ਦੇਸ਼ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਨੂੰ ਦੱਸਿਆ ਕਿ ਭਾਰਤ, ਆਪਣੇ ਹਵਾਈ ਅੱਡਿਆਂ 'ਤੇ ਪਹੁੰਚਣ ਵਾਲੇ ਦੋ ਫੀਸਦੀ ਅੰਤਰਰਾਸ਼ਟਰੀ ਯਾਤਰੀਆਂ ਦੀ ਕੋਵਿਡ-19 ਲਈ ਬੇਤਰਤੀਬੇ/ਰੈਂਡੰਮ ਤੌਰ 'ਤੇ ਜਾਂਚ ਸ਼ੁਰੂ ਕਰੇਗਾ। ਉਹਨਾਂ ਕਿਹਾ ਕਿ ਇਸ ਸਮੇਂ ਭਾਰਤ, ਕਰੋਨਵਾਇਰਸ ਦੇ ਨਵੇਂ ਰੂਪਾਂ ਦੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾ ਰਿਹਾ ਹੈ।
ਕੁੱਝ ਦਿਨ ਪਹਿਲਾਂ, ਸ਼੍ਰੀ ਮਾਂਡਵੀਆ ਨੇ ਕਰੋਨਵਾਇਰਸ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਉਸ ਸਮੇਂ ਮੁਲਾਕਾਤ ਕੀਤੀ ਜਦੋਂ ਚੀਨ ਵਿੱਚ ਲਗੀਆਂ ਸਖਤ ਕੋਵਿਡ ਪਾਬੰਦੀਆਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਲਾਗਾਂ ਵਿੱਚ ਵਾਧਾ ਦੇਖਿਆ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ ਜਾਪਾਨ, ਦੱਖਣੀ ਕੋਰੀਆ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਵਿੱਚ ਲਾਗ ਵਧੀ ਹੈ।
ਭਾਰਤ ਦਾ ਪ੍ਰਤੀਕ ਤਾਜ ਮਹਿਲ, ਜੋ ਹਰ ਰੋਜ਼ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ, ਵਿੱਚ ਹੁਣ ਸੈਲਾਨੀਆਂ ਨੂੰ ਦਾਖਲ ਹੋਣ ਤੋਂ ਪਹਿਲਾਂ ਇੱਕ ਕੋਵਿਡ-19 ਟੈਸਟ ਕਰਵਾਉਣ ਦੀ ਲੋੜ ਹੋਵੇਗੀ।
ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਨੂੰ ਮਾਸਕ ਪਹਿਨੇ ਦੇਖਿਆ ਗਿਆ, ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਈ ਮਹੀਨਿਆਂ ਤੋਂ ਮਾਸਕ ਲਾਜ਼ਮੀ ਨਹੀਂ ਕੀਤੇ ਗਏ ਹਨ।
ਇਸ ਦੌਰਾਨ, ਹਵਾਈ ਅੱਡਿਆਂ ਅਤੇ ਬਾਜ਼ਾਰਾਂ 'ਤੇ ਲੋਕ ਸਰਕਾਰੀ ਸਲਾਹ ਦੇ ਬਾਵਜੂਦ ਮਾਸਕ ਤੋਂ ਬਿਨਾਂ ਅਤੇ ਕਰੋਨਵਾਇਰਸ ਪ੍ਰੋਟੋਕੋਲ ਦੀ ਪਾਲਣਾ ਨਾ ਕਰਦੇ ਵੇਖੇ ਗਏ, ਜਿਸ ਨਾਲ ਇਸਦੀ ਲਾਗ ਸਬੰਧੀ ਚਿੰਤਾ ਪੈਦਾ ਹੋਣੀ ਸੁਭਾਵਿਕ ਹੈ।