ਗੁਰਨਾਮ ਸਿੰਘ ਜਿਨ੍ਹਾਂ ਨੂੰ ਬੌਬੀ ਸੈਂਭੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਸੰਨ 2006 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ।
ਪੰਜਾਬ ਵਿਚੋਂ ਹਸ਼ਿਆਰਪੁਰ ਤੇ ਦਿੱਲੀ ਦੇ ਪਰਿਵਾਰਕ ਪਿਛੋਕੜ ਵਾਲੇ ਸ਼੍ਰੀ ਸੈਂਭੀ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇੱਕ ਸਾਫਟਵੇਅਰ ਕੰਪਨੀ ਵਿੱਚ ਪਏ ਵਪਾਰਕ ਘਾਟੇ ਪਿੱਛੋਂ ਉਨ੍ਹਾਂ ਆਸਟ੍ਰੇਲੀਆ ਆਉਣ ਦਾ ਫ਼ੈਸਲਾ ਕੀਤਾ ਸੀ।
ਐਡੀਲੇਡ ਦੀ ਰਿਹਾਇਸ਼ ਰੱਖਣ ਵਾਲ਼ੇ ਸ਼੍ਰੀ ਸੈਂਭੀ ਉਸ ਸਮੇਂ 37 ਸਾਲ ਦੇ ਸਨ।
"ਇਹ ਮੇਰੇ ਤੇ ਮੇਰੇ ਪਰਿਵਾਰ ਲਈ ਇੱਕ ਚੁਣੌਤੀਪੂਰਨ ਸਮਾਂ ਸੀ ਪਰ ਮੈਂ ਹਿੰਮਤ ਅਤੇ ਮਿਹਨਤ ਸਦਕੇ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਕਾਮਯਾਬ ਹੋਇਆ," ਉਨ੍ਹਾਂ ਕਿਹਾ।ਸ਼੍ਰੀ ਸੈਂਭੀ ਨੇ ਦੱਸਿਆ ਕਿ ਉਨ੍ਹਾਂ ਆਸਟ੍ਰੇਲੀਆ ਆਕੇ ਮਜ਼ਦੂਰੀ ਵੀ ਕੀਤੀ ਤੇ ਕਾਫੀ ਸਮਾਂ ਟੈਕਸੀ ਵੀ ਚਲਾਈ।
Source: Supplied
"ਮੈਂ ਉਹ ਸਭ ਕੀਤਾ ਜੋ ਅਕਸਰ ਪੰਜਾਬੀ ਪਰਵਾਸੀਆਂ ਦੀ ਜ਼ਿੰਦਗੀ ਦੇ ਮੁੱਢਲੇ ਹਿੱਸੇ ਨਾਲ਼ ਜੁੜਿਆ ਹੁੰਦਾ ਹੈ। ਮਿਹਨਤ ਕਰਨਾ ਪੰਜਾਬੀਆਂ ਦਾ ਸੁਭਾਅ ਹੈ ਜੋ ਸਾਨੂੰ ਕਾਮਯਾਬ ਹੋਣ ਵਿੱਚ ਮਦਦ ਕਰਦਾ ਹੈ।"
ਸ਼੍ਰੀ ਸੈਂਭੀ ਐਡੀਲੇਡ ਦੇ ਜਿਸ ਟੇਫ ਅਦਾਰੇ ਤੋਂ ਇਲੈਕਟਰੋਨਿਕਸ ਦੀ ਪੜ੍ਹਾਈ ਕਰਦੇ ਸਨ ਫਿਰ ਉਥੇ ਹੀ ਉਨ੍ਹਾਂ ਦੀ ਨਿਯੁਕਤੀ ਇਸੇ ਵਿਸ਼ੇ ਦੇ ਇੱਕ ਲੈਕਚਰਾਰ ਵਜੋਂ ਹੋਈ।ਸ਼੍ਰੀ ਸੈਂਭੀ ਦਾ ਮੰਨਣਾ ਹੈ ਕਿ ਉਮਰ ਦਾ ਆਂਕੜਾ ਪੜ੍ਹਾਈ-ਲਿਖਾਈ ਜਾਂ ਕੁਝ ਹੋਰ ਸਿੱਖਣ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ।
