ਨਿਊ ਸਾਊਥ ਵੇਲਸ ਦੇ ਕੇਂਦਰੀ ਪੱਛਮੀ ਇਲਾਕੇ ਲਿਥਗੋ ਦੇ ਸਾਬਕਾ ਮੈਨੇਜਰ ਤੇ ਯੂਨਾਇਟੇਡ ਪੈਟਰੋਲੀਅਮ ਰੋਡਹਾਊਸ ਦੇ ਹਿੱਸੇਦਾਰ, ਕੁਲਪ੍ਰੀਤ ਸਿੰਘ ਨੂੰ $੧੯,੭੨੦ ਦਾ ਜੁਰਮਾਨਾ ਲਾਇਆ ਗਿਆ ਹੈ।
ਨੂਰਪ੍ਰੀਤ ਪੀ ਟੀ ਵਾਈ ਲਿਮਿਟਿਡ ਨਾਂ ਦੀ ਕੰਪਨੀ ਜਿਸਦਾ ਕੁਲਪ੍ਰੀਤ ਸਿੰਘ ਡਾਇਰੈਕਟਰ ਵੀ ਹੈ, ਨੂੰ ਲਾਏ ਗਏ ਜੁਰਮਾਨੇ ਦੀ ਰਕਮ $੯੮,੭੦੦ ਹੈ।
ਫੈਡਰਲ ਸਰਕਟ ਕੋਰਟ ਵਿੱਚ ਫੇਅਰ ਵਰਕ ਓਮਬੱਡਸਮਨ ਵੱਲੋਂ ਇਸ ਕਿਸਮ ਦੀ ਪਹਿਲੀ ਕਾਰਵਾਈ ਦੌਰਾਨ ਪਾਇਆ ਗਿਆ ਸੀ ਇੱਕ ਭਾਰਤੀ ਔਰਤ ਜੋ ਉਸ ਕੰਪਨੀ ਲਈ ਕੰਮ ਕਰਦੀ ਸੀ, ਨੂੰ ਸਰਕਾਰ ਦੁਆਰਾ ਬਣਦੀ 'ਪੈਰੇਂਟਲ ਲੀਵ ਪੇ' ਨਹੀਂ ਦਿੱਤੀ ਗਈ ਸੀ।
੨੯-ਸਾਲਾ ਇਸ ਭਾਰਤੀ ਔਰਤ ਨੇ ੨੦੧੫ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਜਿਸਦੇ ਚਲਦਿਆਂ ਡਿਪਾਰਟਮੈਂਟ ਓਫ ਹਿਊਮਨ ਸਰਵਿਸਜ਼ ਨੇ ਉਸਦੇ ਰੁਜ਼ਗਾਰਦਾਤਾ ਨੂੰ $੧੧,੫੩੮ ਟਰਾਂਸਫਰ ਕੀਤੇ ਸਨ ਜੋਕਿ ਉਸਨੂੰ ਨਾ ਮਿਲੇ।
ਇਹ ਪੈਸੇ ਲੈਣ ਲਈ ਪੀੜਤ ਨੇ ਕੁਲਪ੍ਰੀਤ ਸਿੰਘ ਤੇ ਕੰਪਨੀ ਨੂੰ ਕਈ ਵਾਰ ਬੇਨਤੀ ਕੀਤੀ ਜੋ ਪ੍ਰਵਾਨ ਨਾ ਕੀਤੀ ਗਈ।
ਸਬੰਧਿਤ ਕੰਮ ਕਰਨ ਵਾਲੀ ਜੋਕਿ ਹੁਣ ਇੱਕ ਆਸਟ੍ਰੇਲੀਅਨ ਨਾਗਰਿਕ ਹੈ, ਉਸ ਵੇਲੇ ਨਿਊ ਸਾਊਥ ਵੇਲਸ ਦੇ ਕੇਂਦਰੀ ਪੱਛਮੀ ਇਲਾਕੇ ਲਿਥਗੋ ਲਾਗੇ ਰੋਡਹਾਊਸ ਵਿੱਚ ੪੮੭ ਵੀਜ਼ੇ ਤਹਿਤ ਇੱਕ ਸ਼ੈੱਫ ਵਜੋਂ ਕੰਮ ਕਰਦੀ ਸੀ।
ਫੈਸਲਾ ਸੁਣਾਉਂਦਿਆਂ ਜੱਜ ਨਿੱਕ ਨਿਕੋਲਜ਼ ਨੇ ਕਿਹਾ ਕਿ ਮਿਸਟਰ ਸਿੰਘ ਦੁਆਰਾ ਇਹ 'ਧੋਖ਼ਾ' ਜਾਣ ਬੁਝਕੇ ਕੀਤਾ ਗਿਆ ਜਿਸਦੇ ਚਲਦਿਆਂ ਇੱਕ ਕਾਮੇ ਨੂੰ ਜਿਆਦਤੀ ਤੇ ਧੱਕੇਸ਼ਾਹੀ ਦਾ ਸਾਮਣਾ ਕਰਨਾ ਪਿਆ ਹੈ।
ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਰੁਜ਼ਗਾਰਦਾਤਾ ਸਹੀ ਤਨਖਾਹ ਜਾਂ ਸਰਕਾਰੀ ਭੱਤੇ ਨਹੀਂ ਦੇ ਰਿਹਾ ਤਾਂ ਸ਼ਿਕਾਇਤ ਦਰਜ ਕਰਵਾਉਣ ਲਈ ਫੇਅਰ ਵਰਕ ਓਮਬੁਡਸਮਨ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ - ਵੈਬਸਾਈਟ ਅਤੇ ਫੋਨ ਨੰਬਰ 13 13 94