ਸਿੱਖ ਕਤਲੇਆਮ ਦੇ ਦੋਸ਼ਾਂ ਦੇ ਬਾਵਜੂਦ ਕਮਲਨਾਥ ਨੂੰ ਚੁਣਿਆ ਗਿਆ ਮੁੱਖ ਮੰਤਰੀ

ਮੱਧ ਪ੍ਰਦੇਸ਼ ਵਿੱਚ 15 ਸਾਲਾਂ ਬਾਅਦ ਸਰਕਾਰ ਬਣਾ ਰਹੀ ਕਾਂਗਰਸ ਪਾਰਟੀ ਵੱਲੋਂ ਸਿੱਖ ਕਤਲੇਆਮ ਨਾਲ ਦਾਗੀ ਹੋਏ ਕਮਲਨਾਥ ਨੂੰ ਮੁੱਖ ਮੰਤਰੀ ਚੁਣਨ ਤੇ ਵਿਵਾਦ ਪੈਦਾ ਹੋ ਗਿਆ ਹੈ।

Kamalnath

Kamalnath (right) with Congress president Rahul Gandhi (middle) and Jyotiraditya Scindia. Source: Twitter

ਭਾਰਤ ਦੇ ਤਿੰਨ ਸੂਬਿਆਂ ਵਿੱਚ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਜਿੱਤ ਮਗਰੋਂ ਮੱਧ ਪ੍ਰਦੇਸ਼ ਵਿੱਚ ਇਸਦੇ ਮੁੱਖ ਮੰਤਰੀ ਦੀ ਚੋਣ ਹੁਣ ਵਿਵਾਦ ਦਾ ਵਿਸ਼ਾ ਬਣ ਗਈ ਹੈ। ਕਾਂਗਰਸ ਪਾਰਟੀ ਵੱਲੋਂ ਸੂਬੇ ਵਿਚਲੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਮਲਨਾਥ ਨੂੰ ਮੁੱਖ ਮੰਤਰੀ ਐਲਾਨਿਆ ਗਿਆ ਹੈ।
ਕਮਲਨਾਥ ਤੇ ਸਾਲ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦੇ ਦੋਸ਼ ਲੱਗਦੇ ਰਹੇ ਹਨ। ਸਾਲ 2016 ਵਿੱਚ ਪਾਰਟੀ ਵੱਲੋਂ ਉਸਨੂੰ ਪੰਜਾਬ ਯੂਨਿਟ ਦਾ ਇਨਚਾਰਜ ਲਗਾਇਆ ਗਿਆ ਸੀ ਪਰੰਤੂ ਇਹਨਾਂ ਦੋਸ਼ਾਂ ਦੇ ਚਲਦਿਆਂ ਵਿਰੋਧ ਕਾਰਨ ਉਸ ਫੈਸਲੇ ਨੂੰ ਬਦਲਣਾ ਪਿਆ ਸੀ।

