ਏ ਏ ਟੀ ਦੇ ਇੱਕ ਸੀਨੀਅਰ ਮੈਂਬਰ ਡਾ ਡੇਮਿਅਨ ਕਰੀਮਨ ਨੇ ਆਪਣੇ ਫੈਸਲੇ ਨੂੰ ਉਲਟਾਉਣ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਇਹ ਬੱਚਿਆਂ ਨਾਲ ਦੁਰਵਿਹਾਰ ਵਾਲੇ ਮਾਮਲੇ ਹਿੱਤ ਪਹਿਲਾਂ ਲਏ ਗਏ ਗਲਤ ਫੈਸਲੇ ਦਾ ਸੁਧਾਰ ਹੈ।
ਜੂਲਾਈ 2015 ਵਿੱਚ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਸ ਨੂੰ ਉਸ ਸਮੇਂ ਸ਼ੱਕ ਪਿਆ ਸੀ ਜਦੋਂ ਸ਼੍ਰੀ ਸ਼ਰਮਾ* ਦੇ ਤਿੰਨ ਮਹੀਨਿਆਂ ਦੇ ਬੇਟੇ ਦੀ ਗਲ੍ਹ ਅਤੇ ਪਿੱਠ ਉੱਤੇ ਕੁੱਝ ਝਰੀਟਾਂ ਲੱਗੀਆਂ ਹੋਈਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸ਼੍ਰੀ ਸ਼ਰਮਾ ਨੂੰ ਆਪਣੀ ਪਤਨੀ ਅਤੇ ਬੇਟੇ ਤੋਂ ਅਲੱਗ ਰਹਿਣ ਦੇ ਹੁਕਮ ਦਿੱਤੇ ਗਏ ਸਨ।
ਇਸ ਤੋਂ ਕੁਝ ਦਿਨਾਂ ਬਾਅਦ ਹੀ ਇਸੇ ਬਾਲ ਦੇ ਇੱਕ ਗਿੱਟੇ ਤੇ ਵੀ ਮਾਮੂਲੀ ਫਰੈਕਚਰ ਦੇਖਣ ਨੂੰ ਮਿਲਿਆ ਸੀ।
ਸ਼੍ਰੀ ਸ਼ਰਮਾ ਜੋ ਕਿ ਉਸ ਸਮੇਂ ਡਿਟੈਨਸ਼ਨ ਸੈਂਟਰ ਵਿੱਚ ਸਨ, ਨੇ ਟਰਾਈਬਿਊਨਲ ਨੂੰ ਦੱਸਿਆ ਕਿ ਉਹਨਾਂ ਦੀ ਪਤਨੀ ਵਲੋਂ ਸੁਝਾਅ ਦਿੱਤਾ ਗਿਆ ਸੀ ਕਿ ਅਗਰ ਉਹਨਾਂ ਦੋਹਾਂ ਵਿੱਚੋਂ ਕਿਸੇ ਇੱਕ ਨੇ ਇਹ ਇਲਜਾਮ ਆਪਣੇ ਸਿਰ ਤੇ ਨਾ ਲਿਆ ਤਾਂ ਉਹਨਾਂ ਦੇ ਬੇਟੇ ਨੂੰ ਉਹਨਾਂ ਦੋਹਾਂ ਤੋਂ ਦੂਰ ਕਰ ਦਿੱਤਾ ਜਾਵੇਗਾ।
ਇਸ ਡਰ ਕਾਰਨ ਹੀ ਸ਼੍ਰੀ ਸ਼ਰਮਾ ਨੇ ਪੁਲਿਸ ਕੋਲ ਮੰਨਿਆ ਸੀ ਕਿ ਉਹਨਾਂ ਨੇ ਖੁੱਦ ਹੀ ਆਪਣੇ ਬੱਚੇ ਨੂੰ ਸੱਟਾਂ ਮਾਰੀਆਂ ਸਨ ਕਿਉਂਕਿ ਬੱਚਾ ਉਹਨਾਂ ਨੂੰ ਤੰਗ ਕਰ ਰਿਹਾ ਸੀ।
