ਅਗਸਤ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਸਮੇਤ 13 ਹੋਰ ਮੁਲਕਾਂ ਲਈ ਆਸਟ੍ਰੇਲੀਆ ਦਾ ਵਰਕ ਹੌਲੀਡੇ ਵੀਜ਼ਾ ਖੋਲ੍ਹੇ ਜਾਣ ਦੀ ਸੰਭਾਵਨਾ ਦੀਆਂ ਖਬਰਾਂ ਛਪਣ ਮਗਰੋਂ ਵਿਦੇਸ਼ਾਂ ਵਿੱਚ ਕੁਝ ਏਜੇਂਟਾਂ ਵੱਲੋਂ ਗ਼ਲਤ ਪ੍ਰਚਾਰ ਕਰਕੇ ਆਸਟ੍ਰੇਲੀਆ ਆਉਣ ਲਈ ਬੇਚੈਨ ਨੌਜਵਾਨਾਂ ਨੂੰ ਇਸ ਵੀਜ਼ੇ ਲਈ ਅਰਜ਼ੀਆਂ ਦਾਖਲ ਕਰਣ ਲਈ ਇਸ਼ਤਿਹਾਰ ਦਿੱਤੇ ਗਏ ਸਨ। ਹੁਣ ਆਸਟ੍ਰੇਲੀਆ ਦੇ ਹੋਮ ਅਫੇਯਰ ਵਿਭਾਗ ਨੇ ਸਾਫ ਕੀਤਾ ਹੈ ਕਿ ਵਰਕ ਐਂਡ ਹੌਲੀਡੇ ਵੀਜ਼ਾ ਅਜੇ ਤੱਕ ਭਾਰਤੀਆਂ ਲਈ ਨਹੀਂ ਖੋਲਿਆ ਗਿਆ ਹੈ।
ਵਿਭਾਗ ਨੇ ਦੱਸਿਆ ਹੈ ਕਿ ਜੇਕਰ ਕੋਈ ਭਾਰਤੀ ਨਾਗਰਿਕ ਇਸ ਵੀਜ਼ੇ ਦੇ ਲਈ ਅਰਜ਼ੀ ਦਾਖਲ ਕਰਦਾ ਹੈ ਤਾਂ ਉਸ ਅਰਜ਼ੀ ਦੇ ਸਫਲ ਹੋਣ ਦੀ ਸੰਭਾਵਨਾ ਨਹੀਂ ਹੈ।
""ਆਸਟ੍ਰੇਲੀਆ ਦਾ ਮੌਜੂਦਾ ਤੌਰ ਤੇ ਭਾਰਤ ਦੇ ਨਾਲ ਵਰਕ ਐਂਡ ਹੌਲੀਡੇ ਵੀਜ਼ੇ ਦੇ ਲਈ ਕੋਈ ਕਰਾਰ ਨਹੀਂ ਹੈ। ਸੋ ਇਸ ਵੀਜ਼ੇ ਲਈ ਭਾਰਤ ਤੋਂ ਕੋਈ ਵੀ ਬਿਨੇਕਾਰ ਇਸ ਦੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਨਹੀਂ ਕਰਦਾ," ਵਿਭਾਗ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਇਸਦੇ ਨਾਲ ਹੀ ਬੁਲਾਰੇ ਨੇ ਇਹ ਵੀ ਦੱਸਿਆ ਕਿ ਆਸਟ੍ਰੇਲੀਆ 13 ਮੁਲਕਾਂ ਦੇ ਨਾਲ ਵਰਕ ਐਂਡ ਹੌਲੀਡੇ ਵੀਜ਼ਾ ਉਹਨਾਂ ਦੇ ਨਾਗਰਿਕਾਂ ਲਈ ਖੋਲ੍ਹਣ ਲਈ ਗੱਲਬਾਤ ਕਰ ਰਿਹਾ ਹੈ ਅਤੇ ਭਾਰਤ ਉਹਨਾਂ ਵਿੱਚ ਸ਼ਾਮਿਲ ਹੈ।
ਹੋਰ ਜਿਨਾਂ ਮੁਲਕਾਂ ਦੇ ਨਾਲ ਆਸਟ੍ਰੇਲੀਆ ਗੱਲਬਾਤ ਕਰ ਰਿਹਾ ਹੈ ਉਹ ਹਨ ਬ੍ਰਾਜ਼ੀਲ, ਮੈਕਸੀਕੋ, ਫਿਲੀਪੀਨ, ਸਵਿਟਜ਼ਰਲੈੰਡ, ਮੰਗੋਲੀਆ, ਮੋਨੈਕੋ, ਲਿਥੂਏਨਿਆ, ਲਾਤਵੀਆ, ਫਿਜੀ, ਕ੍ਰੋਏਸ਼ਿਆ, ਸੋਲੋਮਨ ਆਇਲੈਂਡ ਅਤੇ ਅੰਡੋਰਾ।
ਐਸ ਬੀ ਐਸ ਪੰਜਾਬੀ ਨੇ ਇਸ ਤੋਂ ਪਹਿਲਾਂ ਰਿਪੋਰਟ ਕੀਤਾ ਸੀ ਕਿ ਬਾਹਰਤ ਵਿੱਚ ਇੱਕ ਏਜੇਂਟ ਵਿਨੈ ਹੈਰੀ ਨੇ ਲੋਕਾਂ ਨੂੰ ਵਰਕ ਐਂਡ ਹੌਲੀਡੇ ਵੀਜ਼ਾ ਲਈ ਉਸਦੇ ਰਾਹੀਂ ਅਰਜ਼ੀਆਂ ਦਾਖਿਲ ਕਰਨ ਲਈ ਇਸ਼ਤਿਹਾਰ ਦਿੱਤੇ ਸਨ।

