ਪ੍ਰਵਾਸ, ਸਿਟੀਜ਼ਨਸ਼ਿਪ ਅਤੇ ਬਹੁਸਭਿਆਚਾਰਕ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਐਲਨ ਟੱਜ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਰੋਨਾਵਾਇਰਸ ਦੇ ਚੱਲ ਰਹੇ ਪ੍ਰਕੋਪ ਕਾਰਨ ਰਵਾਇਤੀ ਤੌਰ ਉੱਤੇ ਨਾਗਰਿਕਤਾ ਪ੍ਰਦਾਨ ਕਰਨੀ ਸੰਭਵ ਨਹੀਂ ਜਾਪਦੀ।
ਖਾਸ ਨੁੱਕਤੇ:
• ਇਸ ਸਮੇਂ ਤਕਰੀਬਨ 85 ਹਜਾਰ ਲੋਕ ਨਾਗਰਿਕਤਾ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
• ਨਾਗਰਿਕਤਾ ਇੰਟਰਵਿਊ ਅਤੇ ਟੈਸਟ ਰੱਦ ਕਰ ਦਿੱਤੇ ਗਏ ਹਨ।
• ਜਿਹਨਾਂ ਦੀ ਨਾਗਰਿਕਤਾ ਮੰਨਜ਼ੂਰ ਹੋ ਚੁੱਕੀ ਹੈ ਉਹ ਉਹ ਨਵੇਂ ਐਲਾਨ ਤੋਂ ਖੁਸ਼ ਹਨ।
‘ਆਸਟ੍ਰੇਲੀਆ ਦੀ ਨਾਗਰਿਕਤਾ ਸਾਡਾ ਬੁਨਿਆਦੀ ਹੱਕ ਹੈ ਅਤੇ ਇਹ ਸਾਡੀ ਕੌਮੀ ਪਛਾਣ ਹੈ’
ਸ਼੍ਰੀ ਟੱਜ ਨੇ ਕਿਹਾ ਕਿ ਸਰਕਾਰ ਇੱਕ ਸੁਰਖਿਅਤ ਵੀਡੀਓ ਲਿੰਕ ਦੁਆਰਾ ਸੰਭਾਵਿਤ ਨਾਗਰਿਕਾਂ ਲਈ ਇੱਕ ਸਮਾਰੋਹ ਕਰੇਗੀ ਤਾਂ ਜੋ ਲੋਕਾਂ ਨੂੰ ਕਰੋਨਾਵਾਇਰਸ ਸੰਕਟ ਦੌਰਾਨ ਵੀ ਆਸਟ੍ਰੇਲੀਆ ਦੇ ਨਾਗਰਿਕ ਬਣਾਇਆ ਜਾ ਸਕੇ।
"ਅਸੀਂ ਉਹਨਾਂ ਵਿਅਕਤੀਆਂ ਲਈ ਅਲੱਗ ਤਰੀਕਾ ਵਰਤਾਂਗੇ ਜਿਹਨਾਂ ਕੋਲ ਇੰਟਰਨੈੱਟ ਦੀ ਸੁਵਿਧਾ ਮੌਜੂਦ ਨਹੀਂ ਹੈ। ਇਸ ਦੌਰਾਨ ਸਿਹਤ ਮਾਮਲਿਆਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਵੇਗਾ।"
ਅਧਿਕਾਰਿਤ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਪੂਰੀ ਤਰਾਂ ਲਾਗੂ ਕੀਤੇ ਜਾਣ ਤੋਂ ਬਾਅਦ ਇਸ ਪ੍ਰਣਾਲੀ ਦੁਆਰਾ ਹਰ ਰੋਜ਼ 750 ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾ ਸਕੇਗੀ।
