ਸਰਕਾਰ ਨੇ ਚਾਈਲਡ ਸਪੋਰਟ ਦੇ ਪੈਸੇ ਵਾਪਿਸ ਨਾ ਕਰਨ ਵਾਲਿਆਂ ਖਿਲਾਫ ਸਖ਼ਤ ਰੁਖ਼ ਅਪਣਾਉਂਦਿਆਂ ਦਸ ਮਿਲੀਅਨ ਡਾਲਰਜ਼ ਤੋਂ ਵੀ ਜਿਆਦਾ ਦੀ ਭਰਪਾਈ ਕੀਤੀ ਹੈ।
ਇਸ ਵਿੱਤ-ਵਰ੍ਹੇ ਦੇ ਪਹਿਲੇ ੧੦ ਮਹੀਨੇ ਵਿੱਚ ੩੫੮ ਲੋਕਾਂ ਨੂੰ ਕਰਜ਼ੇ ਦੀ ਰਕਮ ਵਾਪਿਸ ਕਰਨ ਲਈ ਆਖਿਆ ਗਿਆ ਤੇ ਕੁਝ ਪਰਿਵਾਰਾਂ ਨੂੰ ਇਸ ਤਰਾਹ ਨਾ ਕਰਨ ਦੀ ਸੂਰਤ ਵਿੱਚ ਏਅਰਪੋਰਟ ਤੋਂ ਵਾਪਿਸ ਭੇਜਦਿਆਂ ਦੇਸ਼ ਨਾ ਛੱਡਣ ਦਾ ਹੁਕਮ ਵੀ ਸੁਣਾਇਆ ਗਿਆ ਹੈ।
ਹਿਊਮਨ ਸਰਵਿਸਜ਼ ਮੰਤਰੀ ਮਾਈਕਲ ਕੀਨਨ ਨੇ ਸਕਾਈ ਨਿਊਜ਼ ਨਾਲ ਗੱਲ ਕਰਦਿਆਂ ਆਖਿਆ ਹੈ ਕਿ ਮਾਪਿਆਂ ਦੀ ਜ਼ਿੰਮੇਵਾਰੀ ਕਰਜ਼ੇ ਵਾਪਿਸ ਕਰਨਾ ਹੋਣੀ ਚਾਹੀਦੀ ਹੈ ਨਾਂਕਿ ਵਿਦੇਸ਼ ਯਾਤਰਾ - "ਅਸੀਂ ਇੱਕ ਪਰਿਵਾਰ ਤੋਂ ਮੌਕੇ ਤੇ ਹੀ ਸਾਢੇ ਤਿੰਨ ਲੱਖ ਡੋਲਰਜ਼ ਵਸੂਲੇ ਹਨ ਜੋ ਸਾਬਿਤ ਕਰਦਾ ਹੈ ਕਿ ਉਹ ਇਹ ਰਾਸ਼ੀ ਦੇਣ ਦੇ ਯੋਗ ਤਾਂ ਹਨ ਪਰ ਇਸ ਜਿੰਮੇਵਾਰੀ ਤੋਂ ਮੁਨਕਰ ਹਨ।"
ਇੱਕ ਹੋਰ ਵਿਅਕਤੀ ਜਿਸ ਦੇ ਪਰਿਵਾਰ ਸਿਰ ਸੱਠ ਹਜ਼ਾਰ ਡੋਲਰਜ਼ ਦਾ ਕਰਜ਼ਾ ਸੀ, ਨੂੰ ਵੀ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ। ਆਸਟ੍ਰੇਲੀਆ ਵਿੱਚ ਆਰਜ਼ੀ ਤੌਰ ਤੇ ਰਹਿੰਦਾ ਇਹ ਵਿਅਕਤੀ ਹਾਲ ਹੀ ਵਿੱਚ ਆਸਟ੍ਰੇਲੀਆ ਮੁੜਿਆ ਸੀ ਤੇ ਦੁਬਾਰਾ ਵਿਦੇਸ਼ ਜਾਣ ਦਾ ਚਾਹਵਾਨ ਸੀ।
ਮੰਤਰੀ ਮਾਈਕਲ ਕੀਨਨ ਨੇ ਕਿਹਾ ਕਿ ਅਗਰ ਪਰਿਵਾਰ ਵਿਦੇਸ਼ ਜਾਣ ਦਾ ਖਰਚਾ ਉਠਾ ਸਕਦਾ ਹੈ ਤਾਂ ਉਹ ਆਪਣੇ ਕਰਜ਼ੇ ਮੋੜਨ ਦੇ ਵੀ ਯੋਗ ਹੁੰਦਾ ਹੈ - "ਬਾਲੀ ਵਿੱਚ ਛੁੱਟੀਆਂ ਕੱਟਦੇ ਟੈਨਿੰਗ ਕਰਾਉਣ ਨਾਲੋਂ ਬੱਚਿਆਂ ਦੀ ਭਲਾਈ ਉਨ੍ਹਾਂ ਲਈ ਜਿਆਦਾ ਜਰੂਰੀ ਹੋਣੀ ਚਾਹੀਦੀ ਹੈ।"