ਆਸਟ੍ਰੇਲੀਆਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਿਹਤਰ ਕਰਨ ਲਈ ਇੱਕ ਮਹੱਤਵਪੂਰਨ ਬਦਲਾਅ ਵਿੱਚ, ਅਲਬਾਨੀਜ਼ ਸਰਕਾਰ ਨੇ ਹੁਨਰਮੰਦ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਰਿਵਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਕਈ ਸੁਧਾਰ ਜਾਰੀ ਕੀਤੇ ਹਨ।
ਆਸਟ੍ਰੇਲੀਆ ਵਿੱਚ ਉੱਚ-ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਇਹ ਸਮੀਖਿਆ ਕੀਤੀ ਗਈ ਹੈ।
ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਸਮੀਖਿਆ ਤੋਂ ਬਾਅਦ ਲਗਭਗ ਹਰ ਵੀਜ਼ਾ ਸ਼੍ਰੇਣੀ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਦੇਸ਼ ਦੀ ਮੌਜੂਦਾ ਪ੍ਰਵਾਸ ਪ੍ਰਣਾਲੀ ਸਭ ਤੋਂ ਵੱਧ 'ਸਕਿਲਡ' ਲੋਕਾਂ ਨੂੰ ਆਕਰਸ਼ਿਤ ਕਰਨ ਅਤੇ ਕਾਰੋਬਾਰਾਂ ਨੂੰ ਕਾਮਿਆਂ ਤੱਕ ਕੁਸ਼ਲ ਪਹੁੰਚ ਦੇਣ ਵਿੱਚ ਅਸਫਲ ਰਹੀ ਹੈ।
ਪ੍ਰਸਤਾਵਿਤ ਬਦਲਾਅ ਹੁਨਰਮੰਦ ਪ੍ਰਵਾਸੀਆਂ ਨੂੰ ਕਿਵੇਂ ਪ੍ਰਭਾਵਤ ਕਰਨਗੇ?
ਸਥਾਈ ਨਿਵਾਸ ਲਈ ਮਾਰਗ
1 ਜੁਲਾਈ ਤੋਂ, ਸਰਕਾਰ ਅਸਥਾਈ ਹੁਨਰਮੰਦ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ ਦੇ 'ਥ੍ਰੈਸ਼ਹੋਲਡ' ਨੂੰ $53,900 ਤੋਂ ਵਧਾ ਕੇ $70,000 ਕਰ ਦੇਵੇਗੀ।
ਸ਼੍ਰੀਮਤੀ ਓ'ਨੀਲ ਨੇ ਘੋਸ਼ਣਾ ਕੀਤੀ ਕਿ ਹਜ਼ਾਰਾਂ ਅਸਥਾਈ ਹੁਨਰਮੰਦ ਕਰਮਚਾਰੀ ਸਾਲ ਦੇ ਅੰਤ ਤੱਕ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।
ਉੱਚ-ਹੁਨਰ ਵਾਲੇ ਪ੍ਰਵਾਸੀਆਂ ਨੂੰ ਸਰਗਰਮੀ ਨਾਲ ਆਸਟ੍ਰੇਲੀਆ ਭਰਤੀ ਕਰਨ ਲਈ ਪੁਆਇੰਟ ਟੈਸਟ ਵਿੱਚ ਵੀ ਸੁਧਾਰ ਕੀਤਾ ਜਾਵੇਗਾ, ਜਦੋਂ ਕਿ ਸੈਂਕੜੇ ਵੀਜ਼ਾ ਸ਼੍ਰੇਣੀਆਂ ਅਤੇ ਉਪ ਸ਼੍ਰੇਣੀਆਂ ਨੂੰ ਸਰਲ ਬਣਾਇਆ ਜਾਵੇਗਾ।
ਪੜ੍ਹਾਈ ਪੂਰੀ ਕਰਨ ਵਾਲੇ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ 'ਆਟੋਮੈਟਿਕ' ਅਸਥਾਈ ਗ੍ਰੈਜੂਏਟ ਵੀਜ਼ਾ ਦੇਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਸੁਧਾਰਾਂ ਵਿੱਚ ਇੱਕ ਤਿੰਨ-ਪੱਧਰੀ ਹੁਨਰਮੰਦ ਮਾਈਗ੍ਰੇਸ਼ਨ ਪ੍ਰਣਾਲੀ ਵੀ ਸ਼ਾਮਲ ਹੋਵੇਗੀ, ਜਿਸ ਵਿੱਚ ਉੱਚ-ਹੁਨਰਮੰਦ ਪ੍ਰਵਾਸੀਆਂ ਲਈ ਇੱਕ ਤੇਜ਼ ਤਬਦੀਲੀ ਦਾ ਸਮਾਂ, ਨੌਕਰੀਆਂ ਅਤੇ ਹੁਨਰ ਆਸਟ੍ਰੇਲੀਆ ਨਾਲ ਜੁੜੀ ਇੱਕ ਮੱਧ ਧਾਰਾ, ਅਤੇ ਘੱਟ ਤਨਖਾਹ ਵਾਲੇ ਦੇਖਭਾਲ ਕਰਮਚਾਰੀਆਂ ਲਈ ਇੱਕ ਅੰਤਮ ਮਾਰਗ ਸ਼ਾਮਲ ਹੋਵੇਗਾ।
ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਪ੍ਰਭਾਵ
ਸ਼੍ਰੀਮਤੀ ਓ'ਨੀਲ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਮਿਆਰੀ ਵਿਦੇਸ਼ੀ ਵਿਦਿਆਰਥੀਆਂ ਦੀ ਲੋੜ ਹੈ ਜਿਨ੍ਹਾਂ ਨੂੰ ਮਾਈਗ੍ਰੇਸ਼ਨ ਮਾਰਗਾਂ ਦੀ ਸਹੂਲਤ ਦਿੱਤੀ ਜਾ ਸਕਦੀ ਹੈ।
ਸਮੀਖਿਆ ਵਿੱਚ ਪੜ੍ਹਾਈ ਪੂਰੀ ਹੋਣ 'ਤੇ ਵਿਦਿਆਰਥੀਆਂ ਨੂੰ 'ਆਟੋਮੈਟਿਕ' ਅਸਥਾਈ ਗ੍ਰੈਜੂਏਟ ਵੀਜ਼ਾ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ, ਜੋ ਕਿ ਸਰਕਾਰ ਲਈ "ਆਸਟ੍ਰੇਲੀਆ ਲਈ ਉੱਚ-ਮੁੱਲ ਵਾਲੇ ਸੰਭਾਵੀ ਗ੍ਰੈਜੂਏਟਾਂ ਦੀ ਪਛਾਣ ਕਰਨ ਲਈ ਲੰਬੇ ਸਮੇਂ ਤੱਕ ਚੱਲੇਗਾ ਜੋ ਸਥਾਈ ਹੁਨਰਮੰਦ ਵੀਜ਼ਾ 'ਤੇ ਸਫਲ ਹੋਣਗੇ। "
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਸਿਡਨੀ ਸਥਿਤ ਮਾਈਗ੍ਰੇਸ਼ਨ ਏਜੰਟ ਰਾਜਵੰਤ ਸਿੰਘ ਨੇ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੀਆਂ ਸਖ਼ਤ ਜ਼ਰੂਰਤਾਂ ਅਤੇ ਕਾਲਜਾਂ ਦੀ ਨਿਯਮਤ ਗੁਣਵੱਤਾ ਜਾਂਚ ਨੂੰ ਵੀ ਰਿਪੋਰਟ ਵਿੱਚ ਫਲੈਗ ਕੀਤਾ ਗਿਆ ਹੈ।
ਸਰਕਾਰ ਪੇਰੈਂਟ ਵੀਜ਼ਾ ਧਾਰਕਾਂ ਲਈ ਵੀ ਸਥਾਈ ਮਾਈਗ੍ਰੇਸ਼ਨ ਤੱਕ ਪਹੁੰਚ ਨੂੰ ਸਖਤ ਕਰੇਗੀ
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮਾਤਾ-ਪਿਤਾ ਵੀਜ਼ਾ ਅਰਜ਼ੀਆਂ ਲਈ ਪ੍ਰਕਿਰਿਆ ਦਾ ਸਮਾਂ "30 ਤੋਂ 50 ਸਾਲ ਦੇ ਵਿਚਕਾਰ" ਹੈ, ਜਾਂ ਜੇਕਰ ਬਿਨੈਕਾਰ ਯੋਗਦਾਨ ਪਾਉਣ ਵਾਲੇ ਮਾਤਾ-ਪਿਤਾ ਵੀਜ਼ਾ ਲਈ $48,000 ਦੀ ਰਕਮ ਕੱਢ ਸਕਦੇ ਹਨ ਤਾਂ 15 ਸਾਲ ਹੈ।
ਰਾਜਵੰਤ ਸਿੰਘ ਹੋਰਾਂ ਨੇ ਦੱਸਿਆ ਕਿ ਰਿਪੋਰਟ 'ਚ ਪਾਇਆ ਗਿਆ ਹੈ ਕਿ ਪੇਰੈਂਟ ਵੀਜ਼ਾ ਧਾਰਕਾਂ ਦੀ ਲਾਗਤ, ਵੀਜ਼ਾ ਫੀਸਾਂ ਤੋਂ ਕਾਫ਼ੀ ਜ਼ਿਆਦਾ ਹੈ, ਜਿਸ ਦੇ ਚੱਲਦੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਸਥਾਈ ਪੇਰੈਂਟ ਵੀਜ਼ਾ ਮਾਈਗ੍ਰੇਸ਼ਨ ਨੂੰ ਖਤਮ ਕਰ ਸਕਦੀ ਹੈ।