72 ਸਾਲ ਦੇ ਕਮਲਨਾਥ ਦੇ ਨਾਂ ਨੂੰ ਮੁੱਖ ਮੰਤਰੀ ਦੇ ਓਹਦੇ ਲਈ ਹਰੀ ਝੰਡੀ ਕਾਂਗਰਸ ਦੇ ਵਿਧਾਇਕ ਦਲ ਦੀ ਭੋਪਾਲ ਵਿੱਚ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਜਿਓਤਿਰਦਿਤ੍ਯ ਸਿੰਧੀਆ ਦੀ ਮੌਜੂਦਗੀ ਵਿੱਚ ਹੋਈ ਇੱਕ ਮੀਟਿੰਗ ਮਗਰੋਂ ਦਿੱਤੀ ਗਈ। ਹਾਲਾਂਕਿ ਸਿੰਧੀਆ ਵੀ ਮੁੱਖ ਮੰਤਰੀ ਓਹਦੇ ਦੇ ਦਾਵੇਦਾਰ ਦੱਸੇ ਜਾਂਦੇ ਸਨ ਪਰੰਤੂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਮਨਾਉਣ ਵਿੱਚ ਸਫਲ ਰਹਿਣ ਦੀ ਖਬਰ ਹੈ।
ਪਰੰਤੂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਿੱਖ ਕਤਲੇਆਮ ਤੋਂ ਪੀੜਿਤ ਪਰਿਵਾਰਾਂ ਦੇ ਹੱਕ ਵਿੱਚ ਕਾਨੂੰਨੀ ਲੜਾਈ ਲੜਦੇ ਆ ਰਹੇ ਵਕੀਲ ਐਚ ਐਸ ਫੂਲਕਾ ਨੇ ਕਿਹਾ ਕਿ ਹਾਲਾਂਕਿ ਕਮਲਨਾਥ ਵਿਰੁੱਧ ਸਿੱਖ ਕਤਲੇਆਮ ਨਾਲ ਸਬੰਧਿਤ ਕੋਈ ਅਪਰਾਧਿਕ ਜਾਂ ਨਿਆਇਕ ਕਾਰਵਾਈ ਨਹੀਂ ਚੱਲ ਰਹੀ ਪਰੰਤੂ ਫੂਲਕਾ ਦੇ ਦੱਸਣ ਮੁਤਾਬਿਕ ਚਸ਼ਮਦੀਦ ਗਵਾਹਾਂ ਨੇ ਉਸਨੂੰ ਰਕਾਬਗੰਜ ਗੁਰਦਵਾਰੇ ਨੇੜੇ ਭੀੜ ਦੀ ਅਗਵਾਈ ਕਰਦੇ ਦੇਖਿਆ ਸੀ।

"ਕਾਂਗਰਸ ਧਰਮ ਨਿਰਪੱਖ ਹੋਣ ਦਾ ਦਾਵਾ ਕਰਦੀ ਹੈ। ਇਸਨੂੰ ਅਜਿਹੇ ਲੋਕਾਂ ਨੂੰ ਸ਼ਹਿ ਨਹੀਂ ਦੇਣੀ ਚਾਹੀਦੀ," ਸ਼੍ਰੀ ਫੂਲਕਾ ਨੇ ਕਿਹਾ।

ਕਮਲਨਾਥ ਵਿਰੁੱਧ ਗਵਾਹੀ ਦੇਣ ਵਾਲਿਆਂ ਵਿੱਚ ਸੀਨੀਅਰ ਪੱਤਰਕਾਰ ਸੰਜੇ ਸੂਰੀ ਵੀ ਹਨ ਜਿਹਨਾਂ ਨੇ ਇਸ ਸੰਬਧੀ ਇੱਕ ਹਲਫੀਆ ਬਿਆਨ ਵੀ ਦਿੱਤਾ ਹੈ।  ਸੂਰੀ ਮੁਤਾਬਿਕ ਕਮਲਨਾਥ 1 ਨਵੰਬਰ 1984 ਦੀ ਦੁਪਹਿਰ ਨੂੰ ਰਕਾਬਗੰਜ ਗੁਰਦਵਾਰੇ, ਜਿਥੇ ਕਿ ਦੋ ਸਿਖਾਂ ਨੂੰ ਅਜੇ ਜਿਓਂਦਿਆਂ ਸਾੜਿਆ ਹੀ ਗਿਆ ਸੀ ਅਤੇ ਸੂਰੀ ਮੁਤਾਬਿਕ ਜਦੋਂ ਉਹ ਉਥੇ ਪਹੁੰਚੇ ਤਾਂ ਧੂੰਆਂ ਅਜੇ ਵੀ ਉੱਠ ਰਿਹਾ ਸੀ।  ਉਹਨਾਂ ਦੱਸਿਆ ਕਿ ਦੰਗਾਈਆਂ ਦੀ ਭੀੜ ਗੁਰਦਵਾਰੇ ਦੇ ਬਾਹਰ ਇੱਕਠੀ ਹੋਈ ਸੀ ਅਤੇ ਉਸਦੀ ਅਗਵਾਈ ਕਮਲਨਾਥ ਕਰ ਰਹੇ ਸਨ।
ਅਕਾਲੀ ਦਲ ਨੇ ਇਸਦੇ ਵਿਰੁੱਧ ਸੜਕਾਂ ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ।

Share
Published 14 December 2018 10:29am

Share this with family and friends