ਅੰਮ੍ਰਿਤਸਰ ਇਸ ਵੇਲ਼ੇ ਦੋ ਹੋਰ ਮਲੇਸ਼ੀਅਨ ਏਅਰਲਾਈਨਾਂ ਨਾਲ਼ ਵੀ ਜੁੜਿਆ ਹੋਇਆ ਹੈ ਜਿਸ ਵਿੱਚ ਏਅਰ ਏਸ਼ੀਆ ਐਕਸ 4X ਹਫਤਾਵਾਰੀ ਉਡਾਣਾਂ ਅਤੇ ਬਾਟਿਕ ਏਅਰ 2x-ਹਫਤਾਵਾਰੀ ਉਡਾਣਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਸਕੂਟ, ਜੋ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਸਹਾਇਕ ਕੰਪਨੀ ਹੈ, ਸਿੰਗਾਪੁਰ ਲਈ ਪੰਜ ਹਫਤਾਵਾਰੀ ਉਡਾਣਾਂ ਵੀ ਚਲਾਉਂਦੀ ਹੈ।
ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦੇ ਸਮੀਪ ਸਿੰਘ ਗੁਮਟਾਲਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਦੁਆਰਾ ਦਿੱਤੀਆਂ ਵਾਧੂ ਉਡਾਣਾਂ ਸਿਡਨੀ, ਮੈਲਬੌਰਨ, ਪਰਥ, ਐਡੀਲੇਡ, ਆਕਲੈਂਡ ਦੇ ਨਾਲ-ਨਾਲ ਦੱਖਣ-ਪੂਰਬੀ ਏਸ਼ੀਆਈ ਸ਼ਹਿਰਾਂ ਜਿਵੇਂ ਕਿ ਬੈਂਕਾਕ, ਫੂਕੇਟ, ਮਨੀਲਾ, ਹਾਂਗਕਾਂਗ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਲਈ ਸੁਵਿਧਾਜਨਕ ਕੁਨੈਕਸ਼ਨ ਪ੍ਰਦਾਨ ਕਰਨਗੀਆਂ ਅਤੇ ਇਸ ਨਾਲ਼ ਯਾਤਰੀ ਸਮੇਂ ਵਿੱਚ ਵੀ ਕਟੌਤੀ ਹੋਵੇਗੀ।
ਦੱਸਣਯੋਗ ਹੈ ਕਿ 15 ਜਨਵਰੀ, 2024 ਤੋਂ ਮਲੇਸ਼ੀਆ ਏਅਰਲਾਈਨਜ਼, ਬੁੱਧਵਾਰ ਅਤੇ ਸ਼ਨੀਵਾਰ ਨੂੰ ਚੱਲ ਰਹੀਆਂ ਮੌਜੂਦਾ ਉਡਾਣਾਂ ਤੋਂ ਇਲਾਵਾ ਹਫ਼ਤੇ ਦੇ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੀ ਅੰਮ੍ਰਿਤਸਰ ਲਈ ਉਡਾਣਾਂ ਚਲਾਏਗੀ।
‘ਫਲਾਈ-ਅੰਮ੍ਰਿਤਸਰ’ ਤੋਂ ਸਮੀਪ ਸਿੰਘ ਗੁਮਟਾਲਾ ਨੇ ਐਸ ਬੀ ਐਸ ਸਟੂਡੀਓ ਮੈਲਬੌਰਨ ਦੀ ਆਪਣੀ ਫੇਰੀ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਉਡਾਣਾਂ ਬਾਰੇ ਨਵੇਂ ਉਪਰਾਲਿਆਂ ਦਾ ਜ਼ਿਕਰ ਕੀਤਾ।
ਇਹਨਾਂ ਉਡਾਣਾਂ ਤਹਿਤ ਅੰਮ੍ਰਿਤਸਰ ਅਤੇ ਕੁਆਲਾਲੰਪੁਰ ਵਿਚਕਾਰ ਕੁੱਲ ਮਹੀਨਾਵਾਰ ਸੀਟ ਸਮਰੱਥਾ 21,000 ਸੀਟਾਂ 'ਤੇ ਪਹੁੰਚ ਜਾਂਦੀ ਹੈ।
