8 ਸਤੰਬਰ ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਭਾਰਤ ਵਿੱਚ ‘ਕੋਹਿਨੂਰ’ ਸ਼ਬਦ ਦੀ ਚਰਚਾ ਵੱਧ ਗਈ ਹੈ।
ਕੋਹਿਨੂਰ ਹੀਰਾ ਦੁਨੀਆ ਦੇ ਸਭ ਤੋਂ ਮਸ਼ਹੂਰ ਰਤਨਾਂ ਵਿੱਚੋਂ ਇੱਕ ਹੈ ਅਤੇ ਵਰਤਮਾਨ ਵਿੱਚ ਬ੍ਰਿਟਿਸ਼ ਰਾਣੀ ਦੇ ਤਾਜ ਉੱਤੇ ਜੜਿਆ ਹੈ ਪਰ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਵਾਂਗ ਇਹ ਹੀਰਾ ਵੀ ਮੂਲ ਰੂਪ ਵਿੱਚ ਬ੍ਰਿਟੇਨ ਤੋਂ ਨਹੀਂ ਹੈ।
ਕੋਹਿਨੂਰ ਅਸਲ ‘ਚ ਕਿੱਥੋਂ ਆਇਆ?
ਕੋਹਿਨੂਰ ਦੁਨੀਆ ਦੇ ਸਭ ਤੋਂ ਵੱਡੇ ਹੀਰਿਆਂ ਵਿੱਚੋਂ ਇੱਕ ਹੈ। ਇਸਦਾ ਵਜ਼ਨ 105 ਕੈਰੇਟ ਹੈ।
ਲੇਖਕ ਅਤੇ ਖੋਜਕਰਤਾ ਜੌਹਨ ਜ਼ੁਬਰਜ਼ੀਕੀ ਦਾ ਕਹਿਣਾ ਹੈ ਕਿ ਹੀਰੇ ਦੀ ਉਤਪਤੀ ਅਤੇ ਸ਼ੁਰੂਆਤੀ ਆਕਾਰ ਨੂੰ ਲੈ ਕੇ ਅਕਸਰ ਵਿਵਾਦ ਰਿਹਾ ਹੈ ਕਿਉਂਕਿ ਇਸ ਨੇ ਸੈਂਕੜੇ ਸਾਲਾਂ ਦੌਰਾਨ ਕਈ ਰਾਜਵੰਸ਼ਾਂ ਵਿੱਚ ਸੈਰ ਕੀਤੀ ਹੈ।
ਡਾਕਟਰ ਜ਼ੁਬਰਜ਼ੀਕੀ ਮੁਤਾਬਕ ਹਾਲਾਂਕਿ ਹੀਰੇ ਦੀ ਸ਼ੁਰੂਆਤ ਨੂੰ ਲੈ ਕੇ ਕੋਈ ਵੀ ਪੱਕਾ ਸਬੂਤ ਨਹੀਂ ਹੈ ਜਿਸ ਕਰ ਕੇ ਇਹ ਹਮੇਸ਼ਾਂ ਇੱਕ ਰਹੱਸ ਬਣਿਆ ਰਿਹਾ ਹੈ ਪਰ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸਦੀ ਖੋਜ 14ਵੀਂ ਸਦੀ ਵਿੱਚ ਭਾਰਤ ਦੇ ਆਂਧਰਾ ਪ੍ਰਦੇਸ਼ ਵਿੱਚ ਹੋਈ ਸੀ।
ਇਤਿਹਾਸਕਾਰਾਂ ਮੁਤਾਬਿਕ ਇਹ ਹੀਰਾ ਪਹਿਲਾਂ ਫਾਰਸੀਆਂ ਦੇ ਕਬਜ਼ੇ ਵਿੱਚ ਰਿਹਾ ਅਤੇ ਫਿਰ ਅਫਗਾਨਾਂ ਦੇ ਕਬਜ਼ੇ ਵਿੱਚ ਜਾਣ ਤੋਂ ਬਾਅਦ, ਸਿੱਖ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਨੂੰ ਅਫਗਾਨ ਨੇਤਾ ਸ਼ਾਹ ਸ਼ੁਜਾਹ ਦੁਰਾਨੀ ਤੋਂ ਹਾਸਲ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਸੀ।
