ਨਿਊ ਸਾਊਥ ਵੇਲਜ਼ ਦੇ ਪੰਜਾਬੀਆਂ ਦੀ ਭਰਪੂਰ ਵੱਸੋਂ ਵਾਲੇ ਕੌਫਸ ਹਾਰਬਰ ਸ਼ਹਿਰ ਦੇ ਜੰਮਪਲ 28 ਸਾਲਾ ਹਰਮਨਦੀਪ ਸਿੰਘ ਸਿੱਧੂ ਆਪਣੀ ਨੌਕਰੀ ਅਤੇ ਪਰਿਵਾਰ ਨਾਲ ਖੇਤੀਬਾੜੀ ਕਰਨ ਦੇ ਨਾਲ ਨਾਲ ਸੇਵਾ ਵਜੋਂ ਰੂਰਲ ਫਾਇਰ ਸਰਵਿਸ ਨਾਲ ਵੀ ਕਈ ਸਾਲਾਂ ਤੋਂ ਜੁੜੇ ਹੋਏ ਹਨ।
ਮਿਤੀ 2 ਅਕਤੂਬਰ 2023 ਦੀ ਸਿਖਰ ਦੀ ਗਰਮੀ ਵਾਲੀ ਦੁਪਿਹਰ ਸਮੇਂ ਖੇਤਰੀ ਇਲਾਕੇ 'ਗਲੈੱਨ ਕਰੀਕ' ਵਿੱਚ ਲੱਗੀ ਇੱਕ ਬੁਸ਼ਫਾਇਰ ਤੋਂ ਉੱਥੋਂ ਦੀਆਂ ਜਾਇਦਾਦਾਂ ਦੀ ਰੱਖਿਆ ਕਰਦੇ ਸਮੇਂ ਹਰਮਨ ਦੀ ਇੱਕ ਵਲੰਟੀਅਰ ਸਾਥੀ ਗਰਮੀ ਨਾ ਸਹਾਰਦੀ ਹੋਈ ਅਚਾਨਕ ਬੇਹੋਸ਼ ਹੋ ਗਈ ਅਤੇ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਨ ਲੱਗੀ।
ਹਰਮਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਮੈਂ ਆਪਣੇ ਆਪ ਨੂੰ ਸ਼ਾਂਤ ਰੱਖਦੇ ਹੋਏ ਉਸ ਵਲੰਟੀਅਰ ਨੂੰ ਫਰਸਟ ਏਡ ਪ੍ਰਦਾਨ ਕੀਤੀ ਜਿਸ ਨਾਲ ਉਹ ਹੋਸ਼ ਵਿੱਚ ਤਾਂ ਨਹੀਂ ਆਈ ਪਰ ਉਸ ਨੂੰ ਸਾਹ ਆਮ ਵਾਂਗ ਆਉਣ ਲੱਗਿਆ।"
ਉਸ ਤੋਂ ਬਾਅਦ ਹਰਮਨ ਆਪਣੇ ਉਸ ਸਾਥੀ ਨੂੰ ਆਪਣੇ ਟਰੱਕ ਦੀ ਕੈਬਿਨ ਵਿੱਚ ਲਿਟਾ ਕੇ ਕੱਚੇ ਰਸਤਿਆਂ ਦੇ ਵਿੱਚੋਂ ਦੀ ਛੋਟਾ ਰਸਤਾ ਤੈਅ ਕਰਦੇ ਹੋਏ ਕਈ ਕਿਲੋਮੀਟਰ ਦੂਰ ਵਾਪਸ ਇੱਕ ਅਜਿਹੇ ਸਥਾਨ 'ਤੇ ਲੈ ਗਿਆ ਜਿੱਥੇ ਐਂਬੂਲੈਂਸ ਉਸ ਦਾ ਇੰਤਜ਼ਾਰ ਕਰ ਰਹੀ ਸੀ।
ਐਸ ਐਸ ਡਬਲਿਊ ਦੇ ਰੂਰਲ ਫਾਇਰ ਸਰਵਿਸ ਦੇ ਕਮਿਸ਼ਨਰ ਵੱਲੋਂ ਹਰਮਨਦੀਪ ਸਿੰਘ ਲਈ ਜਾਰੀ ਕੀਤਾ ਸਨਮਾਨ ਪੱਤਰ
"ਮੈਂ ਪਿਛਲੇ ਕਈ ਸਾਲਾਂ ਤੋਂ ਰੂਰਲ ਫਾਇਰ ਸਰਵਿਸ ਨਾਲ ਸੇਵਾ ਕਰਦਾ ਆ ਰਿਹਾ ਹਾਂ ਅਤੇ ਬਹੁਤ ਸਾਰੀਆਂ ਭਿਆਨਕ ਅੱਗਾਂ ਅਤੇ ਹੜਾਂ ਵਰਗੀਆਂ ਸਥਿਤੀਆਂ ਦੌਰਾਨ ਸੇਵਾਵਾਂ ਨਿਭਾ ਚੁੱਕਾ ਹਾਂ," ਹਰਮਨ ਨੇ ਦੱਸਿਆ।
