ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਗ੍ਰੈਨੀ ਫਲੈਟਾਂ ਲਈ ਸੈਂਕੜੇ ਹਜ਼ਾਰਾਂ ਸੰਭਾਵਿਤ ਅਸਥਾਨ ਹਨ ਜੋ ਵੱਧਦੀ ਆਬਾਦੀ ਨੂੰ ਸਸਤੇ ਘਰ ਦਿਵਾਉਣ ਵਿੱਚ ਸਹਾਈ ਹੋ ਸਕਦੇ ਹਨ।
ਇੱਕ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕੇਵਲ ਬ੍ਰਿਸਬੇਨ, ਸਿਡਨੀ ਅਤੇ ਮੈਲਬਰਨ ਵਿੱਚ ਹੀ ਵਾਧੂ 655,000 ਸਵੈ-ਨਿਰਭਰ ਦੋ-ਬੈੱਡਰੂਮ ਦੇ ਗ੍ਰੈਨੀ ਫਲੈਟ ਬਣਾਏ ਜਾ ਸਕਦੇ ਹਨ।
ਆਸਟ੍ਰੇਲੀਆ ਵਿੱਚ ਨਵੇਂ ਘਰਾਂ ਦੀ ਉਸਾਰੀ 'ਚ ਕਮੀ, ਛੋਟੇ ਘਰਾਂ ਵੱਲ ਰੁਝਾਨ ਅਤੇ ਬਾਰਡਰਾਂ ਦੇ ਮੁੜ ਖੁੱਲ੍ਹਣ ਤੋਂ ਬਾਅਦ ਪ੍ਰਵਾਸ ਵਿੱਚ ਵਾਧੇ ਕਾਰਨ ਘਰਾਂ ਦੀ ਭਾਰੀ ਘਾਟ ਹੈ ਅਤੇ ਕਿਰਾਏ ਵਿੱਚ ਵੀ ਨਿਰੰਤਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਸਰਕਾਰੀ ਏਜੰਸੀ ਹਾਊਸਿੰਗ ਆਸਟ੍ਰੇਲੀਆ ਦੇ ਅੰਦਾਜ਼ੇ ਮੁਤਾਬਕ ਅਗਲੇ ਪੰਜ ਸਾਲਾਂ ਵਿੱਚ 106,300 ਘਰਾਂ ਦੀ ਘਾਟ ਦੀ ਭਵਿੱਖਬਾਣੀ ਕੀਤੀ ਹੈ।
ਦੱਖਣੀ ਆਸਟ੍ਰੇਲੀਆ ਸਰਕਾਰ ਨੇ ਇਸ ਘਾਟ ਨੂੰ ਪੂਰਾ ਕਰਨ ਲਈ ਪਹਿਲ ਕਦਮੀ ਕਰਦੇ ਹੋਏ ਨਵਾਂ ਕਾਨੂੰਨ ਪਾਸ ਕੀਤਾ ਹੈ ਜਿਸ ਅਧੀਨ ਸਥਾਨਕ ਕੌਂਸਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਘਰ ਦੇ ਮਾਲਕਾਂ ਨੂੰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਗ੍ਰੈਨੀ ਫਲੈਟ ਕਿਰਾਏ 'ਤੇ ਦੇਣ ਤੋਂ ਰੋਕ ਨਾ ਲਾ ਸਕਣ।