ਆਸਟ੍ਰੇਲੀਆ ਦਾ ਵੀਜ਼ਾ ਦੁਆਉਣ ਦੇ ਬਹਾਨੇ ਇੱਕ ਭਾਰਤੀ ਨੂੰ ਮਲੇਸ਼ੀਆ ਵਿੱਚ ਅਗਵਾ ਕਰ ਲਿਆ ਗਿਆ ਜਿਸ ਨੂੰ ਪੁਲਿਸ ਦੇ ਯਤਨ ਅਤੇ ਭਾਰਤੀ ਐਮਬੈਸੀ ਦੇ ਦਖਲ ਦੇਣ ਮੰਗਰੋੰ ਰਿਹਾ ਕਰਵਾਇਆ ਗਿਆ ਹੈ।
26 ਸਾਲ ਉਮਰ ਦਾ ਹਰਿਆਣਾ ਨਿਵਾਸੀ ਸੰਜੀਵ ਕੁਮਾਰ ਪਟਿਆਲਾ ਅਤੇ ਅੰਮ੍ਰਿਤਸਰ ਦੇ ਕੁਝ ਏਜੇਂਟਾਂ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਈ ਡੀਲ ਕਰ ਕੇ 19 ਜੁਲਾਈ ਨੂੰ ਮਲੇਸ਼ੀਆ ਪਹੁੰਚਿਆ ਸੀ।
ਪੁਲਿਸ ਮੁਤਾਬਿਕ, ਸੌਦਾ 8.5 ਲੱਖ ਰੁਪਏ ਦਾ ਸੀ ਤੇ ਸੰਜੀਵ ਨੇ 2 ਲੱਖ ਰੁਪਏ ਪਹਿਲਾਂ ਦੇ ਦਿੱਤੇ ਸਨ ਅਤੇ ਬਾਕੀ ਆਸਟ੍ਰੇਲੀਆ ਪਹੁੰਚਣ ਤੇ ਦੇਣੇ ਸਨ।
ਹਨ ਦਿੱਲੀ ਤੋਂ ਬੈਂਗਕੋਕ ਅਤੇ ਓਥੋਂ ਫੇਰ ਸੜਕ ਰਹਿਣ ਮਲੇਸ਼ੀਆ ਪਹੁੰਚਿਆ।
ਕੈਥਲ ਦੀ ਐਸ ਪੀ ਆਸਥਾ ਮੋਦੀ ਨੇ ਦੱਸਿਆ ਕਿ ਸੰਜੀਵ ਦਰਅਸਲ ਅਪਰਾਧੀਆਂ ਦੇ ਗਿਰੋਹ ਦਾ ਸ਼ਿਕਾਰ ਬਣ ਗਿਆ ਅਤੇ ਉਹਨਾਂ ਨੇ ਉਸਨੂੰ ਆਪਣੇ ਪਰਿਵਾਰ ਨੂੰ ਫੋਨ ਕਰਕੇ ਬਾਕੀ ਦੀ ਰਕਮ ਦੇਣ ਲਈ ਕਿਹਾ।
ਸੰਜੀਵ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ - ਪਰ ਪਹਿਲਾਂ ਤੋਂ ਦਸੇ ਇੱਕ ਕੋਡ ਵਰਡ ਦੀ ਵਰਤੋਂ ਕਰ ਕੇ ਉਸਨੇ ਇਹ ਇਸ਼ਾਰਾ ਦੇ ਦਿੱਤਾ ਕਿ ਉਹ ਮੁਸੀਬਤ ਵਿੱਚ ਹੈ।
"ਉਸਦੇ ਘਰੋਂ ਜਾਣ ਤੋਂ ਪਹਿਲਾਂ ਅਸੀਂ ਕੋਡ ਵਰਡ ਰੱਖ ਲਿਆ ਸੀ 'ਗਰਮੀ' ਦਾ ਮਤਲਬ ਖਤਰਾ ਅਤੇ 'ਠੰਡ' ਦਾ ਮਤਲਬ ਸਭ ਠੀਕ ਹੈ। ਤੇ ਜਦੋਂ ਉਸਨੇ ਅਗਵਾ ਕਰਨ ਵਾਲਿਆਂ ਦੇ ਕਹਿਣ ਤੇ ਪੈਸੇ ਦੇਣ ਨੂੰ ਕਿਹਾ ਤਾਂ ਨਾਲ ਹੀ ਦੱਸ ਦਿੱਤਾ ਕਿ ਓਥੇ ਬੜੀ ਗਰਮੀ ਹੈ, ਤੇ ਅਸੀਂ ਸਮਝ ਗਏ ਕਿ ਉਹ ਆਸਟ੍ਰੇਲੀਆ ਨਹੀਂ ਪਹੁੰਚਿਆ," ਉਸਦੇ ਪਿਤਾ ਕ੍ਰਿਸ਼ਨ ਲਾਲ ਨੇ ਦੱਸਿਆ।
