ਇੱਕ ਥਿੰਕ ਟੈਂਕ ਵੱਲੋਂ ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਜਨਸੰਖਿਆ ਵਿੱਚ ਕਮੀ ਨੂੰ ਰੋਕਣ ਲਈ ਇਹਨਾਂ ਇਲਾਕਿਆਂ ਵਿੱਚ ਹਰੇਕ ਸਾਲ ਤਿੰਨ ਹਾਜ਼ਰ ਵਾਧੂ ਪ੍ਰਵਾਸੀਆਂ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ।
ਰੀਜਨਲ ਆਸਟ੍ਰੇਲੀਆ ਇੰਸਟੀਟਿਊਟ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਜਾਰੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਦੇਸ਼ ਭਰ ਵਿੱਚ 150 ਤੋਂ ਵੱਧ ਸਥਾਨਿਕ ਸਰਕਾਰੀ ਪੇਂਡੂ ਇਲਾਕਿਆਂ ਵਿੱਚ ਆਸਟ੍ਰੇਲੀਆ ਵਿੱਚ ਜੰਮੇ ਲੋਕਾਂ ਦੀ ਗਿਣਤੀ ਘਟ ਰਹੀ ਹੈ।
ਜਨਸੰਖਿਆ ਵਿੱਚ ਇਸ ਕਮੀ ਕਾਰਨ ਇਹਨਾਂ ਇਲਾਕਿਆਂ ਵਿੱਚ ਕਾਮਿਆਂ ਦੀ ਕਮੀ ਹੋ ਰਹੀ ਹੈ। ਇੰਸਟੀਟਿਊਟ ਦਾ ਕਹਿਣਾ ਹੈ ਕਿ ਮੌਜੂਦਾ ਸਮੇ ਵਿੱਚ ਕੋਈ ਅਜਿਹਾ ਸੰਸਥਾਤਮਿਕ ਢੰਗ ਤਰੀਕਾ ਨਹੀਂ ਹੈ ਜਿਸ ਨਾਲ ਕਿ ਪਰਵਾਸੀ ਪੇਂਡੂ ਕਾਰੋਬਾਰੀਆਂ ਨਾਲ ਜੁੜ ਸਕਣ।
ਹਾਲਾਂਕਿ ਆਸਟ੍ਰੇਲੀਆ ਭਰ ਵਿੱਚ ਕਈ ਖੇਤਰੀ ਮਾਈਗ੍ਰੇਸ਼ਨ ਪ੍ਰੋਜੈਕਟ ਕਾਮਯਾਬ ਹੋਏ ਹਨ ਜਿਨ੍ਹਾਂ ਵਿੱਚ ਛੋਟੇ ਕਸਬਿਆਂ ਦੀ ਜਨਸੰਖਿਆ 15 ਫੀਸਦੀ ਤੱਕ ਵੱਧ ਗਈ। ਪਰੰਤੂ ਇਹ ਕੁਝ ਇੱਕ ਥਾਵਾਂ ਤੱਕ ਹੀ ਸੀਮਿਤ ਰਹੇ।
ਇੰਸਟੀਟਿਊਟ ਦੇ ਕਾਰਜਾਕਰੀ ਮੁਖੀ ਜੈਕ ਅਰਚਰ ਨੇ ਕਿਹਾ: "ਹੁਣ ਲੋੜ ਹੈ ਕਿ ਇਹਨਾਂ ਕੜੀਆਂ ਨੂੰ ਜੋੜਿਆ ਜਾਵੇ ਤਾਂ ਜੋ ਹੋਰ ਖੇਤਰੀ ਇਲਾਕੇ ਵੀ ਪਰਵਾਸੀ ਸੈਟਲਮੈਂਟ ਪ੍ਰੋਗਰਾਮ ਦਾ ਲਾਹਾ ਲੈ ਸਕਣ। "
ਓਹਨਾ ਨੇ ਵਿਕਟੋਰੀਆ ਦੇ ਪਿਰਾਮਿਡ ਹਿੱਲ ਦੀ ਉਦਾਹਰਣ ਦਿੱਤੀ ਜਿਸਦੀ ਕੁੱਲ 550 ਦੀ ਅਬਾਦੀ ਵਿਚੋਂ ਤਕਰੀਬਨ 100 ਫਿਲੀਪੀਨੀ ਹਨ।
ਕਈ ਸਾਲਾਂ ਦੌਰਾਨ ਪਹਿਲੀ ਵਾਰ ਇਥੇ ਨਵੇਂ ਘਰ ਉਸਾਰੇ ਜਾ ਰਹੇ ਹਨ, ਸਕੂਲ ਵੱਡੇ ਕੀਤੇ ਗਏ ਹਨ ਅਤੇ ਇੱਕ ਫਿਲੀਪੀਨੀ ਪੰਸਾਰੀ ਦੀ ਦੁਕਾਨ ਵੀ ਖੁਲੀ ਹੈ।
ਇੰਸਟੀਟਿਊਟ ਸਰਕਾਰ ਨੂੰ ਪੇਂਡੂ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਪੂਰੀ ਕਰਨ ਦੇ ਨਵੇਂ ਤਰੀਕੇ ਅਖਤਿਆਰ ਕਰਨ ਦੀ ਸਲਾਹ ਦੇ ਰਿਹਾ ਹੈ ਜਿਸ ਵਿੱਚ ਪ੍ਰਵਾਸੀਆਂ ਨੂੰ ਇਹਨਾਂ ਥਾਵਾਂ ਤੇ ਵਸਣ ਲਈ ਉਤਸਾਹਿਤ ਕਰਨਾ ਸ਼ਾਮਿਲ ਹੈ।
ਮਿਸਟਰ ਆਰਚਰ ਨੇ ਕਿਹਾ :"ਇਹ ਪੇਂਡੂ ਇਲਾਕਿਆਂ ਦੀ ਇਸ ਰਾਸ਼ਟਰੀ ਸਮੱਸਿਆ ਦਾ ਹੱਲ ਕਾਰਨ ਦਾ ਮੌਕਾ ਹੈ। "
ਇੰਸਟੀਟਿਊਟ ਇਸ ਰਿਪੋਰਟ ਨੂੰ ਕੈਨਬੇਰਾ ਵਿੱਚ ਉਪ ਪ੍ਰਧਾਨਮੰਤਰੀ ਮਾਇਕਲ ਮੇਕੋਰਮਕ ਅਤੇ ਲੇਬਰ ਦੇ ਖੇਤੀਬਾੜੀ ਬੁਲਾਰੇ ਜੋਏਲ ਫਿਟਜ਼ਗਿਬਨ ਦੀ ਮੌਜੂਦਗੀ ਵਿੱਚ ਜਾਰੀ ਕਰੇਗਾ।