ਅਲਕੋਹਲ ਦਾ ਬੇਲੋੜਾ ਉਪਯੋਗ ਸਿਹਤ ਲਈ ਖ਼ਤਰਨਾਕ ਹੈ ਪਰੰਤੂ ਜੇ ਇਹ ਸੰਜਮ ਨਾਲ਼ ਵਰਤੀ ਜਾਵੇ ਤਾਂ ਇਹ ਵਿਦੇਸ਼ੀ ਭਾਸ਼ਾ ਵਿੱਚ ਉਚਾਰਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀ ਹੈ।
ਪਰ ਦੂਜੇ ਪਾਸੇ, ਬਹੁਤ ਜ਼ਿਆਦਾ ਪੀਣ ਨਾਲ ਉਲਟ ਪ੍ਰਭਾਵ ਹੁੰਦਾ ਹੈ ਕਿਓਂਕਿ ਇਹ ਸਾਡੀ ਦਿਮਾਗ ਦੀ ਕਾਰਜਪ੍ਰਣਾਲੀ ਨੂੰ ਹੌਲ਼ੀ ਕਰ ਦਿੰਦਾ ਹੈ ਅਤੇ ਸਾਡੀ ਬੋਲੀ ਨੂੰ ਵੀ ਉਲਝਣ ਵਿੱਚ ਪਾ ਦਿੰਦਾ ਹੈ।
ਬ੍ਰਿਟਿਸ਼ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਇੱਕ ਅਧਿਐਨ ਮੁਤਾਬਿਕ ਅੰਗਰੇਜ਼ੀ ਅਤੇ ਡਚ ਖੋਜਕਰਤਾਵਾਂ ਨੇ ਮਾਸਟਰਿਚ ਯੂਨੀਵਰਸਿਟੀ (ਨੀਦਰਲੈਂਡਜ਼) ਦੇ 50 ਜਰਮਨ ਵਿਦਿਆਰਥੀਆਂ ਵਿੱਚ 'ਸ਼ਰਾਬ ਦੀ ਵਿਦੇਸ਼ੀ ਭਾਸ਼ਾ ਬੋਲਣ ਵਿਚਲੀ ਸਹਾਇਤਾ' ਨੂੰ ਲੈਕੇ ਟੈਸਟ ਕੀਤਾ।
ਉਨ੍ਹਾਂ ਵਿੱਚੋਂ 50% ਨੇ ਇਕ ਗਲਾਸ ਪਾਣੀ ਪੀਤਾ ਅਤੇ ਬਾਕੀ 50% ਨੇ ਪ੍ਰਤੀ ਵਿਅਕਤੀ ਵਜ਼ਨ ਦੁਆਰਾ ਨਿਰਧਾਰਤ ਅਲਕੋਹੋਲ ਦੀ ਮਾਤਰਾ ਲਈ। ਉਸ ਤੋਂ ਬਾਅਦ ਸਾਰੇ ਜਰਮਨ ਵਿਦਿਆਰਥੀਆਂ ਨੂੰ ਇੱਕ ਡੱਚ ਵਾਰਤਾਕਾਰ ਦੇ ਨਾਲ ਦੋ ਮਿੰਟ ਲਈ ਗੱਲਬਾਤ ਕਰਨੀ ਪਈ।
ਨਤੀਜਾ: ਹਾਲਾਂਕਿ ਜਿਨ੍ਹਾਂ ਲੋਕਾਂ ਨੇ ਸ਼ਰਾਬ ਪੀਤੀ ਸੀ ਉਹ ਆਪਣੇ ਆਪ 'ਤੇ ਭਰੋਸੇ ਨੂੰ ਗਵਾਉਂਦੇ ਨਜ਼ਰ ਆਏ ਪਰ ਉਨ੍ਹਾਂ ਨੂੰ ਡੱਚ ਵਾਰਤਾਕਾਰ ਦੁਆਰਾ ਸੁਚੱਜੀ ਗੱਲਬਾਤ ਅਤੇ ਵਧੀਆ ਉਚਾਰਨ ਦੇ ਚਲਦਿਆਂ ਬਿਹਤਰ ਰੇਟਿੰਗ ਦਿੱਤੀ ਗਈ।
ਦੂਜੇ ਪਾਸੇ, ਇਹ ਵੀ ਦਿਖਾਇਆ ਗਿਆ ਹੈ ਕਿ ਸ਼ਰਾਬ ਦੀ ਬਹੁਤ ਜ਼ਿਆਦਾ ਮਾਤਰਾ ਸੰਵਾਦ ਅਤੇ ਦਿਮਾਗ ਦੇ ਮੋਟਰ ਫੰਕਸ਼ਨਾਂ ਨੂੰ ਕਮਜ਼ੋਰ ਕਰਦੀ ਹੈ ਅਤੇ ਬੋਲਣ ਨੂੰ ਨਕਾਰਾਤਮਕ ਬਣਾਉਂਦਿਆਂ ਦਿਮਾਗ ਨੂੰ ਉਲਝਣ ਵਿੱਚ ਪਾਕੇ ਇਸਦੀ ਕਾਰਜਪ੍ਰਣਾਲੀ ਨੂੰ ਹੌਲੀ ਕਰ ਦਿੰਦੀ ਹੈ।
alcoholic addiction Source: iStockphoto
ਮਨੋਵਿਗਿਆਨਕ ਪ੍ਰਭਾਵ?
