ਵਨ ਨੇਸ਼ਨ ਸੈਨੇਟਰ ਪੌਲੀਨ ਹੈਨਸਨ ਨੇ ਆਸਟ੍ਰੇਲੀਆ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਨੂੰ ਦੇਸ਼ ਦੀ ਪਰਮਾਨੈਂਟ ਰੇਸੀਡੈਂਸੀ ਦੇਣ ਤੋਂ ਪਹਿਲਾਂ ਇੱਕ 'ਅਸਿਮਿਲੇਸ਼ਨ ਟੈਸਟ' ਪਾਸ ਕਰਨਾ ਜ਼ਰੂਰੀ ਬਣਾਇਆ ਜਾਵੇ।
ਦਾ ਆਸਟ੍ਰੇਲੀਅਨ ਅਖਬਾਰ ਵਿੱਚ ਲਿਖੇ ਇੱਕ ਲੇਖ ਵਿੱਚ ਸੈਨੇਟਰ ਹੈਨਸਨ ਨੇ ਕਿਹਾ ਹੈ ਕਿ ਸਰਕਾਰ ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਨੂੰ ਪੱਕੇ ਵੀਜ਼ੇ ਦੇ ਰਹੀ ਹੈ ਜੋ ਕਿ ਅਜਿਹੇ ਦੇਸ਼ਾਂ ਤੋਂ ਆਉਂਦੇ ਹਨ ਜਿੱਥੇ ਕਿ ਇੱਕ ਤੋਂ ਵੱਧ ਵਿਆਹ, ਮਹਿਲਾਵਾਂ ਦੇ ਯੌਨ ਅੰਗਾਂ ਨੂੰ ਕੱਟਣਾ, ਬੱਚਿਆਂ ਦੇ ਵਿਆਹ ਆਦਿ ਦੇ ਰਿਵਾਜ਼ ਆਮ ਹਨ।
ਉਹਨਾਂ ਕਿਹਾ ਕਿ ਆਸਟ੍ਰੇਲੀਆ ਦੇ ਮੁਸਲਿਮ ਭਾਈਚਾਰੇ ਵਿਚੋਂ ਕੁਝ ਲੋਕ ਅਜਿਹੇ ਹਨ ਜੋ ਕਿ ਆਸਟ੍ਰੇਲੀਆ ਦੇ ਸਮਾਜ ਵਿੱਚ ਜੁੜਨ ਵਿੱਚ ਨਾਕਾਮ ਰਹੇ ਹਨ ਅਤੇ ਸਰਕਾਰ ਨੂੰ ਇਸਦਾ ਹੱਲ ਤਲਾਸ਼ਣਾ ਚਾਹੀਦਾ ਹੈ।
"ਹੁਣ ਸਮਾਂ ਆ ਗਿਆ ਹੈ ਕਿ ਸ਼ਰਨਾਰਥੀਆਂ ਸਮੇਤ ਪੱਕੇ ਵੀਜ਼ਿਆਂ ਦੇ ਸਾਰੇ ਬਿਨੈਕਾਰਾਂ ਨੂੰ ਉਹਨਾਂ ਦੀ ਆਸਟ੍ਰੇਲੀਆ ਵਿੱਚ ਗੁੜ੍ਹਨ ਦੀ ਸਮਰੱਥਾ ਲਈ ਪਰਖਿਆ ਜਾਵੇ ਕਿਉਂਕਿ ਇੱਕ ਵਾਰ ਪੱਕਾ ਵੀਜ਼ਾ ਮਿਲਣ ਮਗਰੋਂ ਉਹਨਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਬਣਨ ਲਈ 20 ਵਿੱਚੋਂ ਕੇਵਲ 12 ਸੁਆਲਾਂ ਦੇ ਸਹੀ ਜਵਾਬ ਦੇਣ ਦੀ ਲੋੜ ਹੁੰਦੀ ਹੈ," ਉਹਨਾਂ ਕਿਹਾ।
ਵਿਕਟੋਰੀਆ ਦੇ ਬੋਰਡ ਓਫ ਇਮਾਮਜ਼ ਦੇ ਮੁਖੀ ਮੌਲਾਨਾ ਇਸੇ ਮੁੱਸੇ ਕਹਿੰਦੇ ਹਨ ਕਿ ਸੈਨੇਟਰ ਹੈਨਸਨ ਮੁਸਲਮਾਨ ਸਮਾਜ ਨੂੰ ਬਦਨਾਮ ਕਰ ਰਹੀ ਹੈ।
Pauline Hanson wearing the burqa in parliament. Source: AAP
