ਇਹ ਕੇਸ ਜਿਸ ਨੂੰ ਪੰਜ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਹੋ ਸਕਦਾ ਹੈ ਕਿ ਹੁਣ ਹੋਰ ਵੀ ਲਮਕ ਜਾਵੇ।
ਆਸਟ੍ਰੇਲੀਆ ਦੀ ਨੁਮਾਂਇੰਦਗੀ ਕਰ ਰਹੇ ਵਕੀਲਾਂ ਨੇ ਕਈ ਮਹੀਨੇ ਪਹਿਲਾਂ ਹੀ ਇਸ ਕੇਸ ਨਾਲ ਸਬੰਧਿਤ ਆਪਣੀਆਂ ਦਲੀਲਾਂ ਅਤੇ ਲਿਖਤੀ ਬੇਨਤੀਆਂ ਪੇਸ਼ ਕਰ ਦਿੱਤੀਆਂ ਸਨ।
ਪਟਿਆਲਾ ਹਾਊਸ ਕੋਰਟ ਵਿੱਚ ਚਲ ਰਹੇ ਇਸ ਕੇਸ ਲਈ ਹੁਣ ਬਚਾਅ ਪੱਖ ਦੇ ਵਕੀਲਾਂ ਵਲੋਂ ਹੀ ਅੰਤਿਮ ਦਲੀਲਾਂ ਅਤੇ ਹੋਰ ਲਿਖਤੀ ਦਸਤਾਵੇਜ਼ ਪਿਛਲੇ ਬੁੱਧਵਾਰ ਨੂੰ ਸੌਪੇ ਜਾਣੇ ਸਨ।
ਜਸਟਿਸ ਨਵਜੀਤ ਬੁੱਧੀਰਾਜਾ ਨੇ ਕਿਹਾ ਹੈ ਕਿ ਉਹ ਪੁਨੀਤ ਦੀ ਆਸਟ੍ਰੇਲੀਆ ਹਵਾਲਗੀ ਲਈ ਸਰਕਾਰੀ ਵਕੀਲ ਦੀਆਂ ਦਲੀਲਾਂ ਮੁੜ ਤੋਂ ਸੁਣਨਾ ਚਾਹੁੰਦੇ ਹਨ, ਜਿਸ ਵਿੱਚ ਕਈ ਮਹੀਨੇ ਲਗਣ ਦੀ ਉਮੀਦ ਹੈ।
ਪੁਨੀਤ, 2008 ਵਿੱਚ ਇਕ ਕੂਈਨਜ਼ਲੈਂਡ ਵਿਦਿਆਰਥੀ ਡੀਨ ਹੋਫਸਟੀ ਦੀ ਮੈਲਬਰਨ ਵਿੱਚ ਹੋਈ ਮੋਤ ਤੋਂ ਬਾਅਦ ਮਿਲੀ ਜਮਾਨਤ ਸਮੇਂ ਭਾਰਤ ਭਜ ਗਿਆ ਸੀ।
19 ਸਾਲਾਂ ਦਾ ਪੁਨੀਤ ਹਾਦਸੇ ਸਮੇਂ ਇਕ ਲਰਨਰ ਡਰਾਇਵਰ ਸੀ ਜਦੋਂ ਉਸ ਦੁਆਰਾ ਹੋਏ ਹਾਦਸੇ ਵਿੱਚ ਹੋਫਸਟੀ ਦੀ ਮੌਤ ਸਮੇਤ ਇਕ ਹੋਰ ਕਲੈਨਸੀ ਕੋਕਰ ਵੀ ਜਖਮੀ ਹੋ ਗਿਆ ਸੀ।
ਪੁਨੀਤ ਨੂੰ ਪੰਜ ਸਾਲ ਪਹਿਲਾਂ ਉਸ ਦੇ ਵਿਆਹ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸੀ ਸਮੇਂ ਤੋਂ ਉਸ ਨੂੰ ਮੈਲਬਰਨ ਲਿਆਉਣ ਲਈ ਅਦਾਲਤੀ ਕਾਰਵਾਈ ਚਲ ਰਹੀ ਹੈ।
ਸਰਕਾਰੀ ਪੱਖ ਦੇ ਵਕੀਲਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਨੀਤ ਦੇ ਬਚਾਅ ਲਈ ਪੈਰਵਾਈ ਕਰ ਰਹੇ ਵਕੀਲ ਟਾਲ-ਮਟੋਲ ਅਤੇ ਦੇਰੀ ਕਰਨ ਦੇ ਦੋਸ਼ੀ ਹਨ। ਇਸ ਦੇ ਜਵਾਬ ਵਿੱਚ ਬਚਾਅ ਕਰਨ ਵਾਲੇ ਵਕੀਲ ਨੇ ਤਿੱਖਾ ਪ੍ਰਤੀਕਰਨ ਦਿੱਤਾ ਹੈ।
ਇਸ ਤੋਂ ਪਹਿਲੀ ਜੱਜ ਜਸਟਿਸ ਗੁਰਮੋਹਿਨਾਂ ਕੌਰ ਨੇ ਵੀ ਬਚਾਅ ਪੱਖ ਦੇ ਵਕੀਲ ਦੀ ਤਾੜਨਾ ਕੀਤੀ ਸੀ।
ਪਰ ਹੁਣ ਇਸ ਕੇਸ ਲਈ ਕਿਸੇ ਹੋਰ ਨਵੇਂ ਜੱਜ ਦੀ ਨਿਯੁਕਤੀ ਦਾ ਮਤਲਬ ਹੈ ਕਿ ਇਹ ਕੇਸ ਹੁਣ ਹੋਰ ਵੀ ਲੰਬਾ ਖਿੱਚਿਆ ਜਾਵੇਗਾ।
ਪੁਨੀਤ ਇਹਨਾਂ ਪੇਸ਼ੀਆਂ ਵਿੱਚ ਇਕ ਮਰੀਜ਼ ਵਜੋਂ ਮੱਥੇ ਤੇ ਪੱਟੀ, ਮੂੰਹ ਤੇ ਮਾਸਕ ਅਤੇ ਵੀਹਲ-ਚੇਅਰ ਤੇ ਬੈਠ ਕਿ ਹਾਜਰ ਹੁੰਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਸ ਨੂੰ ਕਈ ਗੰਭੀਰ ਬਿਮਾਰੀਆਂ ਜਿਵੇਂ ਕਿਡਨੀਆਂ ਫੇਲ ਹੋਣੀਆਂ ਆਦਿ ਨੇ ਘੇਰਿਆ ਹੋਇਆ ਹੈ।
ਪਰ ਡਾਕਟਰਾਂ ਦੇ ਇਕ ਪੈਨਲ ਨੇ ਉਸ ਦੇ ਇਹਨਾਂ ਦਾਅਵਿਆਂ ਨੂੰ ਮੂਲੋਂ ਹੀ ਨਕਾਰਿਆ ਹੈ ਕਿ ਇਹਨਾਂ ਬਿਮਾਰੀਆਂ ਦੇ ਮੱਦੇਨਜ਼ਰ ਉਸ ਨੂੰ ਆਸਟ੍ਰੇਲੀਆ ਨਹੀਂ ਭੇਜਿਆ ਜਾਣਾ ਚਾਹੀਦਾ।
ਪੁਨੀਤ ਦੇ ਕੇਸ ਦੀ ਅਗਲੀ ਸੁਣਵਾਈ ਹੁਣ 27 ਜਨਵਰੀ ਨੂੰ ਹੋਣੀ ਹੈ।