ਸਿੱਖ ਯਾਤਰੀਆਂ ਲਈ ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤਾ ‘ਵੀਜ਼ਾ ਪ੍ਰਾਇਰ ਟੂ ਅਰਾਈਵਲ’ ਕੀ ਹੈ?

nankana.jpg

ਆਸਟ੍ਰੇਲੀਆਈ ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਦੀ ਯਾਤਰਾ ਕਰਦਾ ਹੋਇਆ। Credit: Supplied by Prabhjeet Singh

ਪਾਕਿਸਤਾਨ ਸਰਕਾਰ ਵੱਲੋਂ ‘ਵੀਜ਼ਾ ਪ੍ਰਾਇਰ ਟੂ ਅਰਾਈਵਲ’ (ਸਿੱਖ ਪਿਲਗਰਿਮਜ਼) ‘VPA’ ਨੀਤੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਅਧਾਰ ‘ਤੇ 126 ਮੁਲਕਾਂ, ਜਿਸ ਵਿੱਚ ਆਸਟ੍ਰੇਲੀਆ ਵੀ ਸ਼ਾਮਿਲ ਹੈ, ਦੇ ਨਾਗਰਿਕ ਪਾਕਿਸਤਾਨ ਦੀ ਯਾਤਰਾ ਕਰਨ ਲਈ ਵੀਜ਼ਾ ਅਪਲਾਈ ਕਰ ਸਕਦੇ ਹਨ। ਇਸ ਇੰਟਰਵਿਊ ਰਾਹੀਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਜ਼ਾਹਿਦ ਹਫ਼ੀਜ਼ ਚੌਧਰੀ ਅਤੇ ਸਿਡਨੀ ਤੋਂ ਪਾਕਿਸਤਾਨ ਯਾਤਰਾ ਦੇ ਪ੍ਰਬੰਧਕ ਪ੍ਰਭਜੀਤ ਸਿੰਘ ਨੇ ਇਸ ਵੀਜ਼ੇ ਦੀ ਪ੍ਰਕਿਰਿਆ ਅਤੇ ਕੁਝ ਖਾਸ ਨੁਕਤੇ ਵਿਸਥਾਰ ਨਾਲ ਸਾਂਝੇ ਕੀਤੇ ਹਨ।


ਪਾਕਿਸਤਾਨ ਦੇ ਹਾਈ ਕਮਿਸ਼ਨਰ ਜ਼ਾਹਿਦ ਹਫ਼ੀਜ਼ ਚੌਧਰੀ ਨੇ ਐਸ ਬੀ ਐਸ ਉਰਦੂ ਨਾਲ ਗੱਲ ਕਰਦਿਆਂ ਦੱਸਿਆ ਕਿ, “ਸਿੱਖ ਧਰਮ ਅਤੇ ਇਤਿਹਾਸ ਨਾਲ ਸੰਬੰਧਿਤ ਬਹੁਤ ਅਹਿਮ ਅਸਥਾਨ ਪਾਕਿਸਤਾਨ ਵਿੱਚ ਮੌਜੂਦ ਹਨ ਅਤੇ ਸਿੱਖ ਭਾਈਚਾਰੇ ਦਾ ਪਾਕਿਸਤਾਨ ਵਿੱਚ ਆਉਣਾ ਹੋਰ ਸੁਖਾਲਾ ਬਣਾਉਣ ਲਈ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਵਿੱਚ ਤਬਦੀਲੀ ਕੀਤੀ ਹੈ।”
ਸਿੱਖ ਭਾਈਚਾਰੇ ਲਈ ਪਾਕਿਸਤਾਨ ਦਾ ਦਿਲ ਅਤੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ।
ਜ਼ਾਹਿਦ ਹਫ਼ੀਜ਼ ਚੌਧਰੀ, ਪਾਕਿਸਤਾਨ ਹਾਈ ਕਾਮਿਸ਼ਨਰ

‘VPA’ ਕੀ ਹੈ?

ਸ਼੍ਰੀ ਚੌਧਰੀ ਨੇ ਸਮਝਾਇਆ ਕਿ ‘VPA’ ਨਾਲ ਹੁਣ ਸਿੱਖ ਯਾਤਰੀ ਆਪ ਆਪਣਾ ਵੀਜ਼ਾ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ 3 ਦਿਨਾਂ ਵਿੱਚ ਮਨਜ਼ੂਰੀ ਆ ਜਾਵੇਗੀ।

“ਖਾਸ ਤੌਰ ਉੱਤੇ ਸਿੱਖ ਯਾਤਰੀਆਂ ਲਈ ਕੋਈ ਵੀਜ਼ਾ ਫ਼ੀਸ ਨਹੀਂ ਹੈ”, ਸ਼੍ਰੀ ਚੌਧਰੀ ਨੇ ਕਿਹਾ।

ਸਿਡਨੀ ਵਾਸੀ, ਯਾਤਰਾ ਸ਼੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧਕ, ਪ੍ਰਭਜੀਤ ਸਿੰਘ ਪਿਛਲੇ 3 ਸਾਲ ਤੋਂ ਪਾਕਿਸਤਾਨ ਵਿੱਚ ਸਿੱਖ ਅਸਥਾਨਾਂ ਦੀ ਯਾਤਰਾ ਲਈ ਜਥੇ ਲੈ ਕੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ VPA ਤੋਂ ਪਹਿਲਾਂ ਯਾਤਰਾ ਸੰਸਥਾਵਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਤੇ ਹੋਏ ਪੱਤਰ ਦੇ ਅਧਾਰ ‘ਤੇ ਹੀ ਵੀਜ਼ਾ ਅਪਲਾਈ ਕਰਦੇ ਸਨ।