ਇਸ ਨਤੀਜੇ 'ਤੇ ਪਹੁੰਚਣ ਦੇ ਨਾਲ਼-ਨਾਲ਼ ਅਧਿਐਨਕਰਤਾ ਇਹ ਵੀ ਮਹਿਸੂਸ ਕਰਦੇ ਹਨ ਕਿ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਸ਼ਰਾਬ ਦੀ ਵਰਤੋਂ ਦਾ ਇਹ ਨਤੀਜਾ ਇੱਕ ਮਨੋਵਿਗਿਆਨਕ ਪ੍ਰਭਾਵ ਹੈ ਜਾਂ ਇਸਤੋਂ ਵੀ ਵਧਕੇ।
ਉਹ ਮੰਨਦੇ ਹਨ ਕਿ ਇਹ ਨਿਰਧਾਰਿਤ ਕਰਨ ਲਈ ਨਵੇਂ ਟੈਸਟਾਂ ਵਿੱਚ ਸ਼ਰਾਬ ਨੂੰ ਪਲਾਸੀਬੋ ਦੇ ਤੌਰ 'ਤੇ ਸ਼ਾਮਲ ਕਰਨ ਦੀ ਲੋੜ ਹੋਵੇਗੀ।
ਪਰ ਇਹ ਅਜਿਹਾ ਪਹਿਲਾ ਅਧਿਐਨ ਨਹੀਂ ਹੈ ਜੋ ਦਿਖਾਉਂਦਾ ਹੈ ਕਿ ਥੋੜੀ ਸ਼ਰਾਬ ਪੀਣੀ ਵਿਦੇਸ਼ੀ ਭਾਸ਼ਾ ਬੋਲਣ ਵਿੱਚ ਸਾਡੀ ਮਦਦ ਕਰੇਗਾ।
ਵਿੱਚ ਥਾਈਲੈਂਡ ਵਿੱਚ ਅੰਗਰੇਜ਼ੀ ਬੋਲਣ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਚਾਰਨ ਲਈ ਉਹ ਭਾਸ਼ਾ ਬੋਲਣ ਲਈ ਟੈਸਟ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਪਹਿਲਾਂ ਕੋਈ ਤਜਰਬਾ ਨਹੀਂ ਸੀ।
ਭਾਸ਼ਾ ਉਚਾਰਨ ਦੇ ਨਤੀਜੇ ਉਨ੍ਹਾਂ ਲੋਕਾਂ ਵਿੱਚ ਬੇਹਤਰ ਸਨ ਜਿਨ੍ਹਾਂ ਨੇ 44 ਮਿਲੀਲੀਟਰ ਸ਼ਰਾਬ ਪੀਤੀ, ਪਰ ਉਨ੍ਹਾਂ ਨਾਲੋਂ ਦੋਹਰੀ ਮਾਤਰਾ ਜਾਂ 88 ਮਿਲੀਲੀਟਰ ਸ਼ਰਾਬ ਪੀਣ ਵਾਲਿਆਂ ਦਾ ਉਚਾਰਨ ਆਮ ਨਾਲੋਂ ਢਿੱਲਾ ਰਿਹਾ।
Source: Getty images
ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਉਲਟ ਪ੍ਰਭਾਵ ਹੁੰਦਾ ਹੈ
ਪਰ ਇੱਕ ਹੋਰ ਅਧਿਐਨ ਦੱਸਦਾ ਹੈ ਕਿ ਵੱਧ ਸ਼ਰਾਬ ਪੀਣ ਵਾਲੇ ਹੋਰ ਭਾਸ਼ਾ ਤਾਂ ਛੱਡੋ ਆਪਣੀ ਬੋਲੀ ਵਿੱਚ ਵੀ ਢੰਗ ਨਾਲ਼ ਬੋਲਣ ਤੋਂ ਅਸਮਰੱਥ ਹੁੰਦੇ ਹਨ।
ਸੋ ਜੇ ਇਨ੍ਹਾਂ ਅਧਿਐਨ ਦੀ ਮੰਨੀਏ ਤਾਂ ਸ਼ਰਾਬ ਦੀ ਸੰਜਮ ਨਾਲ਼ ਕੀਤੀ ਵਰਤੋਂ ਹੀ ਵਿਦੇਸ਼ੀ ਭਾਸ਼ਾ ਬੋਲਣ ਵਿੱਚ ਮਦਦਗਾਰ ਹੋ ਸਕਦੀ ਹੈ।