Source: Supplied
ਹਾਲ ਹੀ ਵਿੱਚ ਆਪਣੀ ਉਮਰ ਦੇ ਅੱਧੀ ਸਦੀ ਦੇ ਸਫਰ ਨੂੰ ਮਾਨਣ ਦੌਰਾਨ ਆਪਣਾ ਜਹਾਜ਼ ਉਡਾਉਣਾ ਸਿੱਖਣ ਦਾ ਸੁਪਨਾ ਵੀ ਪੂਰਾ ਕੀਤਾ ਹੈ।
"ਮੈਂ ਲਾਈਟ ਏਅਰਕ੍ਰਾਫਟ ਚਲਾਉਣ ਵਿੱਚ ਸਿਖਲਾਈ ਲਈ ਹੈ। ਇਹ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਸੀ, ਲੋੜ ਸੀ ਤਾਂ ਬਸ ਥੋੜ੍ਹੇ ਧਿਆਨ ਲਗਨ ਤੇ ਮਿਹਨਤ ਦੀ ਜਿਸ ਵਿੱਚ ਮੈਂ ਕਦੇ ਵੀ ਕੋਤਾਹੀ ਨਹੀਂ ਕਰਦਾ," ਉਨ੍ਹਾਂ ਕਿਹਾ।
ਇਸ ਮੁਲਕ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇੱਥੇ ਤੁਸੀਂ ਖੁੱਲੀਆਂ ਅੱਖਾਂ ਨਾਲ਼ ਦੇਖੇ ਸੁਪਨੇ ਬੜੇ ਆਰਾਮ ਤੇ ਸ਼ੌਕ ਨਾਲ਼ ਪੂਰੇ ਕਰ ਸਕਦੇ ਹੋ।
"ਆਸਟ੍ਰੇਲੀਆ ਤੁਹਾਨੂੰ ਪੜ੍ਹਨ ਲਈ, ਸਿੱਖਣ ਲਈ ਹਰ ਪ੍ਰਕਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਸਹੀ ਮੌਕੇ ਦੀ ਉਡੀਕ ਕਰੋ ਅਤੇ ਕਦੇ ਵੀ ਆਪਣੇ ਆਪ, ਆਪਣੀ ਸਮਰੱਥਾ ਨੂੰ ਘੱਟ ਕਰਕੇ ਨਾ ਜਾਣੋ।"
ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਪੜ੍ਹਨ-ਲਿਖਣ ਦਾ ਹੀ ਸ਼ੌਕ ਸੀ ਜਿਸ ਕਰਕੇ ਉਨ੍ਹਾਂ ਆਪਣੀ ਜ਼ਿੰਦਗੀ ਦੇ ਕਈ ਸਾਲ ਇੱਕ ਸਿਖਿਆਰਥੀ ਵਜੋਂ ਲੰਘਾਏ।