ਪਰ VPA ਨਾਲ ਹੁਣ ਯਾਤਰੀ ਆਪ ਆਨਲਾਈਨ ਵੀਜ਼ਾ ਅਪਲਾਈ ਕਰ ਸਕਦੇ ਹਨ ਜੋ ਕੇ ਪਾਕਿਸਤਾਨ ਦੀ Evacuee Trust Property Board (ETB) ਵੱਲੋਂ ਮਨਜ਼ੂਰ ਕੀਤਾ ਜਾਂਦਾ ਹੈ।

ਇਸ ਅਰਜ਼ੀ ਨਾਲ 90 ਦਿਨ ਦਾ 'ਮਲਟੀਪਲ ਐਂਟਰੀ' ਵੀਜ਼ਾ ਦਿੱਤਾ ਜਾਂਦਾ ਹੈ”, ਸ਼੍ਰੀ ਚੌਧਰੀ ਨੇ ਦੱਸਿਆ।
pakistan 2.png
Stills from various Sikh historical places in Pakistan. Credit: Supplied by Prabhjeet Singh

ਇਸ ਬਦਲਾਵ ਨਾਲ ਕੀ ਤਬਦੀਲੀ ਆਵੇਗੀ?

ਪ੍ਰਭਜੀਤ ਨੇ ਦੱਸਿਆ ਕਿ ਆਸਟ੍ਰੇਲੀਅ ਦੇ ਸਿੱਖ ਭਾਈਚਾਰੇ ਨੂੰ ਇਸ ਬਦਲਾਅ ਨਾਲ ਕਾਫੀ ਖੁਸ਼ੀ ਅਤੇ ਅਸਾਨੀ ਮਹਿਸੂਸ ਹੋਵੇਗੀ।
VPA ਨਾਲ ਸਿੱਖ ਯਾਤਰੀਆਂ ਦੀ ਗਿਣਤੀ ਬਿਲਕੁਲ ਵਧਣੀ ਚਾਹੀਦੀ ਹੈ, ਕਿਉਂਕਿ ਵੀਜ਼ਾ ਐਪਲੀਕੇਸ਼ਨ ਦੀ ਪ੍ਰਕਿਰਿਆ ਹੁਣ ਅਸਾਨ ਬਣਾ ਦਿੱਤੀ ਗਈ ਹੈ।
ਪ੍ਰਭਜੀਤ ਸਿੰਘ, ਯਾਤਰਾ ਸ੍ਰੀ ਨਨਕਾਣਾ ਸਾਹਿਬ ਪ੍ਰਬੰਦਕ
“ਇਸ ਤੋਂ ਪਹਿਲਾਂ ਸਿੱਖ ਯਾਤਰੀਆਂ ਨੂੰ ਕਿਸੇ ਸੰਸਥਾ ਨਾਲ ਸੰਪਰਕ ਕਰਨਾ ਪੈਂਦਾ ਸੀ ਜਿਸ ਨਾਲ ਵੀਜ਼ਾ ਪ੍ਰਕਿਰਿਆ ਥੋੜੀ ਮੁਸ਼ਕਿਲ ਸੀ, ਪਰ ਹੁਣ ਸਿੱਖ ਯਾਤਰੀ ਆਪਣੀ ਐਪਲੀਕੇਸ਼ਨ ਅਸਾਨੀ ਨਾਲ ਆਪ ਅਪਲਾਈ ਕਰ ਸਕਦੇ ਹਨ”, ਉਨ੍ਹਾਂ ਦੱਸਿਆ।

ਕੀ ਇਸ ਨਵੀ ਨੀਤੀ ਨਾਲ ਯਾਤਰੀਆਂ ਦੀ ਸੁਰੱਖਿਆ ਉੱਤੇ ਕੋਈ ਪ੍ਰਭਾਵ ਪਵੇਗਾ?

ਪ੍ਰਭਜੀਤ ਆਪਣਾ 3 ਸਾਲ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਕਹਿੰਦੇ ਹਨ ਕੇ ਪਾਕਿਸਤਾਨ ਸਰਕਾਰ ਵੱਲੋਂ ਹਮੇਸ਼ਾ ਸੁਰੱਖਿਆ ਦਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ।

"ਮੈਂ ਮੰਨਦਾ ਹਾਂ ਕੇ ਸਾਰਿਆਂ ਦੇ ਦਿਲਾਂ ਵਿੱਚ ਕੋਈ ਨਾ ਕੋਈ ਸ਼ੱਕ ਹੁੰਦਾ ਹੈ, ਪਰ ਪਾਕਿਸਤਾਨ ਜਾ ਕੇ ਯਾਤਰੀਆਂ ਨੂੰ ਪਿਆਰ ਅਤੇ ਸੁਰੱਖਿਆ ਦੀ ਕੋਈ ਕਮੀ ਨਹੀਂ ਮਹਿਸੂਸ ਹੁੰਦੀ”, ਉਹਨਾਂ ਕਿਹਾ।

ਹਾਈ ਕਮਿਸ਼ਨਰ ਸ਼੍ਰੀ ਚੌਧਰੀ ਅਤੇ ਪ੍ਰਭਜੀਤ ਸਿੰਘ ਨਾਲ ਹੋਈ ਪੂਰੀ ਗੱਲ ਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਬਟਨ ਉੱਤੇ ਕਲਿੱਕ ਕਰੋ।

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share