ਇਸ ਮਗਰੋਂ ਤਿੰਨ ਦਿਨ ਸੰਜੀਵ ਆਪਣੇ ਪਰਿਵਾਰ ਨੂੰ ਅਗਵਾਕਾਰਾਂ ਦੇ ਕਹਿਣ ਤੇ ਫੋਨ ਕਰਕੇ ਕਹਿੰਦਾ ਰਿਹਾ ਕਿ ਉਹ ਪੈਸੇ ਦੇ ਦੇਣ, ਪਰ ਨਾਲ ਹੀ ਕੋਡ ਵਰਡ ਦੇ ਜ਼ਰੀਏ ਇਹ ਵੀ ਦੱਸ ਦਿੰਦਾ ਸੀ ਕਿ ਉਹ ਅਜੇ ਆਸਟ੍ਰੇਲੀਆ ਨਹੀਂ ਪਹੁੰਚਿਆ। ਪਰ ਚੌਥੇ ਦਿਨ ਉਸਦਾ ਫੋਨ ਬੰਦ ਹੋ ਗਿਆ ਅਤੇ ਉਸ ਨਾਲ ਪਰਿਵਾਰ ਦਾ ਸੰਪਰਕ ਟੁੱਟ ਗਿਆ।
ਪਰਿਵਾਰ ਨੇ ਓਹਨਾ ਏਜੇਂਟਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਰਾਹੀਂ ਸੰਜੀਵ ਬਾਹਰ ਗਿਆ ਸੀ। ਏਜੇਂਟਾਂ ਨੇ ਇੱਕ ਵਿਅਕਤੀ ਦਾ ਨੰਬਰ ਦੇ ਕੇ ਉਸਨਾਲ ਗੱਲ ਕਰਨ ਲਈ ਕਿਹਾ। ਉਸ ਵਿਅਕਤੀ ਨੇ ਪਰਿਵਾਰ ਤੋਂ 25 ਲੱਖ ਰੁਪਏ ਫਿਰੌਤੀ ਮੰਗੀ ਅਤੇ ਧਮਕੀ ਦਿੱਤੀ ਕਿ ਉਹ ਸੰਜੀਵ ਦੀ ਕਿਡਨੀ ਵੇਚ ਦੇਣਗੇ।
ਇਸ ਮਗਰੋਂ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਮਲੇਸ਼ੀਆ ਵਿੱਚ ਭਾਰਤੀ ਐਮਬੈਸੀ ਨੇ ਓਥੋਂ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀ ਕਾਰਵਾਈ ਮਗਰੋਂ ਸੰਜੀਵ ਨੂੰ ਬੀਤੇ ਸ਼ਨੀਵਾਰ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲਮਪੁਰ ਤੋਂ 150 ਕਿਲੋਮੀਟਰ ਦੂਰ ਇੱਕ ਘਰ ਵਿਚੋਂ ਭਾਲ ਲਿਆ। ਪੁਲਿਸ ਨੇ ਤਿਨ ਕਥਿਤ ਅਗਵਾਕਾਰਾਂ ਨੂੰ ਵੀ ਗਿਰਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਿਕ ਸੰਜੀਵ ਅਜੇ ਮਲੇਸ਼ੀਆ ਵਿਚ ਹੀ ਹੈ ਅਤੇ ਓਥੇ ਕਾਨੂੰਨੀ ਕਾਰਵਾਈ ਪੂਰੀ ਹੋਣ ਮਗਰੋਂ ਭਾਰਤ ਪਰਤ ਸਕੇਗਾ।