ਨਿਊ ਸਾਊਥ ਵੇਲਜ਼ ਰੂਰਲ ਫਾਇਰ ਸਰਵਿਸ ਦੀ ਸਪੋਕਸਪਰਸਨ ਸੁਪਰਡੰਟ ਸਾਰਾਹ ਹੂਅਰ ਨੇ ਐਸ ਬੀ ਐਸ ਪੰਜਾਬੀ ਲਈ ਇੱਕ ਖਾਸ ਸੁਨੇਹਾ ਭੇਜਦੇ ਹੋਏ ਹਰਮਨ ਦੀ ਇਸ ਬਹਾਦਰੀ ਨੂੰ ਹੋਰਨਾਂ ਲਈ ਮਿਸਾਲ ਅਤੇ ਪ੍ਰੇਰਨਾ ਦਾ ਸਰੋਤ ਦੱਸਿਆ ਹੈ।
'ਹਰਨਦੀਪ ਸਿੰਘ ਸਿੱਧੂ ਵੱਲੋਂ ਕੀਤੇ ਇਸ ਬਹਾਦਰੀ ਭਰੇ ਕਾਰਨਾਮੇ ਲਈ ਜਿੱਥੇ ਅਸੀਂ ਉਸ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਨਾਲ ਹੀ ਉਮੀਦ ਕਰਦੇ ਹਾਂ ਕਿ ਭਾਈਚਾਰੇ ਦੇ ਹੋਰਨਾਂ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾਂ ਮਿਲੇਗੀ ਅਤੇ ਉਹ ਵੀ ਕਿਸੇ ਨਾ ਕਿਸੇ ਪ੍ਰਕਾਰ ਦੀ ਵਲੰਟੀਅਰ ਸੇਵਾ ਨਾਲ ਜਰੂਰ ਹੀ ਜੁੜਨਗੇ", ਸਾਰਾਹ ਨੇ ਕਿਹਾ।
ਹਰਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਆਪਣਾ ਫਰਜ਼ ਅਦਾ ਕੀਤਾ ਹੈ ਅਤੇ ਉਹ ਪਹਿਲਾਂ ਇਸ ਸਨਮਾਨ ਵਾਸਤੇ ਅੱਗੇ ਆਉਣ ਲਈ ਵੀ ਝਿਜਕ ਰਹੇ ਸਨ।
ਹਰਮਨ ਨੇ ਭਾਈਚਾਰੇ ਨੂੰ ਅਪੀਲ ਕਰਦੇ ਹੋਏ ਕਿਹਾ, "ਰੂਰਲ ਫਾਇਰ ਸਰਵਿਸ ਦੇ ਨਾਲ ਐਸ ਈ ਐਸ, ਵੀ ਆਰ ਏ ਵਰਗੀਆਂ ਹੋਰ ਕਈ ਸੰਸਥਾਵਾਂ ਹਨ ਜਿਨ੍ਹਾਂ ਨਾਲ ਜੁੜ ਕੇ ਹਰ ਕੋਈ ਵਲੰਟੀਅਰ ਵਜੋਂ ਸੇਵਾ ਨਿਭਾ ਸਕਦਾ ਹੈ"।
ਹਰਮਨਦੀਪ ਸਿੰਘ ਸਿੱਧੂ ਦੀ ਬਹਾਦਰੀ ਭਰੇ ਇਸ ਕਾਰਨਾਮੇ ਬਾਰੇ ਵਿਸਥਾਰਤ ਜਾਣਕਾਰੀ ਹਾਸਿਲ ਕਰਨ, ਅਤੇ ਵਲੰਟੀਅਰ ਵਜੋਂ ਸੇਵਾ ਨਿਭਾਉਣ ਲਈ ਕਿਹੜੀ ਸੰਸਥਾ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਇਸ ਸਭ ਬਾਰੇ ਜਾਨਣ ਲਈ ਸੁਣੋ ਇਹ ਪੌਡਕਾਸਟ..
ਹੋਰ ਵੇਰਵੇ ਲਈ ਆਡੀਓ ਬਟਨ 'ਤੇ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।