ਵਿਦੁਸ਼ੀ, ਆਸਟ੍ਰੇਲੀਆ ਵਿੱਚ ਪੜ੍ਹ ਰਹੇ 710,893 ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਹੈ ਜੋ ਰਿਹਾਇਸ਼ੀ ਸੰਕਟ ਦਾ ਪ੍ਰਭਾਵ ਮਹਿਸੂਸ ਕਰ ਰਹੀ ਹੈ।
ਜਦੋਂ ਉਹ ਚਾਰ ਸਾਲ ਪਹਿਲਾਂ ਬੈਚਲਰ ਆਫ਼ ਇਨਫਰਮੇਸ਼ਨ ਸਿਸਟਮ ਦੀ ਪੜ੍ਹਾਈ ਕਰਨ ਲਈ ਐਡੀਲੇਡ ਆਈ ਸੀ ਤਾਂ ਉਸ ਦੇ ਘਰ ਦਾ ਕਿਰਾਇਆ 165 ਡਾਲਰ ਹਫ਼ਤਾ ਸੀ ਜੋ ਕੇ ਹੁਣ ਵੱਧ ਕੇ 300 ਡਾਲਰ ਹੋ ਗਿਆ ਹੈ।
ਆਸਟ੍ਰੇਲੀਆ ਇਸ ਵਕ਼ਤ ਹਾਊਸਿੰਗ ਸੰਕਟ ਵਿੱਚ ਹੈ ਜਿੱਥੇ ਹਰ ਰਾਜ ਵਿੱਚ ਕਿਰਾਇਆਂ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਸਕੇਪ, ਯੂਨੀਲੋਜ, ਲਜੀਲਓ ਅਤੇ ਯੂਗੋ ਵਰਗੀਆਂ ਕੰਪਨੀਆਂ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਵਿਦਿਆਰਥੀ ਰਿਹਾਇਸ਼ ਘਰਾਂ ਦੇ ਕਿਰਾਏ ਵਿੱਚ ਵੀ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੇ ਪਬਲਿਕ ਪਾਲਿਸੀ ਐਂਡ ਗਵਰਨੈਂਸ ਇੰਸਟੀਚਿਊਟ ਦੇ ਪ੍ਰੋਫੈਸਰ, ਐਲਨ ਮੌਰਿਸ ਦਾ ਮੰਨਣਾ ਹੈ ਕਿ ਦੇਸ਼ ਦੇ ਆਵਾਸ ਸੰਕਟ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਆਸਟ੍ਰੇਲੀਆ ਦੀ ਸਾਖ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।