ਸ਼੍ਰੀ ਗੁਮਟਾਲਾ ਨੇ ਕਿਹਾ ਕਿ ਕੁਆਲਾਲੰਪੁਰ ਤੋਂ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਚੱਲਣ ਵਾਲੀਆਂ ਨਵੀਆਂ ਉਡਾਣਾਂ ਰਾਤ 11 ਵਜੇ ਰਵਾਨਾ ਹੋਣਗੀਆਂ ਅਤੇ ਅਗਲੇ ਦਿਨ ਸਵੇਰੇ 2:20 ਵਜੇ ਅੰਮ੍ਰਿਤਸਰ ਪੁੱਜਣਗੀਆਂ।
ਵਾਪਸੀ ਦੀ ਉਡਾਣ ਹਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ, ਇਹ ਅੰਮ੍ਰਿਤਸਰ ਤੋਂ ਸਵੇਰੇ 3:20 ਵਜੇ ਰਵਾਨਾ ਹੋਵੇਗੀ ਅਤੇ 11:45 ਵਜੇ ਕੁਆਲਾਲੰਪੁਰ ਪਹੁੰਚੇਗੀ।
ਦੂਜੀਆਂ ਦੋ ਉਡਾਣਾਂ ਦਾ ਮੌਜੂਦਾ ਸ਼ਡਿਊਲ ਉਹੀ ਹੈ ਜੋ ਬੁੱਧਵਾਰ ਅਤੇ ਸ਼ਨੀਵਾਰ ਨੂੰ ਸ਼ਾਮ 6:50 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੁੰਦਾ ਹੈ ਅਤੇ ਰਾਤ 10:30 ਵਜੇ ਅੰਮ੍ਰਿਤਸਰ ਪਹੁੰਚਦਾ ਹੈ।
ਵਾਪਸੀ ਦੀ ਉਡਾਣ ਉਸੇ ਦਿਨ ਅੰਮ੍ਰਿਤਸਰ ਤੋਂ 11:25 ਵਜੇ ਰਵਾਨਾ ਹੁੰਦੀ ਹੈ ਅਤੇ ਅਗਲੇ ਦਿਨ ਸਵੇਰੇ 7:30 ਵਜੇ ਮਲੇਸ਼ੀਆ ਪਹੁੰਚਦੀ ਹੈ।
ਇਸ ਤੋਂ ਇਲਾਵਾ, ਸਕੂਟ, ਜੋ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਸਹਾਇਕ ਕੰਪਨੀ ਹੈ, ਸਿੰਗਾਪੁਰ ਲਈ ਪੰਜ ਹਫਤਾਵਾਰੀ ਉਡਾਣਾਂ ਵੀ ਚਲਾਉਂਦੀ ਹੈ, ਜਿਸ ਨਾਲ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨਾਲ ਬੇਹਤਰ ਕੁਨੈਕਸ਼ਨ ਤਹਿਤ 13,400 ਸੀਟਾਂ ਪ੍ਰਤੀ ਮਹੀਨਾ ਦੀ ਸਹੂਲਤ ਮਿਲਦੀ ਹੈ।
ਸ਼੍ਰੀ ਗੁਮਟਾਲਾ ਨੇ ਕਿਹਾ ਕਿ ਅਗਰ ਪ੍ਰਵਾਸੀ ਪੰਜਾਬੀ, ਦਿੱਲੀ ਦੀ ਬਜਾਏ ਸਿੱਧੇ ਅੰਮ੍ਰਿਤਸਰ ਲਈ ਉਡਾਣ ਨੂੰ ਤਰਜੀਹ ਦੇਣ, ਤਾਂ ਇਹ ਸਿੱਧੀਆਂ ਹਵਾਈ ਉਡਾਣਾਂ ਲਈ ਵੀ ਰਾਹ ਪੱਧਰਾ ਕਰੇਗਾ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ.....
LISTEN TO
ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣਾਂ ਵਿੱਚ ਵਾਧੇ ਨਾਲ਼ ਹੁਣ ਆਸਟ੍ਰੇਲੀਆ ਤੋਂ ਜਾਣਾ-ਆਉਣਾ ਹੋਇਆ ਹੋਰ ਸੌਖਾ
SBS Punjabi
04/01/202405:38