ਇਸ ਤੋਂ ਬਾਅਦ ਜਦੋਂ ਭਾਰਤ ਉੱਤੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਤਾਂ ਉਸ ਸਮੇਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਵੱਲੋਂ ਇਹ ਹੀਰਾ ਲੈ ਲਿਆ ਗਿਆ ਸੀ।
ਡਾਕਟਰ ਜ਼ੁਬਰਜ਼ੀਕੀ ਦਾ ਕਹਿਣਾ ਹੈ ਕਿ 1840 ਦੇ ਦਹਾਕੇ ਦੇ ਅਖੀਰ ਵਿੱਚ ਅੰਗਰੇਜ਼ਾਂ ਵੱਲੋਂ 10 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਆਪਣਾ ਰਾਜ ਅੰਗਰੇਜ਼ਾਂ ਨੂੰ ਸੌਂਪਣ ਲਈ ਮਜਬੂਰ ਕਰਨ ਤੋਂ ਬਾਅਦ ਇਹ ਹੀਰਾ ਹਾਸਲ ਕਰ ਲਿਆ ਗਿਆ ਸੀ।
ਇਹ ਹੀਰਾ ਲਗਭਗ 1850 ਵਿੱਚ ਮਹਾਰਾਣੀ ਵਿਕਟੋਰੀਆ ਕੋਲ ਪਹੁੰਚਿਆ ਸੀ।
ਇੱਕ ਪਾਸੇ ਭਾਰਤੀਆਂ ਦਾ ਦਾਅਵਾ ਹੈ ਕਿ ਅੰਗਰੇਜ਼ਾਂ ਵੱਲੋਂ ਇਹ ਹੀਰਾ ਜ਼ਬਰਦਸਤੀ ਲਿਆ ਗਿਆ ਸੀ, ਜਦਕਿ ਬ੍ਰਿਟਿਸ਼ ਦਾਅਵਾ ਕਰਦੇ ਹਨ ਕਿ ਉਹਨਾਂ ਨੂੰ ਮੁਆਵਜ਼ੇ ਦੇ ਤੌਰ ਉੱਤੇ ਇਹ ਕੀਮਤੀ ਪੱਥਰ ਦਿੱਤਾ ਗਿਆ ਸੀ। ਪਰ ਇਹਨਾਂ ਦੋਵਾਂ ਦਾਅਵਿਆਂ ਨੂੰ ਲੈ ਕੇ ਅਕਸਰ ਵਿਵਾਦ ਚੱਲਦਾ ਰਿਹਾ ਹੈ।
ਕੁਈਨਜ਼ਲੈਂਡ ਦੇ ‘ਗ੍ਰਿਫ਼ਿਥ ਸੈਂਟਰ ਫਾਰ ਸੋਸ਼ਲ ਐਂਡ ਕਲਚਰਲ ਰਿਸਰਚ’ ਤੋਂ ਰਿਸਰਚ ਫੈਲੋਅ ਡਾਕਟਰ ਦਿਤੀ ਭੱਟਾਚਾਰੀਆ ਦਾ ਕਹਿਣਾ ਹੈ ਕਿ ਕੋਹਿਨੂਰ ਹੀਰਾ ਭਾਰਤ ਦੇ ਇਤਿਹਾਸ ਅਤੇ ਬ੍ਰਿਟਿਸ਼ ਰਾਜ ਦੇ ਪ੍ਰਭਾਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਉਹਨਾਂ ਕਿਹਾ ਕਿ ਮਹਾਰਾਣੀ ਦੀ ਮੌਤ ਤੋਂ ਬਾਅਦ ਇਹ ਚਰਚਾ ਹੋਣੀ ਸੁਭਾਵਿਕ ਹੈ ਕਿ ਬ੍ਰਿਟਿਸ਼ ਰਾਜ ਦੌਰਾਨ ਕੀਤੇ ਗਏ ਹਿੰਸਕ ਨੁਕਸਾਨਾਂ ਨੂੰ ਕਿਵੇਂ ਸੋਧਿਆ ਜਾ ਸਕਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਸਹੀ ਢੰਗ ਨਾਲ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਤਾ ਵਾਲੀਆਂ ਚੀਜ਼ਾਂ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ।
ਕੋਹਿਨੂਰ ਅੱਜ ਦੇ ਸਮੇਂ ਵਿੱਚ ਕਿੱਥੇ ਹੈ?
