ਕਰੋਨਾਵਾਇਰਸ ਮਹਾਂਮਾਰੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਹਾਲਾਂਕਿ ਦਫਤਰਾਂ ਅਤੇ ਹੋਰ ਕੰਮ ਵਾਲੀਆਂ ਥਾਵਾਂ ‘ਤੇ ਸਾਵਧਾਨੀ ਭਰਪੂਰ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਹੈ, ਪਰ ਘਰਾਂ ਵਿੱਚ ਅਜਿਹਾ ਨਹੀਂ ਹੁੰਦਾ ਜਾਂ ਘਰੋਂ ਕੰਮ ਕਰਨ ਵਾਲੇ ਜਿਆਦਾਤਰ ਅਵੇਸਲੇ ਹੋ ਜਾਂਦੇ ਹਨ, ਅਤੇ ਕਈ ਪ੍ਰਕਾਰ ਦੇ ਸ਼ਰੀਰਕ ਕਸ਼ਟ ਸਹਿਣ ਕਰਦੇ ਹਨ।
ਡਾ ਬਲਰਾਜ ਓਗਰਾ ਇੱਕ ਕਾਇਰੋਪਰੈਕਟਰ ਹਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਕੋਵਿਡ-19 ਮਹਾਂਮਾਰੀ ਕਾਰਨ ਇੱਕ ਤਿਹਾਈ ਲੋਕਾਂ ਨੂੰ ਘਰਾਂ ਤੋਂ ਕੰਮ ਕਰਨਾ ਪੈ ਰਿਹਾ ਹੈ। ਅਤੇ ਦੋ ਤਿਹਾਈ ਜਾਂ 63% ਲੋਕਾਂ ਨੂੰ ਸ਼ਰੀਰਕ ਸੱਟਾਂ ਦਾ ਸਾਹਮਣਾ ਕਰਨਾ ਪਿਆ ਹੈ”।
“ਘਰਾਂ ਤੋਂ ਕੰਮ ਕਰਨ ਸਮੇਂ ਆਮ ਤੌਰ ਤੇ ਸਕਰੀਨ ਦੇ ਲੈਵਲ ਦਾ ਧਿਆਨ ਨਹੀਂ ਰੱਖਿਆ ਜਾਂਦਾ, ਅਸੀਂ ਲਗਾਤਾਰ ਕੰਮ ਕਰੀ ਹੀ ਜਾਂਦੇ ਹਾਂ, ਕਈ ਘੰਟੁੇ ਪਾਣੀ ਨਹੀਂ ਪੀਂਦੇ ਅਤੇ ਭੋਜਨ ਨਹੀਂ ਕਰਦੇ, ਜਾਂ ਜਰੂਰਤ ਤੋਂ ਜਿਆਦਾ ਖਾਣਾ ਖਾਈ ਜਾਂਦੇ ਹਾਂ”।
ਘਰਾਂ ਤੋਂ ਕੰਮ ਕਰਨ ਵਾਲੇ ਕੋਵਿਡ-19 ਕਾਰਨ ਕਸਰਤ ਆਦਿ ਵੀ ਨਹੀਂ ਕਰ ਪਾਉਂਦੇ।
“ਇਹਨਾਂ ਸਾਰੇ ਕਾਰਨਾਂ ਕਰਕੇ ਅੰਤ ਵਿੱਚ ਸ਼ਰੀਰ ਥੱਕ ਹਾਰ ਕੇ ਅਜਿਹੀ ਸਥਿਤੀ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੇ ਸ਼ਰੀਰਕ ਕਸ਼ਟ ਪੈਦਾ ਹੋ ਜਾਂਦੇ ਹਨ, ਜਿਹਨਾਂ ਵਿੱਚ ਸਿਰ, ਪਿੱਠ ਦੀ ਦਰਦ, ਗਰਦਨ ਦਾ ਆਕੜ ਜਾਣਾ, ਬਾਹਾਂ ਅਤੇ ਕਲਾਈਆਂ ਵਿੱਚ ਤਣਾਅ, ਗੋਡਿਆਂ ਦਾ ਦਰਦ ਆਮ ਹੀ ਦੇਖਿਆ ਜਾਂਦਾ ਹੈ”।
ਡਾ ਓਗਰਾ ਕਹਿੰਦੇ ਹਨ ਕਿ, “ਇਹਨਾਂ ਸਾਰਿਆਂ ਤੋਂ ਬਚਣ ਲਈ ਹਲਕੀ ਫੁੱਲਕੀ ਕਸਰਤ ਅਤੇ ਸਮੇਂ ਸਮੇਂ ਤੇ ਕੰਮ ਕਰਨ ਵਿੱਚ ਵਕਫਾ ਲੈਂਦੇ ਰਹਿਣਾ ਚਾਹੀਦਾ ਹੈ”।
ਇਸ ਸਾਰੇ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਦਿੱਤੇ ਸਪੀਕਰ ਵਾਲੇ ਬਟਨ ਤੇ ਕਲਿੱਕ ਕਰ ਕੇ ਪ੍ਰਾਪਤ ਕਰੋ।