ਭਾਰਤੀ ਪਰਵਾਸੀ ਆਪਣੀ ਪਤਨੀ ਨੂੰ ਗੁਲਾਮ ਬਣਾ ਕੇ ਰੱਖਣ ਦੇ ਦੋਸ਼ ਵਿੱਚ ਮੇਲਬਰਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ।
ਦੋਸ਼ ਹੈ ਕਿ ਇਸ ਵਿਅਕਤੀ ਨੇ ਸਾਲ 2015 ਵਿੱਚ ਆਸਟ੍ਰੇਲੀਆ ਅੱਪੜਦੇ ਹੀ ਆਪਣੀ ਪਤਨੀ ਨੂੰ ਘਰ ਦੇ ਕੰਮ ਤੇ ਲਗਾ ਦਿੱਤਾ ਅਤੇ ਉਸਦੇ ਘਰ- ਜਿਥੇ ਉਹ ਆਪਣੇ ਭਰਾ ਨਾਲ ਰਹਿੰਦਾ ਸੀ - ਤੋਂ ਬਾਹਰ ਜਾਨ ਤੇ ਪਾਬੰਦੀ ਲਗਾ ਦਿੱਤੀ।
ਦੋਸ਼ ਹੈ ਕਿ ਇਸ ਔਰਤ ਨੂੰ ਕਈ ਕਈ ਦਿਨ ਅਚਾਰ ਨਾਲ ਰੋਟੀ ਅਤੇ ਬ੍ਰੈਡ ਖਾ ਕੇ ਗੁਜ਼ਾਰਾ ਕਰਨਾ ਪਿਆ ਅਤੇ ਇਸਨੂੰ ਸਰੀਰਿਕ, ਮਾਨਸਿਕ ਅਤੇ ਭਾਵਨਾਤਮਿਕ ਸ਼ੋਸ਼ਣ ਸਹਿਣਾ ਪਿਆ।
"ਉਸਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਉਸਦੇ ਪਤੀ ਨੇ ਹਿਦਾਇਤ ਕਿੱਤੀ ਸੀ ਕਿ ਜੇਕਰ ਉਹ ਰੋਟੀ ਪਕਾਉਣ ਜਾਂ ਸਫਾਈ ਦਾ ਕੰਮ ਨਾ ਕਰਦੀ ਹੋਵੇ ਤਾਂ ਉਹ ਬੈੱਡਰੂਮ ਵਿੱਚ ਹੀ ਰਹੇ," ਅਦਾਲਤ ਵਿੱਚ ਪੁਲਿਸ ਵੱਲੋਂ ਦਾਇਰ ਦਸਤਾਵੇਜ਼ਾਂ ਵਿੱਚ ਇਹ ਖੁਲਾਸਾ ਕੀਤਾ ਗਿਆ।
ਕਾਨੂੰਨੀ ਕਰਨਾ ਕਰਕੇ ਦੋਸ਼ੀ ਪਤੀ ਦਾ ਨਾਂ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਉਸ ਉੱਪਰ ਇੱਕ ਵਿਅਕਤੀ ਨੂੰ ਗੁਲਾਮ ਬਣਾ ਕੇ ਰੱਖਣ ਦਾ ਕੰਮੋਨਵੇਲਥ ਦੋਸ਼ ਹੈ।
ਉਸਨੇ ਆਪਣੀ ਪਤਨੀ ਨੂੰ ਆਪਣੇ ਅਤੇ ਆਪਣੇ ਭਰਾ ਦੇ ਕੱਪੜੇ ਧੋਣ ਦਾ ਕਰਵਾਇਆ। ਹਾਲਾਂਕਿ ਪੀੜਿਤ ਔਰਤ ਦੇ ਕੋਲ ਆਪਣਾ ਫੋਨ ਸੀ, ਪਰ ਉਹ ਆਸਟ੍ਰੇਲੀਆ ਵਿਚ ਸਿਮ ਕਾਰਡ ਨਾ ਖਰੀਦ ਸਕੀ।
"ਉਸਦੇ ਕੋਲ ਪੈਸੇ ਨਹੀਂ ਸਨ ਅਤੇ ਜਦੋਂ ਉਸਨੇ ਆਪਣੇ ਪਤੀ ਨੂੰ ਪੁੱਛਿਆ ਕਿ ਕੀ ਉਹ ਬਾਹਰ ਜਾ ਕੇ ਕੰਮ ਕਰ ਸਕਦੀ ਹੈ, ਉਸਦੇ ਪਤੀ ਨੇ ਉਸਨੂੰ ਕਿਹਾ ਕਿ ਉਹ ਘਰੋਂ ਬਾਹਰ ਨਹੀਂ ਜਾ ਸਕਦੀ," ਪੁਲਿਸ ਨੇ ਦੋਸ਼ ਲਗਾਉਂਦਿਆਂ ਕਿਹਾ।
ਇਹ ਵੀ ਦੋਸ਼ ਹੈ ਕਿ ਇਸ ਵਿਅਕਤੀ ਨੇ ਕਈ ਵਾਰ ਪੀੜਿਤ ਪਤਨੀ ਤੋਂ ਆਪਣੇ ਪਰਿਵਾਰ ਤੋਂ ਪੈਸੇ ਮੰਗਣ ਲਈ ਵੀ ਕਿਹਾ।
ਔਰਤ ਤੇ ਉਸਦੇ ਪਤੀ ਅਤੇ ਦਿਓਰ ਵੱਲੋਂ ਲਗਾਤਾਰ ਨਜ਼ਰ ਰੱਖੀ ਜਾਨ ਦਾ ਦੋਸ਼ ਵੀ ਲਗਾਇਆ ਗਿਆ ਹੈ ਇਥੋਂ ਤੱਕ ਕਿ ਉਸਨੂੰ ਤਿਨ ਦਿਨ ਤੱਕ ਬਿਮਾਰ ਹੋਣ ਦੇ ਬਾਵਜੂਦ ਡਾਕਟਰ ਕੋਲ ਨਾ ਜਾਨ ਦੇਣ ਦਾ ਵੀ ਦੋਸ਼ ਹੈ।
ਤਕਰੀਬਨ ਡੇਢ ਮਹੀਨੇ ਘਰ ਵਿਚ ਬੰਦ ਰਹਿਣ ਤੋਂ ਬਾਅਦ ਇਕ ਦਿਨ ਉਸਨੂੰ ਕੰਪਿਊਟਰ ਦੇ ਜ਼ਰੀਏ ਮਦਦ ਮੰਗਣ ਦਾ ਮੌਕਾ ਮਿਲਿਆ। ਪਰ ਉਸਦੇ ਦਿਓਰ ਨੇ ਉਸਨੂੰ ਅਜਿਹਾ ਕਰਦੇ ਵੇਖ ਲਿਆ। ਡਰ ਕੇ ਔਰਤ ਘਰੋਂ ਬਾਹਰ ਭੱਜ ਗਈ ਅਤੇ ਗੁਆਂਢੀਂਆਂ ਤੋਂ ਮਦਦ ਮੰਗੀ ਜਿਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।