ਗ੍ਰਹਿ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਉਹ ਤਕਰੀਬਨ 2 ਲੱਖ 80 ਹਜਾਰ ਦੇ ਕਰੀਬ ਵਿਅਕਤੀਆਂ ਦੇ ਦਸਤਾਵੇਜ਼ਾਂ ਨੂੰ ਟੈਕਸ ਵਿਭਾਗ ਦੇ ਰਿਕਾਰਡਾਂ ਨਾਲ ਮਿਲਾਉਂਦੇ ਹੋਏ ਵੀਜ਼ਾ ਹੇਰਾ ਫੇਰੀਆਂ ਦਾ ਪਤਾ ਚਲਾਉਣ ਦਾ ਯਤਨ ਕਰੇਗਾ।
ਡੀ ਐਚ ਏ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ, ਉਹਨਾਂ ਅਦਾਰਿਆਂ ਨੂੰ ਆਪਣੇ ਧਿਆਨ ਹੇਠ ਲਿਆਏਗਾ, ਜਿਨਾਂ ਕੋਲ ਕਿਸੇ ਸਮੇਂ ਵਿਦੇਸ਼ੀ ਕਾਮੇਂ ਕੰਮ ਕਰਦੇ ਸਨ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰੇਗਾ ਕਿ ਕੀ, ਇਹਨਾਂ ਅਦਾਰਿਆਂ ਨੇ ਆਪਣੇ ਕਾਮਿਆਂ ਨੂੰ ਉਚਿਤ ਦਰਾਂ ਤੇ ਤਨਖਾਹਾਂ ਅਤੇ ਹੋਰ ਭੱਤੇ ਆਦਿ ਦਿੱਤੇ ਸਨ ਜਾਂ ਨਹੀਂ। ਨਾਲ ਹੀ ਵਿਭਾਗ ਇਹ ਵੀ ਜਾਨਣ ਦੇ ਯਤਨ ਕਰੇਗਾ ਕਿ ਕੀ ਕਾਮਿਆਂ ਨੇ ਵੀ ਆਪਣੇ ਵੀਜ਼ਿਆਂ ਵਾਲੇ ਨਿਯਮਾਂ ਦਾ ਸਹੀ ਪਾਲਣ ਕੀਤਾ ਸੀ ਜਾਂ ਨਹੀਂ।
ਟੈਂਪਰੇਰੀ ਸਕਿਲਡ ਵੀਜ਼ੇ ਉੱਤੇ ਆਏ ਹੋਏ ਕਾਮਿਆਂ ਨੂੰ ਉਹਨਾਂ ਦੇ ਵਿਭਾਗ ਵਲੋਂ ਨਾਮਜ਼ਦ ਕੀਤੇ ਹੋਏ ਕਿੱਤਿਆਂ ਵਿੱਚ ਹੀ ਕੰਮ ਕਰਨਾ ਲਾਜ਼ਮੀ ਹੁੰਦਾ ਹੈ। ਅਤੇ ਨਾਲ ਹੀ ਉਹਨਾਂ ਨੂੰ ਕੁੱਝ ਕੂ ਖਾਸ ਮਨਜ਼ੂਰ ਕੀਤੇ ਹੋਏ ਰੁਜ਼ਗਾਰ-ਦਾਤਿਆਂ ਕੋਲ ਹੀ ਕੰਮ ਕਰਨਾ ਹੁੰਦਾ ਹੈ।
ਵਿਭਾਗ ਵਲੋਂ ਟੈਂਮਪਰੇਰੀ ਸਕਿਲਡ ਵੀਜ਼ਾ (ਕਲਾਸ 457) ਜਾਂ ਟੈਂਪਰੇਰੀ ਸਕਿਲਜ਼ ਸ਼ਾਰਟੇਜ ਵੀਜ਼ਾ (ਕਲਾਸ 482) ਦੇ ਧਾਰਕਾਂ ਦੇ ਨਾਮ, ਪਤੇ, ਜਨਮ ਮਿਤੀ ਆਦਿ ਵਾਲੇ ਪਿਛਲੇ ਤਿੰਨ ਸਾਲਾਂ ਦੇ ਵੇਰਵੇ ਸਾਂਝੇ ਕੀਤੇ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪਿਛਲੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਹੋਏ ਵਿਭਾਗ ਨੇ ਇਹ ਵੀ ਦੱਸਿਆ ਕਿ ਸਪਾਂਸਰ ਕਰਨ ਵਾਲੇ ਰੁਜ਼ਗਾਰ ਦਾਤਿਆਂ ਦੇ ਵੇਰਵੇ ਵੀ ਨਾਲੋ ਨਾਲ ਹੀ ਸਾਂਝੇ ਕੀਤੇ ਜਾਣਗੇ।
