ਪੱਛਮੀ ਆਸਟ੍ਰੇਲੀਆ ਦੀ ਮੇਜਰ ਕਰੈਸ਼ ਯੂਨਿਟ ਨੇ ਵੀਰਵਾਰ, 13 ਜੂਨ 2019 ਨੂੰ ਪਰਥ ਲਾਗੇ ਹੈਨਲੀ ਬਰੁੱਕ ਵਿੱਚ ਵਾਪਰੇ ਇੱਕ ਘਾਤਕ ਟ੍ਰੈਫਿਕ ਹਾਦਸੇ ਦੀ ਜਾਂਚ ਤੋਂ ਬਾਅਦ ਇੱਕ ਵਿਅਕਤੀ 'ਤੇ ਦੋਸ਼ ਆਇਦ ਕੀਤੇ ਹਨ।
ਪਰਥ ਵਸਦੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਹਰਵਿੰਦਰ ਸਿੰਘ ਦੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਸੀ।
ਹਾਦਸੇ ਸਮੇਂ ਇਹ 20-ਸਾਲਾ ਪੰਜਾਬੀ ਨੌਜਵਾਨ 'ਬਰੈੱਡ ਡਿਲੀਵਰੀ ਵੈਨ' ਚਲਾ ਰਿਹਾ ਸੀ।
ਨੂੰ ਦੱਸਿਆ ਸੀ ਕਿ ਵੈਨ ਦੇ ਟਰੱਕ ਨਾਲ਼ ਟਕਰਾਉਣ ਪਿੱਛੋਂ ਵੈਨ-ਚਾਲਕ ਨੂੰ ਹਸਪਤਾਲ ਲਿਜਾਣਾ ਪਿਆ ਸੀ ਜਿਸ ਦੌਰਾਨ ਉਸਦੀ ਮੌਤ ਹੋ ਗਈ ਸੀ।
ਪੁਲਿਸ ਮੁਤਾਬਿਕ ਟਰੱਕ ਡਰਾਈਵਰ ਨੂੰ ਇਸ ਦੁਰਘਟਨਾ ਵਿੱਚ ਕੋਈ ਵੀ ਸੱਟ ਨਹੀਂ ਸੀ ਲੱਗੀ - ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦਾ ਉੱਪਰਲਾ ਹਿੱਸਾ ਪੂਰੀ ਤਰ੍ਹਾਂ ਕੁਚਲਿਆ ਗਿਆ ਸੀ।
ਇਸ ਦੁਰਘਟਨਾ ਦੇ ਤਕਰੀਬਨ ਪੰਜ ਮਹੀਨੇ ਬਾਅਦ ਪੁਲਿਸ ਨੇ ਟਰੱਕ ਡਰਾਈਵਰ ਨੂੰ ਇਸ ਲਈ ਜਿੰਮੇਵਾਰ ਠਹਿਰਾਉਂਦਿਆਂ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਲਾਏ ਹਨ।

WA Police have charged a man after an investigation into a fatal traffic crash that occurred in Henley Brook on Thursday, 13 June 2019. Source: Supplied
ਪੁਲਿਸ ਵੱਲੋਂ ਅਦਾਲਤ ਵਿੱਚ ਇਹ ਦੋਸ਼ ਲਾਇਆ ਜਾਵੇਗਾ - "13 ਜੂਨ, 2019 ਸਵੇਰੇ 6:40 ਵਜੇ ਦੇ ਕਰੀਬ ਇੱਕ ਫਿਇਟ ਡੂਕਾਟੋ ਪੈਨਲ ਵੈਨ ਪੂਰਬ ਵੱਲ਼ ਗਨੰਗਾਰਾ ਰੋਡ 'ਤੇ ਜਾ ਰਹੀ ਸੀ ਕਿ ਉਸਦੀ ਇੱਕ ਕੇਨਵਰਥ ਟਰੱਕ ਨਾਲ਼ ਟੱਕਰ ਹੋ ਗਈ ਜੋ ਕਿ ਰਾਬਰਟ ਸਟ੍ਰੀਟ ਤੋਂ ਮੁੜ ਰਿਹਾ ਸੀ। ਪੁੱਛਗਿੱਛ ਅਤੇ ਪੜਤਾਲ ਤੋਂ ਬਾਅਦ 56-ਸਾਲਾ ਟਰੱਕ ਡਰਾਈਵਰ ‘ਤੇ ਮੌਤ ਲਈ ਜਿੰਮੇਵਾਰ ਖਤਰਨਾਕ ਡ੍ਰਾਈਵਿੰਗ ਦੇ ਦੋਸ਼ ਲਾਏ ਜਾ ਰਹੇ ਹਨ।"