ਸਰਕਾਰ ਵਲੋਂ ਪ੍ਰਵਾਨਗੀ ਮਿਲਣ ਦੇ ਬਾਅਦ ਗ੍ਰਹਿ ਵਿਭਾਗ ਨੇ ਵਿਅਕਤੀਗਤ ਪੱਧਰ ਉੱਤੇ ਸਮਾਰੋਹ ਕਰਨ ਵਾਲੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨਵੀਂ ਪ੍ਰਣਾਲੀ ਤਹਿਤ ਸੰਭਾਵੀ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ।
ਇਸ ਸਮੇਂ 85,000 ਲੋਕ ਨਾਗਰਿਕਤਾ ਦਾ ਇੰਤਜ਼ਾਰ ਕਰ ਰਹੇ ਹਨ।
ਮਨਜ਼ੂਰ ਹੋ ਚੁੱਕੇ ਨਾਗਰਿਕਤਾ ਕੇਸਾਂ ਵਾਲ਼ੇ ਲੋਕਾਂ ਵਲੋਂ ਇਸ ਐਲਾਨ ਦਾ ਸਵਾਗਤ:

Source: iStockphoto
ਸੂਜ਼ਨ ਵਰਮਾ* ਜਿਸਨੇ ਕੁੱਝ ਸਮਾਂ ਪਹਿਲਾਂ ਹੀ ਟੈਸਟ ਪਾਸ ਕੀਤਾ ਸੀ ਅਤੇ ਉਸਦੀ ਨਾਗਰਿਕਤਾ ਅਰਜ਼ੀ ਵੀ ਮੰਨਜ਼ੂਰ ਹੋ ਗਈ ਸੀ, ਇਸ ਐਲਾਨ ਤੋਂ ਬਹੁਤ ਖੁਸ਼ ਹੈ।
ਸ਼੍ਰੀਮਤੀ ਵਰਮਾ ਉਹਨਾਂ ਹਜਾਰਾਂ ਲੋਕਾਂ ਵਿੱਚੋਂ ਇੱਕ ਹਨ ਜਿਹਨਾਂ ਨੇ ਸਰਕਾਰ ਨੂੰ ਇੱਕ ਆਨ-ਲਾਈਨ ਬੇਨਤੀ ਰਾਹੀਂ ਨਾਗਰਿਕਤਾ ਸਮਾਰੋਹ ਆਨ-ਲਾਈਨ ਕਰਵਾਏ ਜਾਣ ਦੀ ਅਪੀਲ ਕੀਤੀ ਸੀ।
ਨਾਗਰਿਕਤਾ ਟੈਸਟ ਅਤੇ ਇੰਟਰਵਿਊ ਨੂੰ ਹਾਲ ਦੀ ਘੜੀ ਅੱਗੇ ਪਾਇਆ ਗਿਆ ਹੈ:
ਬੇਸ਼ਕ ਨਾਗਰਿਕਤਾ ਸਮਾਰੋਹ ਹੁਣ ਆਨ-ਲਾਈਨ ਕੀਤੇ ਜਾਣਗੇ ਪਰ ਨਾਗਰਿਕਤਾ ਟੈਸਟ ਅਤੇ ਇੰਟਰਵਿਊ ਦੇਣ ਵਾਲਿਆਂ ਨੂੰ ਅਜੇ ਕੁੱਝ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ।
ਆਸਟ੍ਰੇਲੀਆ ਦੀ ਨਾਗਰਿਕਤਾ ਵਾਸਤੇ ਬਿਨੇ ਪੱਤਰ ਲਏ ਜਾ ਰਹੇ ਹਨ:
ਮੰਤਰੀ ਸ਼੍ਰੀ ਟੱਜ ਅਨੁਸਾਰ,"ਇਹਨਾਂ ਸਾਰੇ ਕਾਰਜਾਂ ਲਈ ਸਮਾਜਿਕ ਦੂਰੀਆਂ ਵਾਲੀ ਬੰਦਿਸ਼ ਖਤਮ ਹੋਣ ਤੋਂ ਬਾਅਦ ਵਧੇਰੇ ਕਰਮਚਾਰੀ ਨਿਯੁਕਤ ਕੀਤੇ ਜਾਣਗੇ।"
2019-20 ਦੌਰਾਨ 1 ਲੱਖ 57 ਹਜਾਰ ਲੋਕਾਂ ਨੂੰ ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਜੋਕਿ ਉਸ ਤੋਂ ਪਿਛਲੇ ਸਾਲ ਨਾਲੋਂ ਤਕਰੀਬਨ 70% ਜਿਆਦਾ ਹੈ।
*ਨਾਮ ਬਦਲਿਆ ਗਿਆ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।