ਗ੍ਰਹਿ ਵਿਭਾਗ ਵਿੱਚ ਦਰਜ ਇਸ ਜਾਣਕਾਰੀ ਨੂੰ ਇਲੈਕਟਰਾਨਿਕ ਮਾਧਿਅਮ ਨਾਲ ਟੈਕਸ ਵਿਭਾਗ ਦੇ ਡਾਟੇ ਨਾਲ ਮਿਲਾਂਉਂਦੇ ਹੋਏ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ।
ਡੀ ਐਚ ਏ ਨੇ ਕਿਹਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਉਹਨਾਂ ਦੇ ਵੀਜ਼ਿਆਂ ਨੂੰ ਰੱਦ ਕੀਤਾ ਜਾਣਾ ਵੀ ਸ਼ਾਮਲ ਹੈ।
ਇਹਨਾਂ ਦੋਵੇਂ ਵਿਭਾਗਾਂ ਵਿਚਾਲੇ ਸਾਂਝੀ ਕੀਤੀ ਜਾਣ ਵਾਲੀ ਇਹ ਕਾਰਵਾਈ ਕੋਈ ਨਵੀਂ ਵੀ ਨਹੀਂ ਹੈ। ਪਿਛਲੇ ਸਾਲ ਏ ਟੀ ਓ ਵਲੋਂ ਕਿਹਾ ਗਿਆ ਸੀ ਕਿ ਉਹ ਸਾਲ 2019-20 ਤੱਕ ਕੋਈ 20 ਮਿਲੀਅਨ ਖਾਤਿਆਂ ਦੀ ਜਾਂਚ ਪਰਖ ਕਰੇਗੀ। ਪਰ ਏ ਟੀ ਓ ਵਲੋਂ ਕੀਤੀ ਜਾ ਰਹੀ ਇਸ ਪਰਖ ਦਾ ਦਾਇਰਾ ਬਹੁਤ ਵਿਸ਼ਾਲ ਰਖਿਆ ਗਿਆ ਹੈ, ਇਸ ਵਿੱਚ ਕਈ ਪ੍ਰਕਾਰ ਦੀ ਜਾਂਚ ਕੀਤੀ ਜਾਂਦੀ ਹੈ, ਜਿਵੇਂ ਕਿ ਸਕਿਲਡ ਵੀਜ਼ਾ, ਵਿਦੇਸ਼ੀ ਵਿਦਿਆਰਥੀ, ਵਿਦਿਅਕ ਅਦਾਰੇ, ਮਾਈਗ੍ਰੇਸ਼ਨ ਏਜੈਂਟਸ, ਵਿਦੇਸ਼ੀ ਕਾਮਿਆਂ ਨੂੰ ਸਪਾਂਸਰ ਕਰਨ ਵਾਲੇ ਆਦਿ।
ਮੌਜੂਦਾ ਹਾਲਾਤਾਂ ਵਿੱਚ ਏ ਟੀ ਓ ਹੀ ਇੱਕ ਅਜਿਹਾ ਅਦਾਰਾ ਹੈ ਜੋ ਕਿ ਅਜਿਹੇ ਖਾਤਿਆਂ ਦੀ ਜਾਂਚ ਕਰਦਾ ਹੈ ਜਿਨਾਂ ਦੁਆਰਾ ਟੈਕਸ ਮਸਲਿਆਂ ਵਿਚਲੇ ਘਪਲਿਆਂ ਦਾ ਪਤਾ ਚਲਾਇਆ ਜਾ ਸਕਦਾ ਹੈ।
ਬੇਸ਼ਕ, ਏਟੀਓ ਆਪਣੇ ਡਾਟਾ ਮਿਲਾਉਣ ਵਾਲੇ ਕਾਰਜਾਂ ਨੂੰ ਕੁੱਝ ਖਾਸ ਹਾਲਾਤਾਂ ਵਿੱਚ ਹੀ ਗ੍ਰਹਿ ਵਿਭਾਗ ਕੋਲ ਭੇਜਦਾ ਹੈ। ਅਤੇ ਗ੍ਰਹਿ ਵਿਭਾਗ ਵਲੋਂ ਕੀਤੀ ਜਾਣ ਵਾਲੀ ਡਾਟਾ ਮੈਚਿੰਗ ਸਿਰਫ ਟੈਂਪਰੇਰੀ ਸਕਿਲਡ ਵੀਜ਼ਿਆਂ ਤਕ ਹੀ ਨਿਰਧਾਰਤ ਹੈ।