ਵਰਤਮਾਨ ਸਮੇਂ ਵਿੱਚ ਕੋਹਿਨੂਰ ਬ੍ਰਿਟਿਸ਼ ਤਾਜ ਉੱਤੇ ਜੜ੍ਹੇ ਗਹਿਣਿਆਂ ਦਾ ਹਿੱਸਾ ਹੈ। ਇਸ ਵਿੱਚ 100 ਵਸਤੂਆਂ ਅਤੇ 23,000 ਤੋਂ ਵੱਧ ਰਤਨ ਸ਼ਾਮਲ ਹਨ।
ਇਹ ਹੀਰਾ ਰਾਣੀ ਦੇ ਤਾਜ ਵਿੱਚ ਸੈਟ ਕੀਤਾ ਗਿਆ ਹੈ, ਜੋ ਕਿ ਮਹਾਰਾਣੀ ਐਲਿਜ਼ਾਬੈਥ II ਨੇ 1953 ਵਿੱਚ ਆਪਣੀ ਤਾਜਪੋਸ਼ੀ ਲਈ ਪਹਿਨਿਆ ਸੀ।
The Kohinoor diamond is one of the largest in the world. Source: Getty / Tim Graham Picture Library
ਕੋਹਿਨੂਰ ਉੱਤੇ ਹੁਣ ਚਰਚਾ ਕਿਉਂ ?
ਮਹਾਰਾਣੀ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਹੀਰੇ ਨੂੰ ਵਾਪਸ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਇੱਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਇਹ ਹੀਰਾ ਆਪਣੀ ਜਗ੍ਹਾ ਉੱਤੇ ਵਾਪਸ ਆਉਣਾ ਚਾਹੀਦਾ ਹੈ ਅਤੇ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਉੱਤੇ ਸਦੀਆਂ ਦੇ ਸ਼ੋਸ਼ਣ, ਅੱਤਿਆਚਾਰ, ਨਸਲਵਾਦ ਅਤੇ ਗੁਲਾਮੀ ਦੇ ਬਦਲੇ ਵਿੱਚ ਯੂ.ਕੇ ਇੰਨ੍ਹਾਂ ਕੁ ਤਾਂ ਕਰ ਹੀ ਸਕਦਾ ਹੈ।
ਲੇਖਿਕਾ ਅਨੁਸ਼ਾ ਹੁਸੈਨ ਨੇ ਟਵੀਟ ਕਰ ਕੇ ਪੁੱਛਿਆ ਕਿ ਕੀ ਭਾਰਤ ਵਿੱਚੋਂ ਹੀਰੇ ਸਮੇਤ ਜੋ ਕੁੱਝ ਵੀ ਚੋਰੀ ਕੀਤਾ ਗਿਆ ਉਹ ਵਾਪਸ ਕੀਤਾ ਜਾ ਸਕਦਾ ਹੈ?
