'ਬੁਸ਼ ਦੀਵਾਨ': ਵ੍ਹਾਈਟ ਆਸਟ੍ਰੇਲੀਆ ਨੀਤੀ ਵਿਰੁੱਧ ਲੜਨ ਵਾਲੇ ਸਿੱਖ ਪ੍ਰਵਾਸੀ ਦੀ ਕਹਾਣੀ

ਮੈਲਬੌਰਨ ਦੇ ਬੁੰਜਿਲ ਪਲੇਸ ਵਿੱਚ ਆਸਟ੍ਰੇਲੀਆ ਦੇ ਸਿੱਖ ਇਤਿਹਾਸ 'ਤੇ ਚਾਨਣਾ ਪਾਉਂਦੀ 'ਬੁਸ਼ ਦੀਵਾਨ' ਨਾਮਕ ਪ੍ਰਦਰਸ਼ਨੀ ਚੱਲ ਰਹੀ ਹੈ। ਪ੍ਰਦਰਸ਼ਨੀ 'ਚ ਵਿਖਾਈਆਂ ਜਾ ਰਹੀਆਂ ਰਚਨਾਵਾਂ ਆਸਟ੍ਰੇਲੀਆ ਆਏ ਪਹਿਲੇ ਪੰਜਾਬੀਆਂ 'ਚ ਜਾਣੇ ਜਾਂਦੇ ਸਿਵਾ ਸਿੰਘ ਦੇ ਭਾਈਚਾਰੇ ਲਈ ਸਮਰਪਿਤ ਕਾਰਜਾਂ ਅਤੇ ਪਰਵਾਸ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਹਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਪਹਿਲਾ ਰਸਮੀ ਅਖੰਡ ਪਾਠ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ਾਮਲ ਸੀ, ਵਿਕਟੋਰੀਆ 'ਚ ਬੇਨਾਲਾ ਵਿਖੇ ਸਿਵਾ ਸਿੰਘ ਦੇ ਫਾਰਮ 'ਚ ਹੋਇਆ ਸੀ ਜਿਸ ਮੌਕੇ ਤਕਰੀਬਨ 30 ਸਿੱਖਾਂ ਨੇ ਹਾਜ਼ਰੀ ਭਰੀ ਸੀ।

bush diwan pic.jpg

Gathering of Sikhs on Siva Singh's property in 1920 for the first full Australian reading of the 'Akhand Path'. Credit: Picture by John Howship, supplied by Ms Amrit Gill.

ਪਰਵਾਸ ਦੀਆਂ ਕਹਾਣੀਆਂ ਨਾਲ ਸੱਜਿਆ 'ਬੁਸ਼ ਦੀਵਾਨ' ਆਸਟ੍ਰੇਲੀਆ ਦੇ ਕਲਾ-ਖੇਤਰ ਨਾਲ਼ ਸਬੰਧਿਤ ਉਹਨਾਂ ਕਲਾਕਾਰਾਂ ਅਤੇ ਕਹਾਣੀਕਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਰਿਹਾ ਹੈ, ਜਿਨ੍ਹਾਂ ਦਾ ਕੰਮ ਆਪਣੇ ਭਾਈਚਾਰੇ ਦੇ ਸੰਘਰਸ਼ਾਂ, ਅਤੇ ਉਹਨਾਂ ਦੀਆਂ ਜਿੱਤ ਦੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ।

'4 ਏ ਸੈਂਟਰ ਫਾਰ ਕੰਟੈਂਪਰੇਰੀ ਏਸ਼ੀਅਨ ਆਰਟ' ਦੀ ਅੰਮ੍ਰਿਤ ਗਿੱਲ ਅਤੇ ਰੀਨਾ ਟੇਕੁਚੀ ਦੁਆਰਾ ਸੰਚਾਲਿਤ ਇਹ ਪ੍ਰਦਰਸ਼ਨੀ ਮੈਲਬਰਨ ਦੇ ਦੱਖਣ ਪੂਰਬ 'ਚ ਸਿਟੀ ਔਫ ਕੇਸੀ ਵਿਖੇ ਬੁੰਜਿਲ ਪਲੇਸ 'ਚ 16 ਸਤੰਬਰ ਤੋਂ 12 ਨਵੰਬਰ ਤੱਕ ਚੱਲੇਗੀ।

