ਭਾਰਤ ਦੇ ਮਾਮਲਿਆਂ ਵਿੱਚ ਕੈਨੇਡੀਅਨ ਕੂਟਨੀਤਕ ਦਖਲਅੰਦਾਜ਼ੀ ਅਤੇ ਕੈਨੇਡਾ ਵਿੱਚ ਆਪਣੇ ਕੌਂਸਲੇਟਾਂ ਵਿੱਚ ਆਪਣੇ ਸਟਾਫ ਨੂੰ ਸੁਰੱਖਿਆ ਖਤਰਿਆਂ ਦਾ ਹਵਾਲਾ ਦਿੰਦੇ ਹੋਏ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੀਆਂ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਐਲਾਨ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਦਾ ਇਹ ਐਲਾਨ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਦੇ ਕੁਝ ਡਿਪਲੋਮੈਟਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧਮਕੀਆਂ ਮਿਲਣ ਤੋਂ ਬਾਅਦ ਆਇਆ ਹੈ। ਸ੍ਰੀ ਬਾਗਚੀ ਦਾ ਕਹਿਣਾ ਹੈ ਕਿ ਭਾਰਤੀ ਵਿਦੇਸ਼ ਮੰਤਰਾਲਾ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਇੱਕ-ਦੋ ਹਫਤਿਆਂ ਤੋਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਿਆ ਹੈ ਜਿਸ ਪਿਛਲਾ ਕਾਰਨ ਜੂਨ ਮਹੀਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੋਂ ਕੈਨੇਡਾ ਦੁਆਰਾ ਹਾਲ ਹੀ ਵਿੱਚ ਦਿੱਤੇ ਗਏ ਬਿਆਨ ਸਨ।
ਕੈਨੇਡਾ ਨੇ ਆਖਿਆ ਸੀ ਕਿ ਇਸ ਕਤਲ ਦੀਆਂ ਤੰਦਾਂ ਭਾਰਤੀ ਸਰਕਾਰ ਦੇ ਏਜੰਟਾਂ ਨਾਲ਼ ਜੁੜੀਆਂ ਹੋ ਸਕਦੀਆਂ ਹਨ ਤੇ ਇਸ ਸਿਲਸਿਲੇ ਵਿਚ ਕੈਨੇਡਾ ਇਹਨਾਂ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਿਹਾ ਹੈ।
ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਭਾਰਤ ਨੂੰ ਅਪੀਲ ਕੀਤੀ ਹੈ ਅਤੇ ਕਿਹਾ ਕਿ ਕੈਨੇਡਾ ਘੱਟੋ-ਘੱਟ ਜਾਂਚ ਦੇ ਇਸ ਪੜਾਅ 'ਤੇ ਆਪਣੇ ਸਬੂਤ ਜਾਰੀ ਨਹੀਂ ਕਰੇਗਾ। ਉਧਰ ਭਾਰਤੀ ਮੋਦੀ ਸਰਕਾਰ ਨੇ ਇਸ ਕਤਲ ਨਾਲ ਕਿਸੇ ਵੀ ਸਬੰਧ ਤੋਂ ਸਾਫ਼ ਇਨਕਾਰ ਕੀਤਾ ਹੈ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਅਤੇ ਕੈਨੇਡਾ ਦੇ ਸੰਪਰਕ ਵਿੱਚ ਹੈ - ਅਤੇ ਅਮਰੀਕਾ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨਾ ਚਾਹੇਗਾ।
ਹੋਰ ਵੇਰਵੇ ਲਈ ਆਡੀਓ ਰਿਪੋਰਟ ਸੁਣੋ.........