ਦੋ ਸਾਲਾਂ ਦੀ ਤਾਲਾਬੰਦੀ ਤੋਂ ਬਾਅਦ, ਆਸਟ੍ਰੇਲੀਆ ਦੇ ਸਾਰੇ ਪ੍ਰਮੁੱਖ ਸ਼ਹਿਰ 2019 ਤੋਂ ਬਾਅਦ ਪਹਿਲੀ ਵਾਰ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਦੀ ਸਰਗਰਮੀ ਨਾਲ ਤਿਆਰੀ ਕਰ ਰਹੇ ਹਨ।
ਸਿਡਨੀ ਵਿੱਚ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਸਿਡਨੀ ਹਾਰਬਰ ਪੁਲ ਦੇ ਆਲੇ-ਦੁਆਲੇ ਆਤਿਸ਼ਬਾਜ਼ੀ ਦੇਖਣ ਲਈ 10 ਲੱਖ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।
ਮੈਲਬੌਰਨ ਵਿੱਚ ਡੌਕਲੈਂਡਜ਼, ਫਲੈਗਸਟਾਫ ਗਾਰਡਨ, ਟ੍ਰੇਜ਼ਰੀ ਗਾਰਡਨ ਅਤੇ ਸ਼ਰਾਈਨ ਆਫ਼ ਰੀਮੇਮਬਰੈਂਸ ਦੇ ਨੇੜੇ ਚਾਰ 'ਸੈਲੀਬ੍ਰੇਸ਼ਨ ਜ਼ੋਨ' ਬਣਾਏ ਗਏ ਹਨ। ਇਨ੍ਹਾਂ ਖੇਤਰਾਂ ਵਿੱਚ ਆਤਿਸ਼ਬਾਜ਼ੀ ਰਾਤ 9.30 ਵਜੇ ਅਤੇ ਫੇਰ ਅੱਧੀ ਰਾਤ ਨੂੰ ਕੀਤੀ ਜਾਵੇਗੀ।
ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਲੋਕ ਰਾਤ 9 ਵਜੇ ਅਤੇ ਫੇਰ ਅੱਧੀ ਰਾਤ ਨੂੰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨਾਂ ਦਾ ਆਨੰਦ ਬਰਲੀ ਗ੍ਰਿਫਿਨ ਝੀਲ ਦੇ ਕੰਢੇ ਤੇ ਮਾਣ ਸਕਦੇ ਹਨ। ਇੱਥੇ ਕੇਂਦਰੀ ਅਤੇ ਪੂਰਬੀ ਬੇਸਿਨ ਤੇ ਆਤਿਸ਼ਬਾਜ਼ੀ ਜ਼ੋਨ ਬਣਾਏ ਗਏ ਹਨ।
ਹੋਬਾਰਟ ਵਿੱਚ ਆਤਿਸ਼ਬਾਜ਼ੀ ਅਤੇ ਸਮਾਗਮ ਰੇਗਾਟਾ ਮੈਦਾਨ, ਟੇਸਟ ਆਫ ਸਮਰ, ਪਾਰਲੀਮੈਂਟ ਹਾਊਸ ਲਾਅਨਜ਼ ਅਤੇ ਪ੍ਰਿੰਸ ਪਾਰਕ ਤੋਂ ਦੇਖੇ ਜਾ ਸਕਦੇ ਹਨ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਸ਼ਾਮ 6 ਵਜੇ ਤੋਂ 1 ਵਜੇ ਤੱਕ ਰਾਇਮਿਲ ਪਾਰਕ/ਮੁਰਲਾਵੀਰਾਪੁਰਕਾ ਵਿੱਚ ਸਮਾਗਮ ਆਯੋਜਿਤ ਕੀਤੇ ਜਾਣਗੇ।
ਬ੍ਰਿਸਬੇਨ ਵਿੱਚ 'ਲਾਰਡ ਮੇਅਰ ਨਵੇਂ ਸਾਲ ਦੀ ਸ਼ਾਮ' ਦਾ ਸਾਊਥ ਬੈਂਕ ਪਾਰਕਲੈਂਡਜ਼ ਵਿੱਚ ਆਨੰਦ ਮਾਣਿਆ ਜਾ ਸਕਦਾ ਹੈ ਜਿਸ ਵਿੱਚ ਦੋ ਆਤਿਸ਼ਬਾਜ਼ੀ ਦੇ ਸ਼ੋਅ ਹੋਣਗੇ। ਪਹਿਲਾ ਸ਼ੋਅ ਦਾ ਸਮਾਂ ਰਾਤ 8.30 ਵਜੇ ਦਾ ਹੈ ਅਤੇ ਦੂਜਾ ਅੱਧੀ ਰਾਤ ਨੂੰ ਹੋਵੇਗਾ।
'ਡਾਰਵਿਨ ਵਾਟਰਫਰੰਟ' ਵਿੱਚ ਡਾਰਵਿਨ ਸ਼ਹਿਰ ਦਾ ਨਵੇਂ ਸਾਲ ਦਾ ਮੁੱਖ ਸਮਾਗਮ ਹੋਵੇਗਾ ਅਤੇ ਪਰਥ ਵਿੱਚ ਐਲਿਜ਼ਾਬੈਥ ਕੀ ਅਤੇ ਨੌਰਥਬ੍ਰਿਜ ਇਲਾਕੇ ਵਿਖੇ ਰਾਤ 9 ਵਜੇ ਅਤੇ ਫੇਰ ਅੱਧੀ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾਵੇਗੀ।