ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਕੌਮੀ ਪੱਧਰ ਤੇ ਕੀਤੀ ਕਾਰਵਾਈ ਵਿੱਚ ਗੈਰਕਾਨੂੰਨੀ ਤੌਰ ਤੇ ਵਿਦੇਸ਼ੀ ਕਾਮਿਆਂ ਨੂੰ ਕੰਮ ਦੁਆਉਣ ਵਾਲੀ ਲੇਬਰ ਹਾਇਰ ਕੰਪਨੀਆਂ ਨੂੰ ਨਿਸ਼ਾਨੇ ਤੇ ਲਿਆ ਹੈ। ਇਸੇ ਕਾਰਵਾਈ ਦੌਰਾਨ ਏ ਬੀ ਐਫ ਨੇ ਕੁਈਨਸਲੈਂਡ ਦੇ ਬ੍ਰਾਊਨ ਪਲੇਨਸ ਇਲਾਕੇ ਵਿੱਚ ਇੱਕ ਕਾਰ ਵਾਸ਼ ਤੇ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਇੱਕ ਭਾਰਤੀ ਨੂੰ ਕਾਬੂ ਕੀਤਾ ਹੈ।
62 ਸਾਲਾ ਭਾਰਤੀ ਨਾਗਰਿਕ ਇੱਕ ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਆਇਆ ਅਤੇ $12 ਘੰਟੇ ਤੇ ਨਕਦੀ ਕੰਮ ਕਰ ਰਿਹਾ ਸੀ। ਟੂਰਿਸਟ ਵੀਜ਼ੇ ਤੇ ਆਸਟ੍ਰੇਲੀਆ ਵਿੱਚ ਕੰਮ ਕਰਨ ਤੇ ਰੋਕ ਹੈ।
ਏ ਬੀ ਐਫ ਦੇ ਦੱਸਣ ਮੁਤਾਬਿਕ, ਇਹ ਵਿਅਕਤੀ ਹੁਣ ਭਾਰਤ ਵਾਪਿਸ ਚਲਾ ਗਿਆ ਹੈ ਅਤੇ ਕਾਰ ਵਾਸ਼ ਦੇ ਮਲਿਕ ਦੇ ਵਿਰੁੱਧ ਜਾਂਚ ਜਾਰੀ ਹੈ।
ਏ ਬੀ ਐਫ ਦੇ ਫੀਲਡ ਓਪਰੇਸ਼ਨ ਕਮਾਂਡਰ ਜੇਮਜ਼ ਕੋਪਮੇਨ ਨੇ ਇੱਕ ਬਿਆਨ ਵਿੱਚ ਕਿਹਾ : "ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਸਾਡੇ ਸਮਾਜ ਤੇ ਇੱਕ ਦਾਗ ਹੈ। ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਤੰਤਰ ਦੇ ਉਲਟ ਜਾ ਕੇ ਇਹਨਾਂ ਕਾਮਿਆਂ ਦਾ ਸ਼ੋਸ਼ਣ ਕਰਣ ਵਾਲੇ ਲੇਬਰ ਹਾਇਰ ਵਿਚੋਲਿਆਂ ਨੂੰ ਏ ਬੀ ਐਫ ਅਜਿਹੇ ਓਪਰੇਸ਼ਨ ਤਹਿਤ ਆਪਣੇ ਨਿਸ਼ਾਨੇ ਤੇ ਲੈਂਦੀ ਰਹੇਗੀ।"
ਏ ਬੀ ਐਫ ਦਾ ਇਹ ਓਪਰੇਸ਼ਨ ਜਿਸ ਵਿੱਚ 62 ਸਾਲਾ ਭਾਰਤੀ ਨਾਗਰਿਕ ਕਾਬੂ ਕੀਤਾ ਗਿਆ ਚਾਰ ਫਰਵਰੀ ਨੂੰ ਕੀਤਾ ਗਿਆ ਸੀ।
ਆਸਟ੍ਰੇਲੀਆ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਏ ਬੀ ਐਫ ਅਧਿਕਾਰੀਆਂ ਨੇ ਕਈ ਗੈਰਕਾਨੂੰਨੀ ਕਾਮੇ ਕਾਬੂ ਕੀਤੇ ਹਨ। ਕੁੱਲ ਅੱਠ ਵਿਅਕਤੀ ਹਿਰਾਸਤ ਵਿੱਚ ਲਏ ਗਏ ਜਿਹਨਾਂ ਵਿਚੋਂ ਛੇ ਗੈਰਕਾਨੂੰਨੀ ਵਿਦੇਸ਼ੀ ਨਾਗਰਿਕ ਸਨ ਜੋ ਕਿ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੇ ਉਲਟ ਬ੍ਰਿਸਬੇਨ ਦੇ ਗ੍ਰੀਨਸਲੋਪਸ ਇਲਾਕੇ ਵਿੱਚ ਕੰਸਟ੍ਰਕਸ਼ਨ ਸਾਈਟ ਤੇ ਕੰਮ ਕਰ ਰਹੇ ਸਨ। ਇਹ ਮਲੇਸ਼ੀਆ ਅਤੇ ਚੀਨ ਦੇ ਨਾਗਰਿਕ ਸਨ। ਇਹਨਾਂ ਵਿੱਚੋਂ ਤਿੰਨ ਆਸਟ੍ਰੇਲੀਆ ਤੋਂ ਆਪਣੇ ਮੁਲਕ ਵਾਪਿਸ ਮੁੜ ਗਏ ਹਨ ਜਦਕਿ ਬਾਕੀਆਂ ਵਿਰੁੱਧ ਪੜਤਾਲ ਜਾਰੀ ਹੈ।