56-ਸਾਲਾ ਕਥਿਤ ਦੋਸ਼ੀ ਨੂੰ 4 ਦਸੰਬਰ 2019 ਨੂੰ ਮਿਡਲੈਂਡ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਜਾਏਗਾ।
ਹਰਵਿੰਦਰ ਦੇ ਭੈਣ ਅਤੇ ਜੀਜਾ ਜੀ, ਜੋ ਪਰਥ ਦੇ ਇੱਕ ਲਾਗਲੇ ਇਲਾਕੇ ਵਿੱਚ ਰਹਿੰਦੇ ਹਨ, ਨੇ ਪੁਲਿਸ ਵੱਲੋਂ ਕੀਤੀ ਕਾਰਵਾਈ 'ਤੇ ਤਸੱਲੀ ਪ੍ਰਗਟਾਈ ਹੈ - ਪੀੜ੍ਹਤ ਪਰਿਵਾਰ ਨੂੰ ਹੁਣ ਅਦਾਲਤੀ ਕਾਰਵਾਈ ਦਾ ਇੰਤਜ਼ਾਰ ਹੈ।
ਕੁਲਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫਿਰੋਜ਼ਪੁਰ, ਪੰਜਾਬ ਦਾ ਰਹਿਣ ਵਾਲ਼ਾ ਹਰਵਿੰਦਰ 'ਇੱਕ ਮਿਲਾਪੜੇ ਸੁਭਾ ਦਾ ਨੇਕਦਿਲ ਅਤੇ ਖੁਸ਼ਦਿਲ ਇਨਸਾਨ ਸੀ ਜੋ ਇੱਥੇ ਇੱਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਆਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ'।
ਪੁਲਿਸ ਅਤੇ ਸਬੰਧਿਤ ਜਾਂਚਕਰਤਾ ਇਸ ਦੁਰਘਟਨਾ ਦੇ ਕਿਸੇ ਵੀ ਗਵਾਹ ਜਾਂ ਉਸ ਵਿਅਕਤੀ ਨਾਲ਼ ਜਿਸਨੇ ਘਟਨਾ ਤੋਂ ਪਹਿਲਾਂ ਇਹਨਾਂ ਵਾਹਨਾਂ ਨੂੰ ਵੇਖਿਆ ਹੋਵੇ ਜਾਂ ਉਸ ਕੋਲ਼ ਇਸ ਬਾਰੇ ਕੋਈ ਡੈਸ਼ ਕੈਮ ਫੁਟੇਜ ਹੋਵੇ, ਸੰਪਰਕ ਕਰਨਾ ਚਾਹੁੰਦੇ ਹਨ। ਇਸ ਸਬੰਧੀ 1800 333 000 'ਤੇ ਕ੍ਰਾਈਮ ਸਟਾਪਰ ਨੂੰ ਫੋਨ ਕੀਤਾ ਜਾ ਸਕਦਾ ਹੈ ਜਾਂ crimestopperswa.com.au 'ਤੇ ਔਨਲਾਈਨ ਰਿਪੋਰਟ ਭਰੀ ਜਾ ਸਕਦੀ ਹੈ।

ਹਰਵਿੰਦਰ ਸਿੰਘ ਹਾਦਸੇ ਤੋਂ ਤਕਰੀਬਨ 14 ਮਹੀਨੇ ਪਹਿਲਾਂ ਆਸਟ੍ਰੇਲੀਆ ਆਇਆ ਸੀ ਅਤੇ ਉਹ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। Source: Supplied