ਬੀਤੇ ਹਫਤੇ ਹੋਮ ਅਫੇਯਰ ਵਿਭਾਗ ਨੇ ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਮਹੀਨੇ ਬਾਰੇ ਇਮੀਗ੍ਰੇਸ਼ਨ ਸੰਬਧੀ ਜਾਣਕਾਰੀ ਜਾਰੀ ਕੀਤੀ ਹੈ। ਇਸਦੇ ਨਾਲ ਹੀ ਸਾਲ 2018-19 ਵਿੱਚ ਹਰੇਕ ਓਕੁਪੇਸ਼ਨ ਵਿੱਚ ਦਿੱਤੇ ਜਾਣ ਵਾਲੇ ਵੀਜ਼ਿਆਂ ਦਾ ਕੋਟਾ ਵੀ ਜਨਤਕ ਕੀਤਾ ਹੈ, ਜੋ ਕਿ ਪਿਛਲੇ ਸਾਲ ਦੇ ਬਰਾਬਰ ਹੀ ਹੈ।
ਮਾਈਗ੍ਰੇਸ਼ਨ ਏਜੇਂਟ ਅਤੇ ਆਸਟ੍ਰੇਲੀਆ ਵਿੱਚ ਸਕਿਲਡ ਇਮੀਗ੍ਰੇਸ਼ਨ ਦੀ ਚਾਹ ਰੱਖਣ ਵਾਲੇ ਉਮੀਦ ਕਰ ਰਹੇ ਸਨ ਕਿ ਕੁੱਝ ਓਕੁਪੇਸ਼ਨ ਜਿਹਨਾਂ ਦੀ ਮੰਗ ਜ਼ਿਆਦਾ ਸੀ, ਦਾ ਕੋਟਾ ਵਧਾਇਆ ਜਾਵੇਗਾ। ਪਰੰਤੂ ਅਜਿਹਾ ਨਹੀਂ ਹੋਇਆ।
"ਸਾਨੂੰ ਉਮੀਦ ਸੀ ਕਿ ਵਿਭਾਗ ਵੱਲੋਂ ਵੱਧ ਮੰਗ ਵਾਲੇ ਕਿੱਤਿਆਂ, ਜਿਵੇ ਕਿ ਅਕਾਊਂਟੈਂਟ ਅਤੇ ਆਈ ਟੀ ਜਿਹਨਾਂ ਵਿੱਚ ਵੀਜ਼ੇ ਲਈ ਪੁਆਇੰਟ ਟੈਸਟ ਵਿੱਚ ਕਾਫੀ ਜ਼ਿਆਦਾ ਸਕੋਰ ਦੀ ਲੋੜ ਸੀ, ਦੇ ਕੋਟੇ ਵਿੱਚ ਵਾਧਾ ਕਰਕੇ ਰਾਹਤ ਦਿੱਤੀ ਜਾਵੇਗੀ," ਲਕ੍ਸ਼ੇ ਮਾਈਗ੍ਰੇਸ਼ਨ ਦੇ ਰਣਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਸ਼੍ਰੀ ਸਿੰਘ ਨੇ ਕਿਹਾ ਕਿ ਕੋਟੇ ਵਿੱਚ ਕੋਈ ਬਦਲਾਅ ਨਾ ਕੀਤੇ ਜਾਣ ਤੋਂ ਅਲਾਵਾ, ਸਾਲ ਦੇ ਪਹਿਲੇ ਇਨਵੀਟੇਸ਼ਨ ਰਾਉਂਡ ਦੇ ਨਤੀਜੇ ਵੀ ਕੋਈ ਬਹੁਤੇ ਚੰਗੇ ਨਹੀਂ ਜਾਪਦੇ।
"ਪਿਛਲੇ ਪੂਰੇ ਸਾਲ ਦੌਰਾਨ ਕਈ ਅਜੀਹੇ ਕਿੱਤੇ ਸਨ ਜਿਨ੍ਹਾਂ ਨੂੰ ਇਨਵਾਈਟ ਬੜੇ ਔਖੇ ਆਉਂਦੇ ਸਨ। ਇਸ ਵਾਰ ਉਮੀਦ ਸੀ ਕਿ ਸਾਲ ਦੀ ਸ਼ੁਰੂਆਤ ਹੋਣ ਕਾਰਣ ਉਹਨਾਂ ਨੂੰ ਹੁਣ ਜਲਦੀ ਸੱਦੇ ਭੇਜੇ ਜਾਣਗੇ। ਉਸ ਪਾਸਿਓਂ ਕੋਈ ਬਹੁਤੀ ਚੰਗੀ ਖਬਰ ਨਹੀਂ ਹੈ," ਉਹਨਾਂ ਦੱਸਿਆ।