"ਮੇਰੀ ਅਕਾਦਮਿਕ ਸਰਟੀਫਿਕੇਟਾਂ ਵਾਲੀ ਫਾਈਲ ਹੁਣ ਕਾਫ਼ੀ ਮੋਟੀ ਹੋ ਗਈ ਹੈ। ਮੈਂ ਵੱਖੋ-ਵੱਖਰੇ ਖਿੱਤਿਆਂ ਵਿੱਚ ਸਰਟੀਫਕੇਟ, ਡਿਪਲੋਮੇ, ਬੈਚਲਰ ਤੇ ਮਾਸਟਰ ਲੈਵਲ ਦੀ ਪੜ੍ਹਾਈ ਕੀਤੀ ਹੈ ਜਿਸ ਵਿੱਚ ਇਲੈਕਟ੍ਰੋਨਿਕਸ, ਮਾਈਕਰੋਵੇਵ ਕਮਿਊਨੀਕੇਸ਼ਨ, ਬਿਜ਼ਨੈੱਸ ਐਡਮਨਿਸਟ੍ਰੇਸ਼ਨ, ਬਿਲਡਿੰਗ ਐਂਡ ਕੰਸਟ੍ਰਕਸ਼ਨ, ਏਵੀਏਸ਼ਨ, ਪ੍ਰਾਇਮਰੀ ਸੇਲਜ਼, ਐਮ ਏ ਇੰਗਲਿਸ਼, ਐਮਫਿਲ ਆਦਿ ਸ਼ਾਮਲ ਹਨ," ਉਨ੍ਹਾਂ ਕਿਹਾ।ਸ੍ਰੀ ਸੈਂਭੀ ਕਵਿਤਾ ਲਿਖਣ ਤੇ ਗੀਤ-ਸੰਗੀਤ ਦਾ ਸ਼ੌਕ ਵੀ ਰੱਖਦੇ ਹਨ।
Source: Supplied
ਉਨ੍ਹਾਂ ਦਾ ਲਿਖਿਆ ਇੱਕ ਗੀਤ ਅਗਲੇ ਕੁਝ ਸਮੇਂ ਦੌਰਾਨ ਯੂਟਿਊਬ ਉੱਤੇ ਰਿਲੀਜ਼ ਕੀਤਾ ਜਾਣਾ ਹੈ। ਇਸ ਗੀਤ ਦੇ ਬੋਲ ਹਨ -
ਮੈਂ ਵਸਿਆ ਸਮੁੰਦਰੋਂ ਪਾਰ ਨੀਂ ਹੁਣ ਮੁੜ ਨਹੀਂ ਹੋਣਾ,
ਰੋਵੀਂ ਨਾ ਮੇਰੇ ਕਰਕੇ, ਠੋਡੀ ਗੋਢੇ ਉੱਤੇ ਧਰਕੇ, ਬੱਸ ਹੌਕਿਆਂ ਨਾਲ਼ ਸਾਰ।
ਨੀਂ ਹੁਣ ਮੁੜ ਨਹੀਂ ਹੋਣਾ, ਮੈਂ ਵਸਿਆ ਸਮੁੰਦਰੋਂ ਪਾਰ ਨੀਂ ਹੁਣ ਮੁੜ ਨਹੀਂ ਹੋਣਾ...
ਚਾਅ ਕੀਹਨੂੰ ਪ੍ਰਦੇਸਾਂ ਦਾ ਜੋ ਪਾਰ ਸਮੁੰਦਰੋਂ ਆਏ ਹਾਂ,
ਕੀ ਦੱਸੀਏ ਮਜਬੂਰੀ ਸੀ ਅਸੀਂ ਹਾਰਕੇ ਸਬ ਕੁਝ ਆਏ ਹਾਂ।
ਮਾਪੇ ਛੱਡੇ ਵੀਰੇ ਛੱਡੇ ਪਈਆਂ ਕਿਹੜੇ ਮੁੱਲ ਕਮਾਈਆਂ,
ਨੀਂ ਹੁਣ ਮੁੜ ਨਹੀਂ ਹੋਣਾ, ਮੈਂ ਵਸਿਆ ਸਮੁੰਦਰੋਂ ਪਾਰ ਨੀਂ ਹੁਣ ਮੁੜ ਨਹੀਂ ਹੋਣਾ...
ਸ਼੍ਰੀ ਸੈਂਭੀ ਦੇ ਤਜ਼ਰਬੇ ਮੁਕੰਮਲ ਰੂਪ ਵਿੱਚ ਜਾਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ
‘ਲੋਕਾਂ ਤੋਂ ਮਿਲਿਆ ਪਿਆਰ-ਸਤਿਕਾਰ’: ਤਸਮਾਨੀਆ ਵਿਚਲੇ 'ਪਹਿਲੇ ਸਿੱਖ ਪਰਿਵਾਰ' ਦੇ 50-ਸਾਲਾ ਆਸਟ੍ਰੇਲੀਅਨ ਸਫ਼ਰ ਦੀ ਕਹਾਣੀ