ਇੱਕ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਵਿਕਟੋਰੀਆ ਪੁਲਿਸ ਤੱਕ ਦਾ ਸਫ਼ਰ: ਕਸ਼ਮੀਰ ਕੌਰ

ਵਿਕਟੋਰੀਆ ਪੁਲਿਸ ਵਿੱਚ ਇੱਕ ਪ੍ਰੋਟੈਕਟਿਵ ਸਰਵਿਸ ਅਫਸਰ (ਪੀਐੱਸਓ) ਵਜੋਂ ਕੰਮ ਕਰਦੀ ਕਸ਼ਮੀਰ ਕੌਰ ੨੦੦੯ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ। ਉਸਨੂੰ ਪੁਲਿਸ ਦੀ ਨੌਕਰੀ ਕਰਨ ਦੀ ਹੱਲਾਸ਼ੇਰੀ ਆਪਣੇ ਪਤੀ ਤੋਂ ਮਿਲੀ।

PSO Kashmir Kaur

Source: Supplied

ਕਸ਼ਮੀਰ ਕੌਰ ਨੂੰ ਮੈਲਬੌਰਨ ਵਿੱਚ ਰਹਿੰਦਿਆਂ ਹੁਣ ਨੌਂ ਸਾਲ ਹੋ ਗਏ ਹਨ। ਭਾਰਤ ਤੋਂ ਆਸਟ੍ਰੇਲੀਆ ਤੱਕ ਦਾ ਉਸਦਾ ਸਫ਼ਰ ਕਾਫੀ ਦਿਲਚਸਪ ਤੇ ਚੁਣੌਤੀ ਭਰਪੂਰ ਰਿਹਾ ਹੈ।

ਉਹ ਪੰਜਾਬ ਤੋਂ ਮੈਲਬੌਰਨ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰਨ ਲਈ ਆਈ ਸੀ ਕਿ ਇਥੇ ਦੀ ਹੀ ਹੋ ਕੇ ਰਹਿ ਗਈ।

ਉਸਨੇ ਆਸਟ੍ਰੇਲੀਆ ਰਹਿੰਦਿਆਂ ਅਡਵਾਂਸਡ ਡਿਪਲੋਮਾ ਇਨ ਹੋਸਪਿਟਾਲਿਟੀ ਕੀਤਾ। ਪੜ੍ਹਾਈ ਦੌਰਾਨ ਹੀ ਉਸਦਾ ਆਪਣੇ ਜੀਵਨ-ਸਾਥੀ ਨਾਲ ਮਿਲਾਪ ਹੋਇਆ।

ਵਿਆਹ ਤੋਂ ਬਾਅਦ ਉਸਦਾ ਧਿਆਨ ਪੁਲਿਸ ਦੀ ਨੌਕਰੀ ਕਰਨ ਵੱਲ ਹੋਇਆ। ਬਨਿੰਗਜ਼ ਵਿੱਚ ਨੌਕਰੀ ਕਰਦਿਆਂ ਉਸਦੀ ਇੱਕ ਸਾਥਣ ਨੇ ਜਦ ਆਪਣੇ ਭਰਾ ਦੀ ਪੁਲਿਸ ਗ੍ਰੈਜੂਏਸ਼ਨ ਦੀਆਂ ਤਸਵੀਰਾਂ ਦਿਖਾਈਆਂ ਤਾਂ ਉਸਨੇ ਪੁਲਿਸ ਵਿੱਚ ਭਰਤੀ ਹੋਣ ਦੀ ਠਾਣ ਲਈ।
PSO Kashmir Kaur
Source: Supplied
ਕਸ਼ਮੀਰ ਕੌਰ ਪੁਲਿਸ ਵਿੱਚ ਭਰਤੀ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਪਤੀ ਦੇ ਯੋਗਦਾਨ ਨੂੰ ਕਾਫੀ ਅਹਿਮ ਮੰਨਦੀ ਹੈ - ‘ਮੈਨੂੰ ਪੀਐੱਸਓ ਦੀ ਨੌਕਰੀ ਬਾਰੇ ਜਿਆਦਾ ਕੁਝ ਪਤਾ ਨਹੀ ਸੀ - ਪਰ ਮੇਰੇ ਪਤੀ ਨੇ ਨਾ ਸਿਰਫ ਮੈਨੂੰ ਹੱਲਾਸ਼ੇਰੀ ਦਿੱਤੀ ਬਲਕਿ ਇਸਦੀ ਤਿਆਰੀ ਲਈ ਸਾਰੀ ਜਾਣਕਾਰੀ ਵੀ ਇੱਕਠੀ ਕੀਤੀ।‘

ਉਸਦਾ ਆਖਣਾ ਹੈ ਕਿ ਪੀਐੱਸਓ ਦੀ ਨੌਕਰੀ ‘ਕੰਮਾਂ ਵਰਗਾ ਕੰਮ’ ਹੈ ਪਰ ਇੱਕ ਭਾਰਤੀ ਮੂਲ ਦੀ ਔਰਤ ਹੋਣ ਦੇ ਨਾਤੇ ਹੋ ਸਕਦਾ ਹੈ ਕਿ ਉਸਦਾ ਇਹ ਰੋਲ ਕੁਝ ਲੋਕਾਂ ਲਈ ਅਹਿਮ ਹੋਵੇ - 'ਹੋਰ ਵੀ ਬਹੁਤ ਸਾਰੇ ਭਾਰਤੀ ਮੂਲ ਦੇ ਪੀਐੱਸਓ ਹਨ। ਮੇਰੀ ਆਪਣੀ ਯੂਨਿਟ ਵਿੱਚ ਹੀ ਉਨ੍ਹਾਂ ਦੀ ਕਾਫੀ ਗਿਣਤੀ ਹੈ।'
PSO Kashmir Kaur
Source: Supplied
ਕਸ਼ਮੀਰ ਕੌਰ ਆਪਣੇ ਵੇਹਲੇ ਸਮੇਂ ਵਿੱਚ ਘੁੰਮਣ ਦਾ ਸ਼ੌਕ ਰੱਖਦੀ ਹੈ। ਉਹ ਆਪਣੀ ਜਿੰਦਗੀ ਵਿੱਚ ਭਾਰਤੀ ਤੇ ਆਸਟ੍ਰੇਲੀਅਨ ਸੱਭਿਆਤਾਵਾਂ ਦਾ ਮਿਸ਼੍ਰਣ ਦੇਖਣਾ ਚਾਹੁੰਦੀ ਹੈ।

'ਮੈਂ ਦੋਂਨੋ ਪਾਸੇ ਦੀਆਂ ਚੰਗੀਆਂ ਗੱਲਾਂ ਅਪਣਾਉਣਾ ਚਾਂਹੁੰਦੀ ਹਾਂ ਪਰ ਪਰਿਵਾਰ ਤੇ ਪਰਿਵਾਰਕ ਕਦਰਾਂ-ਕੀਮਤਾਂ ਹਮੇਸ਼ਾਂ ਹੀ ਮੇਰੇ ਦਿਲ ਦੇ ਕਰੀਬ ਰਹੇ ਹਨ।'

Share
Published 26 February 2018 12:30pm
Updated 12 August 2022 3:48pm
By Preetinder Grewal, Vikrant Kishore

Share this with family and friends