ਪਰਥ ਤੋਂ ਭਾਰਤ ਲਈ ਸਿੱਧੀਆਂ ਹਵਾਈ ਉਡਾਣਾਂ

ਏਅਰ ਇੰਡੀਆ ਜਲਦ ਹੀ ਪੱਛਮੀ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰੇਗਾ। ਇਸ ਸੂਚਨਾ ਦਾ ਪਰਥ ਵਿੱਚ ਰਹਿਣ ਵਾਲੇ ਭਾਰਤੀ-ਮੂਲ ਦੇ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ।

India extends flight ban

Source: Wikimedia/mitrebuad

ਪਰਥ ਤੋਂ ਭਾਰਤ ਲਈ ਸਿੱਧੀਆਂ ਹਵਾਈ ਉਡਾਣਾਂ ਸਬੰਧੀ ਫੈਸਲਾ ਲੈਣ ਲਈ ਕੱਲ ਅਧਿਕਾਰਿਤ ਤੌਰ 'ਤੇ ਗੱਲਬਾਤ ਹੋਈ ਹੈ।

ਮੀਟਿੰਗ ਵਿੱਚ ਭਾਰਤੀ ਹਵਾਬਾਜ਼ੀ ਸਟੇਟ ਮੰਤਰੀ, ਪੱਛਮੀ ਆਸਟ੍ਰੇਲੀਆ ਦੇ ਟੂਰਿਜ਼ਮ ਮੰਤਰੀ ਅਤੇ ਏਅਰ ਇੰਡੀਆ ਦੇ ਨੁਮਾਇੰਦੇ ਸ਼ਾਮਿਲ ਹੋਏ ਹਨ।

ਭਾਰਤੀ ਹਵਾਬਾਜ਼ੀ ਸਟੇਟ ਮੰਤਰੀ ਜਯੰਤ ਸਿਨਹਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿੱਧੀਆਂ ਹਵਾਈ ਉਡਾਣਾਂ ਪ੍ਰਤੀ ਸਰਕਾਰ ਦਾ ਰਵਈਆ ਹਮੇਸ਼ਾਂ ਹੀ ਉਦਾਰਵਾਦੀ ਰਿਹਾ ਹੈ।

ਉਨ੍ਹਾਂ ਇਸ ਸਿਲਸਿਲੇ ਵਿੱਚ ਹੋਰ ਹਵਾਈ ਉਡਾਣ ਕੰਪਨੀਆਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਮੀਟਿੰਗ ਵਿਚ ਸ਼ਾਮਿਲ ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਖ਼ਰੋਲਾ ਨੇ ਨਵੀਆਂ ਸਿੱਧੀਆਂ ਹਵਾਈ ਉਡਾਣਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ।

ਪੱਛਮੀ ਆਸਟ੍ਰੇਲੀਆ ਦੇ ਟੂਰਿਜ਼ਮ ਮੰਤਰੀ ਪਾਲ ਪਾਪਾਲੀਆ ਨੇ ਕਿਹਾ ਕਿ ਇਹ ਸਿੱਧੀਆਂ ਉਡਾਣਾਂ ਦੇ ਚਲਦਿਆਂ ਦੋਨੋ ਮੁਲਕਾਂ ਨੂੰ ਫਾਇਦਾ ਹੋਵੇਗਾ।

ਜ਼ਿਕਰਯੋਗ ਹੈ ਕਿ ਪੱਛਮੀ ਆਸਟ੍ਰੇਲੀਆ ਨੂੰ ਭਾਰਤ ਤੋਂ ਟੂਰਿਜ਼ਮ ਅਤੇ ਅੰਤਰਾਸ਼ਟਰੀ ਵਿਦਿਆਰਥੀ ਸਨਅਤ ਵਿੱਚ ਆਰਥਿਕ ਵਾਧੇ ਦੀ ਉਮੀਦ ਹੈ।

ਆਏ ਨਵੇਂ ਫੈਸਲੇ ਦਾ ਪਰਥ ਵਿੱਚ ਰਹਿਣ ਵਾਲੇ ਭਾਰਤੀ-ਮੂਲ ਦੇ ਲੋਕਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ।

ਪਰਥ ਦੇ ਵਸਨੀਕ ਗੁਰਪ੍ਰੀਤ ਮਾਂਗਟ ਨੇ ਐਸ ਬੀ ਐਸ ਨੂੰ ਦੱਸਿਆ ਕਿ ਸਿੱਧੀ ਉਡਾਣ ਸ਼ੁਰੂ ਕੀਤੇ ਜਾਣ ਨਾਲ ਬਜ਼ੁਰਗਾਂ ਅਤੇ ਬੱਚਿਆਂ ਨਾਲ ਸਫਰ ਕਰਨ ਵਾਲਿਆਂ ਨੂੰ ਕਾਫੀ ਲਾਭ ਮਿਲੇਗਾ।

ਉਹਨਾਂ ਕਿਹਾ, “ਇਸ ਦੇ ਨਾਲ ਸਮੇਂ ਦੀ ਵੀ ਬਚਤ ਹੋ ਸਕੇਗੀ ਅਤੇ ਅਸੀਂ ਦਿੱਲੀ ਜਾਂ ਮੁੰਬਈ ਬਹੁਤ ਜਲਦ ਪਹੁੰਚ ਸਕਿਆ ਕਰਾਂਗੇ। ਇਸ ਨਾਲ ਕੂਆਲਾਲੰਪੁਰ, ਸਿੰਗਾਪੁਰ ਜਾਂ ਬੈਂਕਾਕ ਵਿੱਚ ਰੁਕਣਾ ਵੀ ਨਹੀਂ ਪਿਆ ਕਰੇਗਾ।” 

2016 ਦੀ ਜਨਗਣਨਾ ਅਨੁਸਾਰ ਤਕਰੀਬਨ 50,000 ਭਾਰਤੀ ਇਸ ਸਮੇਂ ਪੱਛਮੀ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ।

Share

Published

Updated

By Preetinder Grewal

Share this with family and friends