'ਫਾਈਂਡਰ' ਸੰਸਥਾ ਦੁਆਰਾ ਕੀਤੇ ਗਏ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਲਗਭੱਗ 30 ਪ੍ਰਤੀਸ਼ਤ ਲੋਕ ਬੱਚਿਆਂ ਨੂੰ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੀ ਸਟੇਸ਼ਨਰੀ ਅਤੇ ਵਰਦੀਆਂ ਵਰਗੇ ਜ਼ਰੂਰੀ ਖ਼ਰਚੇ ਕਰਣ ਵਿੱਚ ਅਸਮਰਥ ਹਨ।
ਇਨ੍ਹਾਂ ਖਰਚਿਆਂ ਨੂੰ ਪੂਰਾ ਕਰਣ ਲਈ ਕਰਜ਼ਾ ਚੁੱਕਣ ਵਾਲਿਆਂ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਸਰਵੇਖਣ ਵਿੱਚ ਪਾਇਆ ਗਿਆ ਕਿ ਤਕਰੀਬਨ 11 ਪ੍ਰਤੀਸ਼ਤ ਮਾਪਿਆਂ ਲਈ ਬੱਚਿਆਂ ਨੂੰ ਸਕੂਲ ਵਾਪਸ ਭੇਜਣ ਲਈ ਕਰਜ਼ਾ ਲੈਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਿਆ।
ਨੈਸ਼ਨਲ ਆਸਟ੍ਰੇਲੀਆ ਬੈਂਕ ਨੇ ਵੀ ਮੰਨਿਆ ਹੈ ਕਿ 2018 ਤੋਂ ਲੈ ਕੇ ਹੁਣ ਤੱਕ ਬੈਂਕ ਵਲੋਂ ਸਿੱਖਿਆ ਸਬੰਧੀ ਦਿੱਤੇ ਜਾ ਰਹੇ ਕਰਜ਼ਿਆਂ ਵਿੱਚ 73 ਫੀਸਦੀ ਦਾ ਵਾਧਾ ਹੋਇਆ ਹੈ।
ਆਸਟ੍ਰੇਲੀਅਨ ਬੱਚਿਆਂ ਦੀ ਸਕੂਲ ਵਾਪਸੀ ਵੇਲ਼ੇ ਸਟੇਸ਼ਨਰੀ, ਵਰਦੀਆਂ ਅਤੇ ਜੁੱਤੀਆਂ ਆਦਿ ਦੀ ਖਰੀਦਦਾਰੀ 'ਤੇ ਲੋਕ ਤਕਰੀਬਨ 2.5 ਬਿਲੀਅਨ ਡਾਲਰ ਖਰਚ ਕਰਦੇ ਹਨ।