ਲੇਬਰ ਅਸਥਾਈ ਪ੍ਰਵਾਸੀ ਕਾਮਿਆਂ, ਜਿਨ੍ਹਾਂ ਨੂੰ ਕੰਮ ਵਾਲੀਆਂ ਥਾਵਾਂ 'ਤੇ ਸਭ ਤੋਂ ਵੱਧ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਦੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਜਲਦੀ ਹੀ ਇਕ ਬਿਲ ਪੇਸ਼ ਕਰਨ ਜਾ ਰਹੀ ਹੈ।
ਤਿੰਨ ਸਾਲਾਂ ਦੀ ਸਮੀਖਿਆ ਤੋਂ ਬਾਅਦ ਸਰਕਾਰ ਨੇ ਇਹ ਇਸ਼ਾਰਾ ਦਿਤਾ ਹੈ ਕਿ ਫੇਅਰ ਵਰਕ ਐਕਟ, ਅਸਥਾਈ ਪ੍ਰਵਾਸੀ ਕਾਮਿਆਂ 'ਤੇ ਵੀ ਲਾਗੂ ਹੁੰਦਾ ਹੈ ਜਿਸ ਦਾ ਸਪਸ਼ਟੀਕਰਣ ਸਰਕਾਰ ਵਲੋਂ ਇੱਕ ਬਿਲ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ ਅਤੇ ਜਿਸ ਨਾਲ਼ ਇਨ੍ਹਾਂ ਅਸਥਾਈ ਪ੍ਰਵਾਸੀਆਂ ਦੇ ਕੰਮ ਵਾਲੀਆਂ ਥਾਵਾਂ 'ਤੇ ਆਸਟ੍ਰੇਲੀਅਨ ਨਾਗਰਿਕਾਂ ਦੇ ਬਰਾਬਰ ਦੇ ਹਕ਼ ਹੋ ਜਾਣਗੇ।
ਅਸਥਾਈ ਪ੍ਰਵਾਸੀ ਕਾਮੇ ਆਪਣਾ ਵੀਜ਼ਾ ਗੁਆਉਣ ਦੇ ਡਰ ਤੋਂ ਇਸ ਸੋਸ਼ਣ ਨੂੰ ਬਹੁਤ ਵਾਰੀ ਬਰਦਾਸ਼ਤ ਕਰ ਲੈਂਦੇ ਹਨ ਪਰ ਇਸ ਨੀਤੀ ਬਦਲਾਅ ਤੋਂ ਬਾਅਦ ਇਹ ਉਮੀਦ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੇ ਸੋਸ਼ਣ ਖ਼ਿਲਾਫ਼ ਲੜਨ ਲਈ ਤਾਕਤ ਮਿਲੇਗੀ।
ਵਰਕਪਲੇਸ ਰਿਲੇਸ਼ਨਜ਼ ਮੰਤਰੀ ਟੋਨੀ ਬਰਕ ਨੇ ਕਿਹਾ ਕਿ "ਇਨ੍ਹਾਂ ਕਾਮਿਆਂ ਨੂੰ ਅਕਸਰ ਕੰਮ 'ਤੇ ਆਪਣੇ ਅਧਿਕਾਰਾਂ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਅਤੇ ਇਨਾ ਮਾਮਲਿਆਂ ਵਿੱਚ ਇਹ ਕਿਸੇ ਤੋਂ ਸਲਾਹ ਲੈਣ ਤੋਂ ਵੀ ਸੰਕੋਚ ਕਰਦੇ ਹਨ ਪਰ ਇਸ ਬਿਲ ਰਾਹੀਂ ਇਨ੍ਹਾਂ ਨੂੰ ਸੋਸ਼ਣ ਖ਼ਿਲਾਫ਼ ਲੜਨ ਲਈ ਇਕ ਮਹੱਤਵਪੂਰਨ ਵਿਕਲਪ ਮਿਲੇਗਾ।"