ਅੰਤਰਰਾਸ਼ਟਰੀ ਆਵਾਜਾਈ ਤੇ ਲੱਗੀ ਹੱਦਬੰਦੀ ਦੇ ਚਲਦਿਆਂ ਸਿਰਫ਼ ਸੀਮਤ ਲੋਕ ਹੀ ਹਰ ਹਫ਼ਤੇ ਆਸਟ੍ਰੇਲੀਆ ਵਿੱਚ ਪ੍ਰਵੇਸ਼ ਕਰ ਸੱਕਦੇ ਹਨ ਪਰ ਇਨ੍ਹਾਂ ਵਿੱਚੋ ਵੀ ਕਾਫ਼ੀ ਸਥਾਨਾ ਤੇ ਕਾਰੋਬਾਰੀ ਵੀਜ਼ਾ ਧਾਰਕਾਂ (ਉਪ-ਕਲਾਸ 188) ਵਲੋਂ ਕਬਜ਼ਾ ਕੀਤਾ ਜਾ ਰਿਹਾ ਹੈ। ਸਬਕਲਾਸ 188 ਵੀਜ਼ਾ ਧਾਰਕਾਂ ਨੂੰ ਹੁਣ ਵਿਅਕਤੀਗਤ ਯਾਤਰਾ ਛੋਟਾਂ ਲਈ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ।
ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਸਰਕਾਰ ਦੀ ਇਸ ਨੀਤੀ ਦੀ ਨਿੰਦਾ ਕਰਦਿਆਂ ਸੈਨੇਟਰ ਕੇਨੇਲੀ ਨੇ ਲਿਖਿਆ ਕਿ "ਮੌਰਿਸਨ ਸਰਕਾਰ ਦੀਆਂ ਨੀਤੀਆਂ ਅਧੀਨ ਇਨ੍ਹਾਂ ਕਾਰੋਬਾਰੀਆਂ ਵਲੋਂ ਆਸਟ੍ਰੇਲੀਆ ਵਿੱਚ ਪੈਸਾ ਨਿਵੇਸ਼ ਕਰਕੇ ਆਸਟ੍ਰੇਲੀਆ ਦਾ ਵੀਜ਼ਾ ਖ਼ਰੀਦਿਆ ਜਾ ਰਿਹਾ ਹੈ, ਜੱਦ ਕੀ ਹਜ਼ਾਰਾਂ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਵੀਜ਼ਾ ਧਾਰਕ ਇਸ ਵੇਲ਼ੇ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ"।
ਇਸ ਵੇਲ਼ੇ ਤੱਕ ਤਕਰੀਬਨ 26,800 ਆਸਟ੍ਰੇਲੀਅਨ ਨਾਗਰੀਕਾਂ ਨੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨਾਲ ਆਸਟ੍ਰੇਲੀਆ ਪਰਤਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ, ਜੋ ਜੁਲਾਈ ਮਹੀਨੇ ਵਿੱਚ ਦਰਜ ਕੀਤੇ ਗਏ ਅੰਕੜਿਆਂ ਨਾਲੋਂ ਤਕਰੀਬਨ 8,000 ਵੱਧ ਹੈ।
ਆਸਟ੍ਰੇਲੀਅਨ ਬਾਰਡਰ ਫੋਰਸ ਦੇ ਕਮਿਸ਼ਨਰ ਮਾਈਕਲ ਆਉਟਰਾਮ ਨੇ ਕੋਵਿਡ-19 ਸੈਨੇਟ ਕਮੇਟੀ ਨੂੰ ਦੱਸਿਆ ਕਿ ਭਾਵੇਂ ਅੰਤਰਰਾਸ਼ਟਰੀ ਆਵਾਜਾਈ 'ਤੇ ਹਫ਼ਤਾਵਾਰੀ ਕੈਪ ਵਿੱਚ 1,600 ਸਥਾਨ ਵਧਾਏ ਗਏ ਨੇ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਬਾਹਰ ਫ਼ਸੇ ਆਸਟ੍ਰੇਲੀਅਨ ਨਾਗਰਿਕਾ ਜਾਂ ਸਥਾਈ ਵਸਨੀਕਾਂ ਨੂੰ ਇਨ੍ਹਾਂ ਸਥਾਨਾਂ ਨੂੰ ਅਲਾਟ ਕੀਤੇ ਜਾਣ ਵਿੱਚ ਕੋਈ ਤਰਜੀਹ ਦਿੱਤੀ ਜਾਵੇਗੀ।
ਸ਼੍ਰੀ ਆਉਟਰਾਮ ਨੇ ਕਿਹਾ ਕਿ ਕਾਰੋਬਾਰੀ ਵੀਜ਼ਾ ਧਾਰਕ (ਉਪ-ਕਲਾਸ 188), ਜੋ ਕੀ ਖ਼ਾਸ ਛੋਟ ਸ਼੍ਰੇਣੀ ਅਧੀਨ ਆਉਂਦੇ ਹਨ, ਅੰਤਰਰਾਸ਼ਟਰੀ ਆਮਦ ਹੱਦਬੰਦੀ ਦੇ ਅਧੀਨ ਨਿਰਧਾਰਤ ਕੀਤੇ ਗਏ ਸਥਾਨਾਂ ਨੂੰ ਲੈ ਸਕਦੇ ਹਨ ਜਿਸਦੇ ਚਲਦਿਆਂ ਆਸਟ੍ਰੇਲੀਅਨ ਨਾਗਰੀਕਾਂ ਨੂੰ ਵਾਪਸ ਪਹੁੰਚਣ ਵਿੱਚ ਹੋਰ ਦੇਰ ਲਗ ਸੱਕਦੀ ਹੈ।
ਹੱਦਬੰਦੀ ਨੀਤੀਆਂ ਅਧੀਨ ਅਲਾਟ ਕੀਤੇ ਜਾ ਰਹੇ ਸਥਾਨਾਂ ਬਾਰੇ ਜਾਣਕਾਰੀ ਦੇਂਦੇ ਹੋਏ ਬੁਨਿਆਦੀ ਢਾਂਚਾ, ਟ੍ਰਾਂਸਪੋਰਟ, ਸ਼ਹਿਰਾਂ ਅਤੇ ਖੇਤਰੀ ਵਿਕਾਸ ਵਿਭਾਗ ਦੇ ਸੈਕਟਰੀ ਸਾਈਮਨ ਐਟਕਿਨਸਨ ਨੇ ਸੈਨੇਟ ਕਮੇਟੀ ਨੂੰ ਦੱਸਿਆ ਕਿ "ਇਹ ਆਉਣ ਵਾਲੀਆਂ ਉਡਾਣਾਂ ਵਿੱਚ ਬਰਾਬਰ ਤਕਸੀਮ ਕੀਤਾ ਜਾਂਦਾ ਹੈ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।