ਸਿਵਾ ਸਿੰਘ ਅਤੇ ਉਹਨਾਂ ਦੇ ਭਾਈਚਾਰੇ ਲਈ ਸਮਰਪਿਤ ਕਾਰਜਾਂ ਤੋਂ ਪ੍ਰੇਰਿਤ ਬੁਸ਼ ਦੀਵਾਨ ਸਾਨੂੰ ਪਰਵਾਸ ਦੀਆਂ ਪ੍ਰਕਿਰਿਆਵਾਂ, ਵਤਨ ਨਾਲ ਮੇਲ-ਮਿਲਾਪ, ਅਤੇ ਆਸਟ੍ਰੇਲੀਆ ਵਿੱਚ ਸਿਵਾ ਸਿੰਘ ਦੀ ਪਰਵਾਸੀ ਬਿਰਤਾਂਤ ਦੀ ਗੂੰਜਦੀ ਆਵਾਜ਼ ਉੱਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦਾ ਹੈ।
Bush Diwan_Bunjil Place 2.png
Bush Diwan, a contemporary art exhibition acknowledging diverse stories of Sikh migration and community formation in Australia at Bunjil Place gallery.

ਕੌਣ ਸੀ ਸਿਵਾ ਸਿੰਘ?

ਸਿਵਾ ਸਿੰਘ ਲੱਗਭਗ ਸੰਨ 1896 ਵਿੱਚ ਆਸਟ੍ਰੇਲੀਆ ਆਏ ਅਤੇ ਉਹਨਾਂ ਨੇ 1898 ਤੋਂ ਵਿਕਟੋਰੀਆ ਦੇ ਬੇਨਾਲਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਇੱਕ ਹਾਕਰ ਵਜੋਂ ਕੰਮ ਕੀਤਾ।

ਆਪਣੀ ਗੁਲਾਬੀ ਪੱਗ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਸਿਵਾ ਸਿੰਘ ਨੇ ਆਪਣੇ ਆਪ ਨੂੰ ਸਥਾਨਕ ਭਾਈਚਾਰੇ ਦੇ ਇੱਕ ਅਹਿਮ ਹਿੱਸੇ ਵਜੋਂ ਸਥਾਪਿਤ ਕੀਤਾ ਅਤੇ ਆਪਣੀ ਮਿਹਨਤ ਸਦਕਾ 1915 ਤੱਕ ਉਹ 320 ਏਕੜ ਖੇਤ ਦੇ ਮਾਲਕ ਬਣ ਗਏ ਸਨ।

ਸਿਵਾ ਸਿੰਘ ਨੇ ਬੇਨਾਲਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਿੱਖ ਗ੍ਰੰਥੀ ਦੀ ਡਿਊਟੀ ਵੀ ਨਿਭਾਈ। ਹਾਲਾਂਕਿ ਸ਼ੁਰੂਆਤ ਵਿੱਚ ਆਸਟ੍ਰੇਲੀਆ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਘੱਟ ਉਪਲਬਧਤਾ ਹੋਣ ਕਾਰਨ ਸਿਵਾ ਸਿੰਘ ਨੂੰ ਧਾਰਮਿਕ ਕਾਰਜ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

6 ਦਸੰਬਰ 1920 ਨੂੰ ਭਾਰਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਆਗਮਨ ਤੋਂ ਬਾਅਦ, ਸਿਵਾ ਸਿੰਘ ਨੇ ਬੇਨਾਲਾ ਸਥਿਤ ਆਪਣੇ ਫਾਰਮ ਵਿੱਚ ਹਰਨਾਮ ਸਿੰਘ ਨਮਿਤ ਰਸਮੀ ਅਖੰਡ ਪਾਠ ਕਰਵਾਇਆ ਜਿਸ ਮੌਕੇ ਤਕਰੀਬਨ 30 ਸਿੱਖਾਂ ਨੇ ਸ਼ਿਰਕਤ ਕੀਤੀ।
UoM-image-1.jpg
A group of Sikhs gathered at Siva Singh’s property at Reef Hills outside Benalla, 1920 Credit: Photo by WJ Howship Collection, supplied by Amrit Gill.
ਫੋਟੋਗ੍ਰਾਫਰ ਵਿਲੀਅਮ ਜੌਹਨ ਹਾਉਸ਼ਿਪ ਦੁਆਰਾ ਇਸ ਸਮਾਰੋਹ ਦੀਆਂ ਤਸਵੀਰਾਂ ਵੀ ਖਿੱਚੀਆਂ ਗਈਆਂ ਅਤੇ ਆਸਟ੍ਰੇਲੀਆ ਵਿੱਚ ਜਾਣਿਆ ਜਾਣ ਵਾਲਾ ਇਹ ਪਹਿਲਾ ਅਖੰਡ ਪਾਠ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ਾਮਲ ਸੀ।

ਸਿਵਾ ਸਿੰਘ ਨੂੰ ਵ੍ਹਾਈਟ ਆਸਟ੍ਰੇਲੀਆ ਨੀਤੀ ਦੇ ਖਿਲਾਫ ਉਹਨਾਂ ਦੀ ਨਿੱਜੀ ਲੜਾਈ ਲਈ ਵੀ ਯਾਦ ਕੀਤਾ ਜਾਂਦਾ ਹੈ।

