ਇੱਕ ਭਾਰਤੀ ਨਾਗਰਿਕ ਨੂੰ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਦਿੱਤੇ ਜਾਨ ਦੇ ਇੱਕ ਮਹੀਨੇ ਤੋਂ ਵੱਧ ਸਮਾਂ ਬੀਤਣ ਮਗਰੋਂ ਜਿਸ ਵੇਲੇ ਉਹ ਮੈਲਬਰਨ ਆ ਰਿਹਾ ਸੀ ਤਾਂ ਉਸ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸਨੂੰ ਦਿੱਲੀ ਤੋਂ ਅੱਗੇ ਦਾ ਸਫ਼ਰ ਪੂਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
25 ਵਰ੍ਹਿਆਂ ਦਾ ਦੈਵਿਕ ਪਟੇਲ ਗੁਜਰਾਤ ਦੇ ਅਹਿਮਦਾਬਾਦ ਤੋਂ ਇਮੀਗ੍ਰੇਸ਼ਨ ਆਦਿ ਕਿ ਕਾਰਵਾਈ ਪੂਰੀ ਕਰ ਕੇ ਦਿੱਲੀ ਹੋ ਕੇ ਮੈਲਬੌਰਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਿੱਚ 18 ਜਨਵਰੀ ਨੂੰ ਬੈਠਿਆ ਸੀ। ਪਰੰਤੂ ਜਦੋਂ ਉਹ ਦਿੱਲੀ ਹਵਾਈ ਅੱਡੇ ਤੇ ਸਕਿਉਰਿਟੀ ਚੈੱਕ ਲਈ ਉਡੀਕ ਕਰ ਰਿਹਾ ਸੀ ਤਾਂ ਉਸਨੂੰ ਕਤਾਰ ਵਿਚੋਂ ਕੱਢ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹ ਜਹਾਜ਼ ਵਿੱਚ ਨਹੀਂ ਚੜ੍ਹ ਸਕਦਾ।
ਦੈਵਿਕ ਮੁਤਾਬਿਕ, ਦਿੱਲੀ ਹਵਾਈ ਅੱਡੇ ਤੇ ਅਧਿਕਾਰੀਆਂ ਨੂੰ ਉਸਨੂੰ ਦੱਸਿਆ ਕਿ ਆਸਟ੍ਰੇਲੀਅਨ ਅਧਿਕਾਰੀਆਂ ਵੱਲੋਂ ਇੱਕ ਭੇਜੇ ਸੁਨੇਹੇ ਵਿੱਚ ਇਹ ਹਿਦਾਇਤ ਕੀਤੀ ਗਈ ਹੈ, ਪਰੰਤੂ ਉਸਨੂੰ ਅਜਿਹਾ ਕਰਨ ਪਿੱਛੇ ਕਾਰਨ ਨਹੀਂ ਦੱਸਿਆ ਗਿਆ।
ਦੈਵਿਕ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਜਿਸ ਵੇਲੇ ਇਹ ਹੋਇਆ, ਉਸਨੇ ਔਨਲਾਈਨ ਆਪਣੇ 8 ਦਿਸੰਬਰ 2018 ਨੂੰ ਉਸਨੂੰ ਜਾਰੀ ਕੀਤੇ ਆਸਟ੍ਰੇਲੀਆ ਦੇ ਵੀਜ਼ੇ ਦੀ ਸਥਿਤੀ ਚੈੱਕ ਕੀਤੀ ਅਤੇ ਵੀਜ਼ਾ ਉਸ ਸਮੇ ਤੱਕ ਜਾਇਜ਼ ਸੀ।
ਕਈ ਘੰਟੇ ਦਿੱਲੀ ਹਵਾਈ ਅੱਡੇ ਤੇ ਬੈਠ ਕੇ ਉਡੀਕ ਮਗਰੋਂ ਮੈਲਬੌਰਨ ਵਿੱਚ ਉਸਦੇ ਮਾਈਗ੍ਰੇਸ਼ਨ ਏਜੇਂਟ ਨੂੰ ਹੋਮ ਅਫੇਯਰ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਕਿ ਉਸਦਾ ਵੀਜ਼ਾ ਰੱਦ ਕੀਤਾ ਗਿਆ ਹੈ। ਇਸਦੇ ਪਿੱਛੇ ਕਾਰਨ ਦੱਸਿਆ ਗਿਆ ਕਿ ਜਿਸ ਵੇਲੇ ਦੈਵਿਕ ਆਪਣਾ ਸਫ਼ਰ ਸ਼ੁਰੂ ਕਰ ਰਿਹਾ ਸੀ ਤਕਰੀਬਨ ਉਸੀ ਸਮੇਂ ਵਿਭਾਗ ਦੇ ਅਧਿਕਾਰੀਆਂ ਨੇ ਉਸਦੇ ਬਾਰੇ ਉਸਦੇ ਕਾਰੋਬਾਰ ਵਿੱਚ ਹਿੱਸੇਦਾਰਾਂ ਤੋਂ ਪੁੱਛ ਪੜਤਾਲ ਕੀਤੀ ਸੀ। ਵਿਭਾਗ ਮੁਤਾਬਿਕ, ਇਸ ਪੜਤਾਲ ਦੌਰਾਨ ਜੋ ਜਾਣਕਾਰੀ ਸਾਹਮਣੇ ਆਈ ਉਹ ਦੈਵਿਕ ਵੱਲੋਂ ਉਸਦੀ ਵੀਜ਼ਾ ਅਰਜ਼ੀ ਵਿੱਚ ਦਿੱਤੀ ਜਾਣਕਾਰੀ ਤੋਂ ਵੱਖ ਸੀ। ਜਿਸਦੇ ਕਾਰਨ ਵਿਭਾਗ ਨੂੰ ਸ਼ੱਕ ਸੀ ਕਿ ਉਹ ਆਸਟ੍ਰੇਲੀਆ ਆ ਕੇ ਵਾਪਿਸ ਨਹੀਂ ਜਾਵੇਗਾ। ਇਸਦੇ ਚਲਦਿਆਂ ਉਸਦਾ ਵੀਜਾ ਰੱਦ ਕਰ ਦਿੱਤਾ ਗਿਆ।
ਦੈਵਿਕ ਪਟੇਲ ਮੁਤਾਬਿਕ ਉਸਨੇ ਤਕਰੀਬਨ ਇੱਕ ਮਹੀਨਾ ਆਸਟ੍ਰੇਲੀਆ ਦੀ ਸੈਰ ਲਈ ਆਉਣਾ ਸੀ ਜਿਸਦੇ ਲਈ ਉਸਨੇ ਹਵਾਈ ਯਾਤਰਾ ਅਤੇ ਮੈਲਬਰਨ ਵਿੱਚ ਰਹਿਣ ਲਈ ਲੱਖਾਂ ਰੁਪਏ ਖਰਚ ਕੀਤੇ ਸਨ ਜੋ ਕਿ ਉਸਦਾ ਵੀਜ਼ਾ ਰੱਦ ਕੀਤੇ ਜਾਨ ਕਾਰਨ ਬਰਬਾਦ ਹੋ ਗਏ ਹਨ।
"ਜੇਕਰ ਵਿਭਾਗ ਨੇ ਅਜਿਹੀ ਪੜਤਾਲ ਕਰਨੀ ਸੀ ਤਾਂ ਇਹ ਵੀਜ਼ਾ ਦੇਣ ਤੋਂ ਪਹਿਲਾਂ ਕਰਨੀ ਚਾਹੀਦੀ ਸੀ। ਤੇ ਜੇ ਮੇਰੇ ਜਹਾਜ਼ ਚੜ੍ਹਨ ਮਗਰੋਂ ਉਹਨਾਂ ਨੂੰ ਮੇਰੇ ਬਾਰੇ ਕੋਈ ਸ਼ੱਕ ਹੋਇਆ ਤਾਂ ਮੇਰਾ ਵੀਜ਼ਾ ਰੱਦ ਕਰਨ ਤੋਂ ਪਹਿਲਾਂ ਮੈਨੂੰ ਸਫਾਈ ਦਾ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਸੀ," ਉਸਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ।
ਉਸਦੇ ਮੈਲਬਰਨ ਵਿਚਲੇ ਮਾਈਗ੍ਰੇਸ਼ਨ ਏਜੇਂਟ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਵਿਭਾਗ ਵੱਲੋਂ ਦਿੱਤੇ ਨੋਟਿਸ ਦਾ ਜੁਆਬ ਤਿਆਰ ਕਰ ਰਹੇ ਹਨ।
"ਸਾਫ ਹੈ ਕਿ ਅਧਿਕਾਰੀਆਂ ਵੱਲੋਂ ਵੀਜ਼ਾ ਜਾਰੀ ਕਰਨ ਦੇ ਡੇਢ ਮਹੀਨੇ ਬਾਅਦ ਅਚਾਨਕ ਫੋਨ ਕਰਨ ਤੇ ਉਸਦੇ ਪਾਰਟਨਰ ਸੁਆਲਾਂ ਦੇ ਸਟੀਕ ਜਵਾਬ ਦੇਣ ਲਈ ਤਿਆਰ ਨਹੀਂ ਸਨ। ਹਰ ਵੇਲੇ ਤਰੀਕਾਂ ਅਤੇ ਪੈਸੇ ਦੀ ਪੂਰੀ ਪੂਰੀ ਜਾਣਕਾਰੀ ਰੱਖਣੀ ਮੁਮਕਿਨ ਨਹੀਂ ਹੁੰਦੀ," ਰਣਬੀਰ ਸਿੰਘ ਨੇ ਕਿਹਾ।
ਉਹਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਟੂਰਿਸਟ ਵੀਜ਼ੇ ਦੇ ਸਬੰਧ ਵਿੱਚ ਅਜਿਹੀ ਕਾਰਵਾਈ ਕਰਨੀ ਬੇਹੱਦ ਦੁਰਲਭ ਹੈ।