"ਹਾਲਾਂਕਿ ਉਸਨੇ ਮੁਸਲਮਾਨਾਂ ਵਿਚੋਂ ਘੱਟ ਗਿਣਤੀ ਦਾ ਜ਼ਿਕਰ ਕੀਤਾ ਹੈ ਪਰ ਅਸਲ ਵਿੱਚ ਉਹ ਪੂਰੇ ਸਮਾਜ ਨੂੰ ਇੱਕੋ ਰੰਗ ਵਿੱਚ ਦਿਖਾ ਰਹੀ ਹੈ। ਜਿਨ੍ਹਾਂ ਗੱਲਾਂ ਦਾ ਉਸ ਨੇ ਜ਼ਿਕਰ ਕੀਤਾ ਹੈ ਉਹ ਅਜਿਹੇ ਦੇਸ਼ਾਂ ਵਿੱਚ ਹੁੰਦੀਆਂ ਹਨ ਜਿਥੇ ਕੋਈ ਕਾਨੂੰਨ ਨਹੀਂ ਹੈ। ਆਸਟ੍ਰੇਲੀਆ ਵਿੱਚ ਕਾਨੂੰਨ ਦਾ ਰਾਜ ਹੈ," ਇਮਾਮ ਮੁੱਸੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
"ਕੁੱਝ ਇੱਕ ਵਿਅਕਤੀ ਪੂਰੇ ਮੁਸਲਿਮ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਅਤੇ ਉਹ [ਸੈਨੇਟਰ ਹੈਨਸਨ] ਇਸਨੂੰ ਬਿਨਾ ਵਜਾਹ ਵਧਾ ਚੜਾ ਕੇ ਦੱਸ ਰਹੀ ਹੈ। "
"ਲੋਕਾਂ ਨੂੰ ਇਹ ਦੱਸਣ ਦੀ ਥਾਂ ਕਿ ਆਸਟ੍ਰੇਲੀਆ ਦੇ ਸਬੰਧ ਵਿੱਚ ਇਹ ਚੰਗਾ ਹੈ ਯਾ ਉਹ ਚੰਗਾ ਹੈ, ਉਹ ਮੁਸਲਮਾਨਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ," ਸ਼੍ਰੀ ਮੁੱਸੇ ਨੇ ਕਿਹਾ।
ਉਹਨਾਂ ਸੈਨੇਟਰ ਹੈਨਸਨ ਵੱਲੋਂ ਵਰਤੇ ਸ਼ਬਦ 'ਅਸਿਮਿਲੇਸ਼ਨ' ਤੇ ਵੀ ਏਤਰਾਜ਼ ਜ਼ਾਹਿਰ ਕੀਤਾ।

Imam Isse Musse says Pauline Hanson is defaming the Muslim community. Source: Facebook
"ਅਸਿਮਿਲੇਸ਼ਨ ਦਾ ਅਰਥ ਹੈ ਮੇਰੇ ਵਾਂਗ ਸੋਚੋ, ਮੇਰੇ ਵਾਂਗ ਵਿਵਹਾਰ ਕਰੋ ਅਤੇ ਆਪਣੇ ਪਿਛੋਕੜ ਨੂੰ ਛੱਡ ਦਵੋ ਉਹ ਭਾਵੇਂ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ। ਆਸਟ੍ਰੇਲੀਆ ਇੱਕ ਬਹੁਸੱਭਿਆਚਾਰਿਕ ਮੁਲਕ ਹੈ ਜਿੱਥੇ ਹਰ ਕੋਈ ਯੋਗਦਾਨ ਦੇ ਰਿਹਾ ਹੈ।"
ਵਾਸਨ ਸ੍ਰੀਨਿਵਾਸਨ ਆਸਟ੍ਰੇਲੀਅਨ ਮਲਟੀਕਲ੍ਚਰਲ ਕਾਉਂਸਿਲ ਦੇ ਮੇਮ੍ਬਰ ਹਨ ਜੋ ਕਿ ਫੈਡਰਲ ਸਰਕਾਰ ਦੀ ਇੱਕ ਸਲਾਹਕਾਰ ਸੰਸਥਾ ਹੈ। ਉਹ ਕਹਿੰਦੇ ਹਨ ਕਿ ਸੈਨੇਟਰ ਹੈਨਸਨ ਦਾ ਲੇਖ ਰਾਜਨੀਤਿਕ ਮੰਤਵ ਨਾਲ ਲਿਖਿਆ ਗਿਆ ਹੈ।
"ਉਹ ਆਪਣੇ ਸਮਰਥਕਾਂ ਨੂੰ ਅਪੀਲ ਕਰ ਰਹੀ ਹੈ ਜਦਕਿ ਸੱਚ ਇਹ ਹੈ ਕਿ ਆਸਟ੍ਰੇਲੀਆ ਵਿੱਚ ਉਸ ਵੱਲੋਂ ਦੱਸੇ ਸਾਰੇ ਮਸਲਿਆਂ ਨੂੰ ਨਜਿੱਠਣ ਲਈ ਕਾਨੂੰਨ ਮੌਜੂਦ ਹੈ, " ਸ਼੍ਰੀ ਸ਼੍ਰੀਨਿਵਾਸਨ ਨੇ ਐਸ ਬੀ ਐਸ ਪੰਜਾਬੀ ਨੂੰ ਕਿਹਾ।