ਡਾਕਟਰ ਭੱਟਾਚਾਰੀਆ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਲਈ ਕੋਹਿਨੂਰ ਹੀਰੇ ਵਰਗੀਆਂ ਚੀਜ਼ਾਂ ਬ੍ਰਿਟਿਸ਼ ਰਾਜ ਦੌਰਾਨ ਹੋਏ ਆਰਥਿਕ ਸ਼ੋਸ਼ਣ ਨੂੰ ਦਰਸਾਉਂਦੀਆਂ ਹਨ।
ਸ਼ੋਸ਼ਣ ਦਾ ਪ੍ਰਤੀਕ
ਡਾਕਟਰ ਜ਼ੁਬਰਜ਼ੀਕੀ ਦਾ ਮੰਨਣਾ ਹੈ ਕਿ ਇਹ ਹੀਰਾ ਬ੍ਰਿਟੇਨ ਦੇ ਉਸ ਸ਼ੋਸ਼ਣ ਦਾ ਪ੍ਰਤੀਕ ਹੈ ਜੋ ਭਾਰਤ ਨੇ ਪਹਿਲਾਂ ਈਸਟ ਇੰਡੀਆ ਕੰਪਨੀ ਅਤੇ ਫਿਰ ਬ੍ਰਿਟਿਸ਼ ਰਾਜ ਦੌਰਾਨ ਅੰਗਰੇਜ਼ਾਂ ਹੱਥੋਂ ਝੱਲਿਆ ਸੀ।
ਉਹਨਾਂ ਮੁਤਾਬਕ ਅੰਗਰੇਜ਼ਾਂ ਨੇ ਭਾਰਤ ਵਿੱਚ ਕਿੰਨੀ ਲੁੱਟ ਕੀਤੀ ਸੀ ਇਸਦਾ ਲੇਖਾ-ਜੋਖਾ ਦੇਣਾ ਮੁਸ਼ਕਿਲ ਹੈ ਪਰ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1600 ਦੇ ਦਹਾਕੇ ਵਿੱਚ ਜਦੋਂ ਈਸਟ ਇੰਡੀਆ ਕੰਪਨੀ ਨੇ ਪਹਿਲੀ ਵਾਰ ਭਾਰਤ ਵਿੱਚ ਪੈਰ ਰੱਖਿਆ ਸੀ ਤਾਂ ਸੰਸਾਰ ਦੀ ਕੁੱਲ ਪੈਦਾਵਾਰ ਦਾ 25 ਫੀਸਦ ਹਿੱਸਾ ਭਾਰਤ ਪੈਦਾ ਕਰ ਰਿਹਾ ਸੀ ਅਤੇ ਜਦੋਂ 1947 ਵਿੱਚ ਬ੍ਰਿਟਿਸ਼ ਚਲੇ ਗਏ ਤਾਂ ਇਹ ਅਨੁਪਾਤ 3 ਫੀਸਦ ਹੀ ਰਹਿ ਗਿਆ ਸੀ।
ਇਸ ਲਈ ਉਹਨਾਂ ਮੁਤਾਬਕ ਕੋਹਿਨੂਰ ਹੀਰਾ ਕੁੱਝ ਲੋਕਾਂ ਲਈ ਉਸ ਸ਼ੋਸ਼ਣ ਅਤੇ ਹਿੰਸਾ ਦਾ ਪ੍ਰਤੀਕ ਹੈ ਜੋ ਉਹਨਾਂ ਨੇ ਬ੍ਰਿਟਿਸ਼ ਰਾਜ ਦੌਰਾਨ ਝੱਲਿਆ।
ਡਾਕਟਰ ਭੱਟਾਚਾਰੀਆ ਦਾ ਕਹਿਣਾ ਹੈ ਕਿ ਕੁੱਝ ਦੇਸ਼ਾਂ ਲਈ ਮਹਾਰਾਣੀ ਦੀ ਮੌਤ ਨੂੰ ਉਚਿਤ ਤੋਰ ਉੱਤੇ ਸਵੀਕਾਰ ਕਰਨਾ ਗੁੰਝਲਦਾਰ ਹੈ।
ਉਹ ਕਹਿੰਦੇ ਹਨ ਕਿ ਹੀਰੇ ਵਰਗੀਆਂ ਕੀਮਤੀ ਸਮੱਗਰੀਆਂ ਨੂੰ ਉਹ ਵਾਪਸ ਉਹਨਾਂ ਦੇ ਸਥਾਨਾਂ ਉੱਤੇ ਪਹੁੰਚਦੇ ਹੋਏ ਦੇਖਣਾ ਚਾਹੁੰਦੇ ਹਨ ਜਿਸ ਨਾਲ ਬ੍ਰਿਟਿਸ਼ ਰਾਜ ਵੱਲੋਂ ਕੀਤੇ ਗਏ ਸ਼ੋਸ਼ਣ ਅਤੇ ਹਿੰਸਾ ਨੂੰ ਕੁੱਝ ਹੱਦ ਤੱਕ ਭੁਲਾਇਆ ਜਾ ਸਕੇਗਾ।