ਆਸਟ੍ਰੇਲੀਆ ਸਰਕਾਰ ਦੀ ਇੱਕ ਨਵੀਂ ਯੋਜਨਾ ਹੇਠ ਆਸਟ੍ਰੇਲੀਆ ਵਿੱਚ ਰੀਜਨਲ ਵੀਜ਼ਿਆਂ ਤੇ ਆਉਣ ਵਾਲੇ ਪ੍ਰਵਾਸੀਆਂ ਨੂੰ ਪੱਕੇ ਹੋਣ ਮਗਰੋਂ ਵੀ ਪੇਂਡੂ ਖੇਤਰਾਂ ਵਿੱਚ ਹੀ ਰਹਿਣਾ ਪੈ ਸਕਦਾ ਹੈ।
ਬਹੁਸੱਭਿਆਚਾਰਕ ਵਿਭਾਗ ਦੇ ਮੰਤਰੀ ਐਲਨ ਟੱਜ ਨੇ ਅਖਬਾਰ ਡੇਲੀ ਟੈਲੀਗ੍ਰਾਫ ਨੂੰ ਦੱਸਿਆ ਕਿ ਕਈ ਪ੍ਰਵਾਸੀ ਪਰਮਾਨੈਂਟ ਰੇਸੀਡੈਂਸੀ ਮਿਲਣ ਮਗਰੋਂ ਬਹੁਤਾ ਚਿਰ ਖੇਤਰੀ ਇਲਾਕਿਆਂ ਵਿੱਚ ਨਹੀਂ ਟਿਕਦੇ।
ਉਹਨਾਂ ਕਿਹਾ ਕਿ ਇਸ ਸਮੱਸਿਆ ਕਾਰਨ ਖੇਤਰੀ ਆਸਟ੍ਰੇਲੀਆ ਵਿੱਚ ਲੇਬਰ ਦੀ ਘਾਟ ਹੋ ਰਹੀ ਹੈ।
ਖੇਤਰੀ ਆਸਟ੍ਰੇਲੀਆ ਵਿੱਚ ਵੱਸਣ ਅਤੇ ਕੰਮ ਕਰਨ ਦੇ ਚਾਹਵਾਨਾਂ ਲਈ ਖਾਸ ਵੀਜ਼ੇ ਮੌਜੂਦ ਹਨ, ਜਿਨ੍ਹਾਂ ਵਿੱਚ ਸਕਿਲਡ ਰੀਜਨਲ (887) ਅਤੇ ਰੀਜਨਲ ਸਪੋਨਸੋਰਡ ਮਾਈਗ੍ਰੇਸ਼ਨ ਸਕੀਮ (187) ਸ਼ਾਮਿਲ ਹਨ।
ਇਹਨਾਂ ਵੀਜ਼ਿਆਂ ਤਹਿਤ ਬਿਨੈਕਾਰਾਂ ਨੂੰ ਲਾਜ਼ਮੀ ਤੌਰ ਤੇ ਖੇਤਰੀ ਆਸਟ੍ਰੇਲੀਆ ਵਿੱਚ ਕੁਝ ਸਾਲਾਂ ਲਈ ਕੰਮ ਕਰਨਾ ਪੈਂਦਾ ਹੈ ਜਿਸ ਮਗਰੋਂ ਉਹ ਪੱਕੇ ਹੋ ਸਕਦੇ ਹਨ। ਕੁਝ ਹੱਦ ਤੱਕ ਇਹਨਾਂ ਵੀਜ਼ਿਆਂ ਦਾ ਮੰਤਵ ਕਾਮਿਆਂ ਨੂੰ ਇਹਨਾਂ ਇਲਾਕਿਆਂ ਵਿੱਚ ਰਹਿਣ ਅਤੇ ਕੰਮ ਕਰਨ ਲਈ ਉਤਸਾਹਿਤ ਕਰਨਾ ਹੈ।
ਪ੍ਰੰਤੂ ਪਰਮਾਨੈਂਟ ਰੇਸੀਡੈਂਸੀ ਮਿਲਣ ਮਗਰੋਂ ਇਹਨਾਂ ਕਾਮਿਆਂ ਦੀ ਖੇਤਰੀ ਇਲਾਕਿਆਂ ਵਿੱਚ ਰਹਿਣ ਦੀ ਕੋਈ ਕਾਨੂੰਨੀ ਬੰਦਿਸ਼ ਨਹੀਂ ਹੈ।
