ ਹੈ ਕਿ ਤਨਖਾਹ ਦੀ ਗੁਪਤਤਾ ਨੂੰ ਹਟਾਉਣ ਨਾਲ਼ ਇੱਕ ਚੰਗੀ ਲੇਬਰ ਮਾਰਕੀਟ ਦੀ ਬਣਤਰ ਵਿੱਚ ਵਡਮੁੱਲਾ ਯੋਗਦਾਨ ਪਵੇਗਾ।
ਆਸਟ੍ਰੇਲੀਆ ਵਿੱਚ ਲਿੰਗ-ਅਧਾਰਤ ਤਨਖਾਹਾਂ ਵਿੱਚ ਅੰਤਰ ਇਸ ਸਮੇਂ 22.8 ਫੀਸਦੀ ਹੈ।
ਆਸਟ੍ਰੇਲੀਆ ਦੇ ਰੁਜ਼ਗਾਰ ਅਤੇ ਕਾਰਜ ਸਥਾਨ ਸਬੰਧਾਂ ਦੇ ਫੈਡਰਲ ਮੰਤਰੀ ਟੋਨੀ ਬਰਕ ਦੇ ਅਨੁਸਾਰ ਲਿੰਗਕ ਤਨਖ਼ਾਹ ਦੇ ਅੰਤਰ ਨੂੰ ਛੁਪਾਉਣ ਲਈ ਕਈ ਰੁਜ਼ਗਾਰਦਾਤਾਵਾਂ ਵਲੋਂ ਤਨਖਾਹ ਗੁਪਤਤਾ ਦੀਆਂ ਧਾਰਾਵਾਂ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।