"ਜੇਕਰ ਤੁਸੀਂ ਜਾਰੀ ਕੀਤੇ ਇਨਵਾਈਟ ਦੇ ਅਧਾਰ ਤੇ ਪੂਰੇ ਸਾਲ ਦਾ ਹਿਸਾਬ ਲਗਾਓ ਤਾਂ ਲੱਗਦਾ ਹੈ ਕਿ ਇਸ ਸਾਲ ਵੀ ਪਿਛਲੇ ਸਾਲ ਵਾਂਗ ਇਮੀਗ੍ਰੇਸ਼ਨ ਘੱਟ ਹੀ ਰਹੇਗੀ।"
ਓਕੁਪੇਸ਼ਨ ਸੀਲਿੰਗ ਵਿੱਚ ਸਭ ਤੋਂ ਵੱਧ ਵੀਜ਼ੇ ਰੇਜਿਸ੍ਟਰਡ ਨਰਸ ਲਈ ਹਨ ਜਿਸਦਾ ਕੋਟਾ 15,741 ਹੈ। ਪਰੰਤੂ ਵਿਭਾਗ ਨੇ 20 ਜੂਨ ਤੋਂ 11 ਜੁਲਾਈ ਦੌਰਾਨ ਕੇਵਲ ਇਸ ਕਿੱਤੇ ਦੇ 105 ਬਿਨੈਕਾਰਾਂ ਨੂੰ ਆਪਣੀ ਵੀਜ਼ਾ ਅਰਜੀ ਦਾਖਿਲ ਕਰਨ ਲਈ ਸੱਦਾ ਦਿੱਤਾ ਹੈ।
ਅਕਾਊਂਟੈਂਟ ਦੇ ਪੇਸ਼ੇ ਵਾਲੇ ਵੀਜ਼ਾ ਬਿਨੈਕਾਰਾਂ ਨੂੰ ਮੌਜੂਦਾ ਸਮੇ ਵਿੱਚ 85 ਪੁਆਇੰਟ ਹੋਣ ਤੇ ਅਰਜ਼ੀ ਦਾਖਿਲ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਸ ਪੇਸ਼ੇ ਵਾਲੇ ਕੇਵਲ 36 ਬਿਨੈਕਾਰਾਂ ਨੂੰ ਪਹਿਲੇ ਦੌਰ ਵਿੱਚ ਇਨਵਾਈਟ ਦਿੱਤੇ ਗਏ ਹਨ, ਜਦ ਕਿ ਇਸਦਾ ਕੋਟਾ 4785 ਹੈ।
ਬਾਜਵਾ ਇਮੀਗ੍ਰੇਸ਼ਨ ਦੇ ਜੁਝਾਰ ਸਿੰਘ ਬਾਜਵਾ ਖ਼ਦਸ਼ਾ ਜ਼ਾਹਿਰ ਕਰਦੇ ਹਨ ਕਿ ਅਕਾਊਂਟੈਂਸੀ ਅਤੇ ਆਈ ਟੀ ਵਾਲੇ ਬਿਨੈਕਾਰਾਂ ਨੂੰ ਪਿਛਲੇ ਸਾਲ ਵਾਂਗ ਇਸ ਸਾਲ ਵੀ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪਵੇਗਾ।
"ਅਕਾਊਂਟੈਂਟ, ਆਈ ਟੀ ਅਤੇ ਏਂਗੀਨੀਰੀਂਗ ਵਾਲਿਆਂ ਨੂੰ ਪਿਛਲੇ ਸਾਲ ਸਭ ਤੋਂ ਵੱਧ ਪੁਆਇੰਟ ਤੇ ਸੱਦਾ ਦਿੱਤਾ ਜਾਂਦਾ ਸੀ। ਇਹ ਇਸ ਸਾਲ ਵੀ ਇਸੇ ਢੰਗ ਨਾਲ ਹੁੰਦਾ ਜਾਪਦਾ ਹੈ। "
"ਮੇਰੀ ਸਲਾਹ ਹੈ ਕਿ ਟਰੇਡ ਓਕੁਪੇਸ਼ਨ ਅਤੇ ਸਟੇਟ ਨੌਮੀਨੇਸ਼ਨ ਇਸ ਸਥਿਤੀ ਵਿੱਚ ਸਹਾਇਕ ਹੋ ਸਕਦੇ ਹਨ।"
ਪਿਛਲੇ ਸਾਲ ਆਸਟ੍ਰੇਲੀਆ ਵੱਲੋਂ ਕੁੱਲ 190,000 ਪੱਕੇ ਵੀਜ਼ਿਆਂ ਦੀ ਹੱਦ ਮਿੱਥੀ ਗਈ ਸੀ। ਪਰੰਤੂ ਪੂਰੇ ਸਾਲ ਦੌਰਾਨ ਕੇਵਲ 162,417 ਵੀਜ਼ੇ ਦਿੱਤੇ ਗਏ ਸਨ ਜੋ ਕਿ ਦੱਸ ਸਾਲਾਂ ਵਿੱਚ ਸਭ ਤੋਂ ਘੱਟ ਸਨ।