"ਕਈ ਪ੍ਰਵਾਸੀਆਂ ਦੀ ਪਰਮਾਨੈਂਟ ਰੇਸੀਡੈਂਸੀ ਸਪੋਨਸੋਰਸ਼ਿਪ ਇਸ ਅਧਾਰ ਤੇ ਦਿੱਤੀ ਜਾਂਦੀ ਹੈ ਕਿ ਉਹ ਖੇਤਰੀ ਆਸਟ੍ਰੇਲੀਆ ਵਿੱਚ ਕੰਮ ਅਤੇ ਰਿਹਾਇਸ਼ ਰੱਖਣਗੇ। ਪਰੰਤੂ ਇੱਕ ਵਾਰ ਪੱਕੇ ਹੋਣ ਮਗਰੋਂ ਬਹੁਤੇ ਲੋਕ ਬਹੁਤ ਚਿਰ ਪੇਂਡੂ ਖੇਤਰਾਂ ਵਿੱਚ ਨਹੀਂ ਰਹਿੰਦੇ," ਸ਼੍ਰੀ ਟੱਜ ਨੇ ਕਿਹਾ।
ਨਵੀ ਯੋਜਨਾ ਹੋਮ ਅਫੇਯਰ ਵਿਭਾਗ ਵੱਲੋਂ ਤਿਆਰ ਕੀਤੀ ਜਾ ਰਹੀ ਹੈ।
ਵਿਭਾਗ ਦੇ ਮੁਖੀ ਮਾਈਕਲ ਪੇਜੁਲੋ ਨੇ ਇਕ ਸੈਨੇਟ ਕਮੇਟੀ ਨੂੰ ਦੱਸਿਆ ਕਿ ਲੰਮੇ ਸਮੇ ਲਈ ਪ੍ਰਵਾਸੀਆਂ ਦੀ ਆਸਟ੍ਰੇਲੀਆ ਵਿੱਚ ਕਿਸੇ ਥਾਂ ਵੀ ਸਥਾਪਿਤ ਹੋਣ ਦੀ ਆਜ਼ਾਦੀ ਤੇ ਰੋਕ ਅੱਗੇ ਕਾਨੂੰਨੀ ਅੜਚਨਾਂ ਆ ਸਕਦੀਆਂ ਹਨ ਪਰੰਤੂ ਓਹਨਾ ਕਿਹਾ ਕਿ ਇਹ ਅੜਚਨਾਂ ਕੋਈ ਬਹੁਤ ਗੰਭੀਰ ਚਿੰਤਾਜਨਕ ਨਹੀਂ ਹਨ।
ਨੈਸ਼ਨਲ ਪਾਰਟੀ ਦੇ ਐਮ ਪੀ ਅਤੇ ਪਰਿਵਾਰਿਕ ਮਾਮਲਿਆਂ ਦੇ ਸਾਹਿਤ ਮੰਤਰੀ ਡੇਵਿਡ ਗਿੱਲੀਸਪੀ ਨੇ ਕਿਹਾ ਕਿ ਕਾਮਿਆਂ ਦੇ ਸ਼ਹਿਰਾਂ ਨੂੰ ਪਰਤਣ ਤੇ ਉਹ ਕਾਰੋਬਾਰ ਕਾਫੀ ਨਿਰਾਸ਼ ਹੁੰਦੇ ਹਨ ਜਿਨ੍ਹਾਂ ਨੇ ਓਹਨਾ ਨੂੰ ਸਪੌਂਸਰ ਕੀਤਾ ਸੀ।
ਓਹਨਾ ABC ਨੂੰ ਦੱਸਿਆ ਕਿ ਆਸਟ੍ਰੇਲੀਆ ਵਿੱਚ "ਫ੍ਰੀਡਮ ਓਫ ਮੂਵਮੈਂਟ ਅਤੇ ਫ੍ਰੀਡਮ ਓਫ ਐਸੋਸੀਏਸ਼ਨ ਦਾ ਅਧਿਕਾਰ ਹੈ। "
"ਪਰੰਤੂ ਲੋਕਾਂ ਦੇ ਵੀਜ਼ੇ ਦਾ ਅਧਾਰ ਖੇਤਰੀ ਇਲਾਕਿਆਂ ਵਿੱਚ ਕੰਮ ਕਰਨਾ ਹੈ। ਤੇ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਅਜਿਹਾ ਨਹੀਂ ਹੁੰਦਾ ਅਤੇ ਲੋਕ ਸਿਸਟਮ ਨਾਲ ਖਿਲਵਾੜ ਕਰਦੇ ਹਨ।"