ਫਸਟ ਹੋਮ ਓਨਰ ਗ੍ਰਾਂਟਸ ਨੂੰ ਆਸਟ੍ਰੇਲੀਅਨ ਲੋਕਾਂ ਲਈ ਆਪਣਾ ਪਹਿਲਾ ਘਰ ਖਰੀਦਣਾ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਪਰ ਕਈ ਅਰਥਸ਼ਾਸਤਰੀਆਂ ਦੇ ਅਨੁਸਾਰ ਇਨ੍ਹਾਂ ਸਬਸਿਡੀਆਂ ਕਰਕੇ ਲੋਕਾਂ ਲਈ ਆਪਣਾ ਪਹਿਲਾ ਘਰ ਖਰੀਦਣਾ ਪਹਿਲਾਂ ਨਾਲੋਂ ਹੋਰ ਮੁਸ਼ਕਲ ਬਣਦਾ ਜਾ ਰਿਹਾ ਹੈ।
ਆਸਟ੍ਰੇਲੀਆ ਇੰਸਟੀਚਿਊਟ ਦੇ ਇੱਕ ਸੀਨੀਅਰ ਅਰਥ ਸ਼ਾਸਤਰੀ, ਮੈਟ ਗਰੂਡਨੌਫ ਨੇ ਐਸ ਬੀ ਐਸ ਨੂੰ ਦੱਸਿਆ ਕਿ ਅਕਸਰ ਘਰਾਂ ਦੀ ਨਿਲਾਮੀ ਤੇ ਇਹ ਦੇਖਣ ਨੂੰ ਮਿਲਦਾ ਹੈ ਕਿ ਜੇ ਕਿਸੇ ਨੂੰ 30,000 ਡਾਲਰ ਦੀ ਗ੍ਰਾੰਟ ਮਿਲ਼ੀ ਹੈ ਤਾਂ ਘਰਾਂ ਦੀ ਨਿਲਾਮੀ ਵੀ 30,000 ਡਾਲਰ ਨਾਲ਼ ਵੱਧ ਜਾਂਦੀ ਹੈ।
2021 ਵਿੱਚ ਗਰੈਟਨ ਇੰਸਟੀਚਿਊਟ ਵੱਲੋਂ ਵੀ ਆਸਟ੍ਰੇਲੀਆ ਵਿੱਚ ਰਿਹਾਇਸ਼ੀ ਘਰ ਖਰੀਦਣ ਦੀ ਸਮਰੱਥਾ ਅਤੇ ਸਪਲਾਈ ਬਾਰੇ ਸੰਘੀ ਸੰਸਦੀ ਜਾਂਚ ਅੱਗੇ ਇਨ੍ਹਾਂ ਗ੍ਰਾਂਟਾ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਕਿ ਕਿਉਂਕਿ ਉਨ੍ਹਾਂ ਦੁਆਰਾ ਇਹ ਪਾਇਆ ਗਿਆ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਿਲਦੀਆਂ ਸਬਸਿਡੀਆਂ ਘਰਾਂ ਦੀਆਂ ਕੀਮਤਾਂ ਨੂੰ ਵਧਾ ਰਹੀਆਂ ਸਨ।
ਸ਼੍ਰੀ ਗਰੂਡਨੌਫ ਨੇ ਕਿਹਾ ਕਿ ਹਾਊਸਿੰਗ ਨੂੰ ਹੋਰ ਕਿਫਾਇਤੀ ਬਣਾਉਣ ਦੇ ਦੋ ਹੀ ਤਰੀਕੇ ਹਨ - ਜਾਂ ਤਾਂ ਤੁਸੀਂ ਰਿਹਾਇਸ਼ੀ ਘਰਾਂ ਦੀ ਮੰਗ ਨੂੰ ਘਟਾ ਸਕਦੇ ਹੋ ਤੇ ਜਾਂ ਘਰਾਂ ਦੀ ਸਪਲਾਈ ਵਿੱਚ ਹੋਰ ਵਾਧਾ ਕਰ ਸਕਦੇ ਹੋ।
ਵਿਕਟੋਰੀਅਨ ਸਰਕਾਰ ਆਪਣੇ ਫਸਟ ਹੋਮ ਓਨਰ ਗ੍ਰਾਂਟਸ ਨੂੰ ਖਤਮ ਕਰਨ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਦੀ ਬਜਾਏ ਸ਼ੇਅਰਡ ਇਕੁਇਟੀ ਸਕੀਮ ਨੂੰ ਪ੍ਰਫੁੱਲਤ ਕਰਨ ਵਿੱਚ ਇੱਛੁਕ ਹੈ।