ਤਿੰਨ ਵਾਰ ਵੋਟ ਪਾਉਣ ਦੇ ਬਾਵਜੂਦ ਇਸ ਨੀਤੀ ਨੇ ਉਹਨਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਸਿਵਾ ਸਿੰਘ ਵਲੋਂ ਇਸ ਮੁਤੱਲਕ ਦਾਇਰ ਕੀਤੇ ਗਏ ਅਦਾਲਤੀ ਕੇਸ ਨੂੰ ਵੀ ਸ਼ੁਰੂਆਤ ਵਿੱਚ ਹੀ ਰੱਦ ਕਰ ਦਿੱਤਾ ਗਿਆ ਅਤੇ ਸਿਵਾ ਸਿੰਘ ਨੂੰ ਕਾਨੂੰਨੀ ਖਰਚੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ। ਇੱਕ ਦਹਾਕੇ ਦੀ ਕਾਨੂੰਨੀ ਲੜਾਈ ਤੋਂ ਬਾਅਦ 1925 ਵਿੱਚ ਉਹਨਾਂ ਨੇ ਆਪਣੀ ਵੋਟ ਦਾ ਅਧਿਕਾਰ ਮੁੜ ਪ੍ਰਾਪਤ ਕੀਤਾ।

'ਬੁਸ਼ ਦੀਵਾਨ' ਪ੍ਰਦਰਸ਼ਨੀ

ਵਿਕਟੋਰੀਆ ਦੇ ਸਥਾਨਕ ਸਿਵਾ ਸਿੰਘ ਦੀ ਕਹਾਣੀ ਤੋਂ ਪ੍ਰੇਰਿਤ ਬੁਸ਼ ਦੀਵਾਨ ਸਾਨੂੰ ਇਸ ਸਵਾਲ 'ਤੇ ਸੋਚ-ਵਿਚਾਰ ਕਰਨ ਲਈ ਪ੍ਰੇਰਦਾ ਹੈ ਕਿ: ਪਰਵਾਸ ਦੌਰਾਨ ਅਸੀਂ ਆਪਣੇ ਨਾਲ ਕੀ ਲਿਆਉਂਦੇ ਹਾਂ, ਅਤੇ ਅਸੀਂ ਪਿੱਛੇ ਕੀ ਛੱਡ ਆਉਂਦੇ ਹਾਂ?

ਪੰਜਾਬੀ ਸ਼ਬਦ 'ਦੀਵਾਨ' ਦਾ ਅਰਥ ਹੈ ਇਕੱਠ ਜਾਂ ਧਾਰਮਿਕ ਸਮਾਗਮ। ਇਹ ਅਭਿਆਸ ਭਾਈਚਾਰਕ ਗਠਨ ਅਤੇ ਕਿਸੇ ਸਥਾਨ ਨਾਲ ਜੁੜਨ ਲਈ ਕਾਫੀ ਮਹਤੱਤਾ ਰੱਖਦਾ ਹੈ।
aussie phulkari.jpg
1920 ਵਿੱਚ ਸਿਵਾ ਸਿੰਘ ਦੇ ਫਾਰਮ 'ਤੇ ਰਸਮੀਂ ਅਖੰਡ ਪਾਠ ਲਈ ਇਕੱਠੇ ਹੋਏ ਸਿੱਖਾਂ ਦੀ ਯਾਦ ਦਾ ਹਵਾਲਾ ਲੈਂਦੇ ਹੋਏ, ਇਸ ਪ੍ਰਦਰਸ਼ਨੀ ਵਿੱਚ ਅਨਿੰਦਿਤਾ ਬੈਨਰਜੀ, ਮੋਨੀਸ਼ਾ ਚਿਪਾੜਾ, ਅਤੇ ਅਮਰਦੀਪ ਸ਼ੇਰਗਿੱਲ ਆਪਣੀ ਕਲਾ ਰਾਹੀਂ ਆਪਣੇ ਆਸਟ੍ਰੇਲੀਆਈ ਜੀਵਨ ਨੂੰ ਆਪਣੇ ਪਿਛੋਕੜ ਨਾਲ ਜੋੜਨ ਲਈ ਪਰਿਵਾਰਕ ਪਰੰਪਰਾਵਾਂ, ਵਸਤੂਆਂ ਅਤੇ ਵਿਚਾਰਾਂ ਦੀ ਪੜਚੋਲ ਕਰ ਰਹੇ ਹਨ।

Share
Published 25 September 2023 4:13pm
Updated 25 September 2023 4:55pm
By Sumeet Kaur
Source: SBS

Share this with family and friends