نقص في اليد العاملة في مزارع الخضار والفاكهة في استراليا Source: AAP
ਵਿਨੈ ਹੈਰੀ ਨੇ ਆਪਣੇ ਇੱਕ ਸੋਸ਼ਲ ਮੀਡਿਆ ਵੀਡੀਓ ਵਿੱਚ ਕਿਹਾ ਕਿ ਇਸ ਵੀਜ਼ੇ ਲਈ ਬਿਨੈਕਾਰਾਂ ਨੂੰ ਅੰਗ੍ਰੇਜ਼ੀ ਭਾਸ਼ਾ ਦੀ ਜਾਣਕਾਰੀ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ ਅਤੇ 50,000 ਭਾਰਤੀਆਂ ਨੂੰ ਇਹ ਵੀਜਾ ਮਿਲ ਸਕਦਾ ਹੈ।
ਇਸਦੇ ਉਲਟ, ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੇਨ ਨੇ ਦੱਸਿਆ ਕਿ ਇਸ ਵੀਜ਼ੇ ਲਈ ਬਿਨੈਕਾਰਾਂ ਨੂੰ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਨਾਲ ਕੰਮਕਾਜ ਜੋਗੀ ਅੰਗ੍ਰਜ਼ੀ ਦਾ ਸਬੂਤ ਦੇਣਾ ਹੋਵੇਗਾ।
ਹੋਮ ਅਫੇਯਰ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀ ਜਾਣਕਰੀ ਮੁਤਾਬਿਕ, ਵਰਕ ਹੌਲੀਡੇ ਵੀਜ਼ਾ (ਸਬਕਲਾਸ 462) ਦੇ ਲਈ ਹਰੇਕ ਮੁਲਕ ਦਾ ਵੱਖਰਾ ਕੋਟਾ ਹੈ। ਸਭ ਤੋਂ ਵੱਧ ਕੋਟਾ ਚੀਨ ਦਾ ਹੈ ਜਿਸਦੇ ਹੇਠ 5,000 ਚੀਨੀ ਨਾਗਰਿਕਾਂ ਨੂੰ ਹਰ ਸਾਲ ਇਹ ਵੀਜ਼ਾ ਦਿੱਤਾ ਜਾਂਦਾ ਹੈ।
ਆਸਟ੍ਰੇਲੀਆ ਵਿੱਚ ਕਿਰਸਾਨੀ ਜਥੇਬੰਦੀਆਂ ਖੇਤੀਬਾੜੀ ਖੇਤਰ ਲਈ ਕਾਮਿਆਂ ਦੀ ਕਮੀ ਪੂਰੀ ਕਰਨ ਲਈ ਇੱਕ ਖਾਸ ਵੀਜ਼ਾ ਸ਼ੁਰੂ ਕਰਨ ਦੀ ਮੰਗ ਕਰਦਿਆਂ ਆ ਰਹੀਆਂ ਹਨ। ਸ਼ੁਰੂ ਵਿੱਚ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਪ੍ਰਤੀ ਨਰਮ ਰੁਖ਼ ਦੇ ਬਾਵਜੂਦ ਹੁਣ ਇਸ ਵੀਜ਼ੇ ਦੇ ਪ੍ਰਸਤਾਵ ਤੇ ਮਿੱਟੀ ਪੈਂਦੀ ਜਾਪਦੀ ਹੈ। ਵਰਕ ਹੌਲੀਡੇ ਵੀਜ਼ੇ ਨੂੰ ਹੋਰ 13 ਮੁਲਕਾਂ ਲਈ ਸ਼ੁਰੂ ਕਰਨ ਦਾ ਪ੍ਰਸਤਾਵ ਕਿਰਸਾਨੀ ਦੀਆਂ ਸਮੱਸਿਆਵਾਂ ਦੇ ਹੱਲ ਦੀ ਕੋਸ਼ਿਸ਼ ਵੱਜੋਂ ਹੀ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕਈ ਕਿਸਾਨ ਇਸ ਪ੍ਰਸਤਾਵ ਬਾਰੇ ਖਾਸੇ ਉਤਸਾਹਤ ਹਨ, ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਅਰਜ਼ੀ ਵਿਕਲਪ ਹੀ ਹੈ ਅਤੇ ਲੇਬਰ ਦੀ ਕਮੀ ਦਾ ਅਸਲ ਹੱਲ ਇੱਕ ਖਾਸ ਕਿਰਸਾਨੀ ਵੀਜ਼ੇ ਨਾਲ ਹੀ ਹੋ ਸਕਦਾ ਹੈ।