'ਰਾਸ਼ਟਰੀ ਹੁਨਰ ਹਫਤੇ' ਨੂੰ ਮਨਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਸਿਖਲਾਈ ਅਤੇ ਕਿੱਤਾ ਮੁਖੀ ਖੇਤਰ ਲਈ ਵਧੇਰੇ ਮਾਲੀ ਮੱਦਦ ਦਾ ਐਲਾਨ ਕੀਤਾ ਹੈ। ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਫੈਡਰਲ ਸਰਕਾਰ ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨ ਦੇ ਨਾਲ-ਨਾਲ ਹੁਨਰਮੰਦ ਪ੍ਰਵਾਸ ਨੂੰ ਹੋਰ ਵਧਾਏ ਜਾਣ ਦੀ ਮੰਗ ਦਾ ਵੀ ਸਾਹਮਣਾ ਕਰ ਰਹੀ ਹੈ।
ਨਵੇਂ ਆਂਕੜਿਆਂ ਤੋਂ ਪਤਾ ਚਲਿਆ ਹੈ ਕਿ ਇਸ ਸਮੇਂ ਸਭ ਤੋਂ ਗੰਭੀਰ ਸਥਿਤੀ 10 ਉਦਿਯੋਗਾਂ ਦੀ ਹੈ, ਜਿਹਨਾਂ ਵਿੱਚ ਨਰਸਾਂ, ਚੈੱਫ, ਅਰਲੀ ਚਾਈਲਡਹੁੱਡ ਅਧਿਆਪਕ, ਅਤੇ ਇਲੈਕਟ੍ਰੀਸ਼ਨ ਵਾਲੇ ਕਿੱਤੇ ਵੀ ਸ਼ਾਮਲ ਹਨ।
ਆਈ ਟੀ ਖੇਤਰ ਵਿੱਚ ਵਾਧੇ ਦੀ ਭਵਿੱਖਬਾਣੀ ਦੇ ਚਲਦੇ, ਹਾਲ ਵਿੱਚ ਹੀ ਟੇਫ ਤੋਂ ਸਾਈਬਰ ਸੁਰੱਖਿਆ ਦੀ ਪੜਾਈ ਮੁਕੰਮਲ ਕਰਨ ਵਾਲੇ ਜੈਮੀ ਮੈਕਡੋਨਲਡ ਦਾ ਕਹਿਣਾ ਹੈ ਕਿ ਉਸ ਨੇ ਕਦੀ ਵੀ ਆਪਣੇ ਆਪ ਨੂੰ ਕੰਪਿਊਟਰ ਖੇਤਰ ਵਿੱਚ ਨਹੀਂ ਸੀ ਦੇਖਿਆ। ਉਸ ਨੇ ਤਾਂ ਆਪਣੇ ਮਾਪਿਆਂ ਦੇ ਕਹਿਣ ‘ਤੇ ਹੀ ਇੱਕ ਮੁਫਤ ਟੇਫ ਕੋਰਸ ਵਿੱਚ ਦਾਖਲਾ ਲਿਆ ਸੀ।
ਹੁਣ ਜੈਮੀ ਨੇ ਸੂਚਨਾ ਅਤੇ ਤਕਨਾਲੋਜੀ ਖੇਤਰ ਵਿੱਚ ਇੱਕ ਵਧੀਆ ਸਥਾਨ ਪ੍ਰਾਪਤ ਕਰ ਲਿਆ ਹੈ ਅਤੇ ਇਸ ਅਕਤੂਬਰ ਮਹੀਨੇ ਉਹ ਕੋਰੀਆ ਵਿੱਚ 'ਕਲਾਊਡ ਕੰਪਿਊਟਿੰਗ' ਵਿੱਚ ਆਸਟ੍ਰੇਲੀਆ ਵੱਲੋਂ ਹਾਜ਼ਰੀ ਭਰੇਗਾ।