ਸ਼੍ਰੀ ਸ਼ਰਮਾ ਵਲੋਂ ਆਪਣੇ ਬੱਚੇ ਨੂੰ ਜਖਮੀ ਕਰਨ ਦੇ ਦੋਸ਼ਾਂ ਨੂੰ ਮੰਨਣ ਤੋਂ ਬਾਅਦ ਉਹਨਾਂ ਨੂੰ ਦਸੰਬਰ 2016 ਵਿੱਚ ਇੱਕ ਕਮਿਊਨਿਟੀ ਕੋਰੈਕਸ਼ਨ ਆਰਡਰ ਤਹਿਤ 12 ਮਹੀਨਿਆਂ ਲਈ ਰਿਹਾ ਕਰ ਦਿੱਤਾ ਗਿਆ ਸੀ।

Source: Dave Hunt
ਪਰ ਹੁਣ ਜਦੋਂ ਮਾਰਚ 2018 ਵਿੱਚ ਸ਼੍ਰੀ ਸ਼ਰਮਾ ਦੀ ਪਤਨੀ ਦੀ ਵੀਜ਼ਾ ਅਰਜੀ ਖਾਰਜ ਹੋ ਗਈ, ਤਾਂ ਉਸ ਸਮੇਂ ਸ਼੍ਰੀ ਸ਼ਰਮਾ ਨੇ ‘ਏਏਟੀ’ ਨੂੰ ਦੱਸਿਆ ਕਿ ਉਹਨਾਂ ਨੇ ਪੁਲਿਸ ਕੋਲ ਆਪਣੇ ਬੱਚੇ ਨੂੰ ਜਖਮੀ ਕਰਨ ਬਾਰੇ ਇਸ ਲਈ ਝੂਠ ਬੋਲਿਆ ਸੀ ਤਾਂ ਕਿ ਉਹਨਾਂ ਦੇ ਬੇਟੇ ਨੂੰ ਉਹਨਾਂ ਕੋਲੋਂ ਖੋਹਿਆ ਨਾ ਜਾ ਸਕੇ।
ਉਹਨਾਂ ਕਿਹਾ ਕਿ ਅਗਰ ਉਹਨਾਂ ਨੂੰ ਭਾਰਤ ਭੇਜਿਆ ਜਾਵੇਗਾ ਤਾਂ ਉਹ ਬਰਬਾਦ ਹੋ ਜਾਣਗੇ।
ਉਹਨਾਂ ਕਿਹਾ ਕਿ, ‘ਇਹ ਮੇਰੇ ਬੇਟੇ ਦੇ ਹੱਕ ਵਿੱਚ ਨਹੀਂ ਹੋਵੇਗਾ ਕਿਉਂਕਿ ਮੈਨੂੰ ਯਕੀਨ ਹੈ ਕਿ ਮੈ ਉਸ ਦੀ ਜਿੰਦਗੀ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹਾਂ’।
ਵਿਭਾਗ ਦੇ ਇੱਕ ਵਕੀਲ ਨੇ ਟਰਾਈਬਿਊਨਲ ਨੂੰ ਕਿਹਾ ਕਿ ਸ਼੍ਰੀ ਸ਼ਰਮਾ ਸਾਰੇ ਹੀ ਆਸਟ੍ਰੇਲੀਅਨ ਭਾਈਚਾਰੇ ਲਈ ਇੱਕ ਖਤਰਾ ਹੈ ਅਤੇ ਇਸ ਲਈ ਇਹਨਾਂ ਨੂੰ ਭਾਰਤ ਵਾਪਸ ਭੇਜ ਦੇਣਾ ਚਾਹੀਦਾ ਹੈ।
ਪਰ ਉੱਚ ਅਧਿਕਾਰੀ ਡਾ ਕਰੀਮਨ ਨੇ ਕਿਹਾ ਕਿ ਵਿਭਾਗ ਦੀ ਇਸ ਸਬਮਿਸ਼ਨ ਵਿੱਚ ਕੋਈ ਦਮ ਨਹੀਂ ਹੈ ਅਤੇ ਇਹ ਪਰਮਾਣਾ ਤੋਂ ਖਾਲੀ ਹੈ।
‘ਏਏਟੀ’ ਨੇ ਕਿਹਾ ਕਿ ਬੇਸ਼ਕ ਵਿਭਾਗ ਨੂੰ ਬਾਲ ਦੁਰਵਿਹਾਰ ਦੇ ਮਾਮਲਿਆਂ ਵਿੱਚ ਤੇਜੀ ਦਿਖਾਉਣੀ ਹੀ ਚਾਹੀਦੀ ਹੈ ਪਰ ਕਈ ਵਾਰ ਇਹ ਗਲਤ ਫਹਿਮੀ ਦਾ ਸ਼ਿਕਾਰ ਵੀ ਜਾਂਦੀ ਹੈ।
ਡਾ ਕਰੀਮਨ ਨੇ ਕਿਹਾ ਕਿ,’ਮੈਂ ਬਿਨੇਕਰਤਾ ਵਲੋਂ ਦਿੱਤੇ ਗਏ ਇਸ ਸਪਸ਼ਟੀਕਰਨ ਨੂੰ ਸਵੀਕਾਰ ਕਰਦਾ ਹਾਂ ਕਿ ਬੱਚੇ ਦੀ ਗੱਲ੍ਹ ਤੇ ਪਏ ਨਿਸ਼ਾਨ ਉਸ ਨਾਲ ਲਾਡ ਕਰਨ ਸਮੇਂ ਲੱਗੇ ਸਨ। ਇਸ ਦੇ ਨਾਲ ਮੈਂ ਇਹ ਵੀ ਸਵੀਕਾਰ ਕਰਦਾ ਹਾਂ ਕਿ ਬੱਚੇ ਦੇ ਪਿਛਵਾੜੇ ਤੇ ਲੱਗੇ ਹੋਏ ਨਿਸ਼ਾਨ ਗਲਾ ਘੁੱਟੇ ਯਾਨਿ ਕੇ ‘ਚੋਕਿੰਗ’ ਹੋ ਜਾਣ ਕਾਰਨ ਪੈਦਾ ਹੋਈ ਘਬਰਾਹਟ ਸਮੇਂ ਲੱਗੇ ਸਨ’।
”
ਬੇਸ਼ਕ ਸ਼੍ਰੀ ਸ਼ਰਮਾ ਨੇ ਪੁਲਿਸ ਕੋਲ ਇਹ ਮੰਨਿਆ ਸੀ ਕਿ ਉਸ ਦੇ ਬੇਟੇ ਦੇ ਗਿੱਟੇ ਤੇ ਫਰੈਕਚਰ ਇਸ ਲਈ ਹੋਇਆ ਸੀ ਕਿਉਂਕਿ ਉਹਨਾਂ ਨੇ ਬੱਚੇ ਨੂੰ ਗਿੱਟੇ ਤੋਂ ਸਖਤੀ ਨਾਲ ਫੜਿਆ ਸੀ, ਪਰ ਟਰਾਈਬਿਊਨਲ ਹੁਣ ਇਸ ਗਲ ਤੇ ਯਕੀਨ ਕਰਦੀ ਹੈ ਕਿ ਸ਼੍ਰੀ ਸ਼ਰਮਾ ਨੂੰ ਇਸ ਜਖਮ ਦੇ ਅਸਲ ਕਾਰਨਾਂ ਦਾ ਬਿਲਕੁਲ ਵੀ ਪਤਾ ਨਹੀਂ ਸੀ।
ਐਸ ਬੀ ਐਸ ਪੰਜਾਬੀ ਨੇ ਸ਼੍ਰੀ ਸ਼ਰਮਾ ਦੀ ਵਕੀਲ ਲੀਆਹ ਪਰਕਿਨਸ ਨਾਲ ਸੰਪਰਕ ਕੀਤਾ ਪਰ ਉਹਨਾਂ ਨੇ ਇਸ ਬਾਬਤ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
‘ਏਏਟੀ’ ਨੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼੍ਰੀ ਸ਼ਰਮਾ ਦੀ ਵੀਜ਼ਾ ਅਰਜੀ ਖਾਰਜ ਨਾ ਕੀਤੀ ਜਾਵੇ ਕਿਉਂਕਿ ਬੱਚਿਆਂ ਨੂੰ ਇਹਨਾਂ ਕੋਲੋਂ ਕੋਈ ਵੀ ਖਤਰਾ ਨਹੀਂ ਹੈ।
*ਪਛਾਣ ਸੁਰੱਖਿਅਤ ਰੱਖਣ ਲਈ ਅਸਲ ਨਾਮ ਨਹੀਂ ਵਰਤੇ ਗਏ ਹਨ।