ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਉਡੀਕ ਦਾ ਸਮਾਂ ਅਤੇ ਕਤਾਰਾਂ ਘਟੀਆਂ ਹਨ ਅਤੇ ਇਸੇ ਸਮੇ ਦੌਰਾਨ ਨਾਗਰਿਕਤਾ ਅਰਜ਼ੀਆਂ ਦੀ ਪ੍ਰਵਾਨਗੀ ਵਿੱਚ ਵੀ ਵਾਧਾ ਦਰਜ ਹੋਇਆ ਹੈ।
ਮੈਲਬੌਰਨ ਦੇ ਹਰਸ਼ਦੀਪ ਸਿੰਘ ਗਿੱਲ ਦੀ ਸਤੰਬਰ 2018 ਵਿੱਚ ਪਾਈ ਨਾਗਰਿਕਤਾ ਦੀ ਅਰਜ਼ੀ ਨੂੰ ਪ੍ਰਵਾਨਗੀ ਲਈ ਤਕਰੀਬਨ 10 ਮਹੀਨੇ ਦਾ ਸਮਾਂ ਲੱਗਿਆ ਹੈ।
ਉਸਨੇ ਇਸ ਸੋਮਵਾਰ ਨਾਗਰਿਕਤਾ ਸਮਾਰੋਹ ਵਿਚ ਹਿੱਸਾ ਲਿਆ ਅਤੇ ਇੱਕ ਆਸਟ੍ਰੇਲੀਅਨ ਨਾਗਰਿਕ ਬਣਨ ਦਾ ਸੁਪਨਾ ਪੂਰਾ ਕੀਤਾ।
ਸ਼੍ਰੀ ਗਿੱਲ ਜਿਨ੍ਹਾਂ ਨੂੰ ਦਸ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਨਾਗਰਿਕਤਾ ਦਿੱਤੀ ਗਈ ਹੈ, ਨੇ ਕਿਹਾ ਕਿ ਉਹ ਨਾਗਰਿਕਤਾ ਦੇ ਇਮਤਿਹਾਨ ਦੀ ਤਾਰੀਕ ਨੂੰ ਅੱਗੇ ਵਧਾਉਣ ਵਿੱਚ ਕਾਮਯਾਬ ਹੋਏ ਜਿਸਦੇ ਚਲਦਿਆਂ ਉਨ੍ਹਾਂ ਦੀ ਅਰਜ਼ੀ ਪ੍ਰਕਿਰਿਆ ਵਿੱਚ ਥੋੜੀ ਤੇਜ਼ੀ ਆਈ।
ਉਸਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ - "ਮੇਰੀ ਸ਼ੁਰੂਆਤੀ ਟੈਸਟ ਦੀ ਤਾਰੀਖ ਸਤੰਬਰ 2019 ਸੀ ਪਰ ਮੈਂ ਔਨਲਾਈਨ ਚੈਕਿੰਗ ਕਰਦਾ ਰਿਹਾ ਅਤੇ ਖਾਲੀ ਥਾਂ ਮਿਲਦੇ ਹੀ ਮੈਂ ਆਪਣੀ ਪ੍ਰੀਖਿਆ ਦੀ ਮਿਤੀ ਮਈ 2019 ਵਿੱਚ ਕਰਵਾ ਲਈ ਜਿਸਨੂੰ ਕਿ ਮੈਂ 100 ਫ਼ੀਸਦ ਨਾਲ ਪਾਸ ਕੀਤਾ।"
"ਜੇ ਤੁਸੀਂ ਵੀ ਆਪਣੀ ਅਰਜ਼ੀ ਦੀ ਪ੍ਰਵਾਨਗੀ ਵਿੱਚ ਤੇਜ਼ੀ ਲਿਆਉਣੀ ਚਾਹੁੰਦੇ ਹੋ ਤਾਂ ਔਨਲਾਈਨ ਪੋਰਟਲ 'ਤੇ ਆਪਣੇ ਟੈਸਟ ਦੀ ਤਾਰੀਖ 'ਤੇ ਨਜ਼ਰ ਰੱਖੋ ਕਿਓਂਕਿ ਓਥੇ ਤੁਹਾਨੂੰ ਪਹਿਲਾਂ ਪ੍ਰੀਖਿਆ ਦੇਣ ਲਈ ਤਾਰੀਖ ਨੀਯਤ ਕੀਤੀ ਜਾ ਸਕਦੀ ਹੈ।"ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਮਾਈਗ੍ਰੈਂਟ ਸਰਵਿਸਿਜ਼ ਅਤੇ ਮਲਟੀਕਲਚਰਲ ਅਫੇਅਰਜ਼ ਦੇ ਮੰਤਰੀ ਡੇਵਿਡ ਕੋਲਮਨ ਨੇ ਦੱਸਿਆ ਕਿ 1 ਜੁਲਾਈ 2018 ਅਤੇ 31 ਮਈ 2019 ਵਿਚਕਾਰ 132,000 ਤੋਂ ਵੱਧ ਨਾਗਰਿਕਤਾ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਪਿਛਲੇ ਸਾਲ ਨਾਲੋਂ 88 ਫੀਸਦੀ ਵੱਧ ਹੈ।
Source: Supplied
ਮੰਤਰੀ ਕੋਲਮਨ ਨੇ ਕਿਹਾ ਇਨ੍ਹਾਂ ਨਤੀਜਿਆਂ ਦਾ ਸਿਹਰਾ ਗ੍ਰਹਿ ਮੰਤਰਾਲੇ ਦੁਆਰਾ ਲਾਗੂ ਕੀਤੇ ਨਿਯਮਾਂ ਅਤੇ ਸੁਧਾਰਾਂ ਨੂੰ ਜਾਂਦਾ ਹੈ।
ਆਸਟ੍ਰੇਲੀਆ ਦੇ ਪਰਵਾਸ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਸਾਲ 70,000 ਨਾਗਰਿਕਾਂ ਦੀ ਪ੍ਰਵਾਨਗੀ ਦੇ ਮੁਕਾਬਲਤਨ ਇਸ ਸਾਲ ਲਈ ਮਨਜ਼ੂਰ ਹੋਈਆਂ ਅਰਜ਼ੀਆਂ ਦੀ ਗਿਣਤੀ 132,000 ਦੇ ਕਰੀਬ ਹੈ ਜੋਕਿ ਪਿਛਲੇ ਸਾਲ ਨਾਲੋਂ 88 ਫੀਸਦ ਵੱਧ ਹੈ।
ਨਾਗਰਿਕਤਾ ਦਾ ਉਡੀਕ ਸਮਾਂ ਅਤੇ ਪ੍ਰਵਾਨਗੀ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਬਾਵਜੂਦ, ਨਾਗਰਿਕ ਬਣਨ ਦੇ ਚਾਹਵਾਨ ਲੋਕਾਂ ਦੀ ਕਤਾਰ ਅਜੇ ਵੀ 200,000 ਤੋਂ ਉੱਪਰ ਹੈ।
ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅਨੁਸਾਰ, 31 ਮਈ 2019 ਤੱਕ ਇਸ ਕਤਾਰ ਵਿੱਚ 221,695 ਬਿਨੇਕਾਰ ਨਾਗਰਿਕਤਾ ਪ੍ਰਵਾਨਗੀ ਲਈ ਉਡੀਕ ਕਰ ਰਹੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਰਾਤ 9 ਵਜੇ ਸਾਡਾ ਰੇਡੀਓ ਪ੍ਰੋਗਰਾਮ ਸੁਣੋ। ਤੁਸੀਂ ਅਤੇ 'ਤੇ ਵੀ ਸਾਨੂੰ ਫਾਲੋ ਕਰ ਸਕਦੇ ਹੋ।